ਦਰਦਨਾਕ ! ਸੜਕ ਹਾਦਸੇ ‘ਚ ਐਕਟਿਵਾ ‘ਤੇ ਸਵਾਰ ਤਿੰਨ ਭੈਣਾਂ ‘ਚੋਂ ਇਕ ਦੀ ਮੌਤ, 2 ਜ਼ਖਮੀ

0
817

ਕਪੂਰਥਲਾ | ਪਿੰਡ ਭੀਲਾ ਨੇੜੇ ਸ਼ਨੀਵਾਰ ਸਵੇਰੇ ਸੰਘਣੀ ਧੁੰਦ ਕਾਰਨ ਇੱਕ ਐਕਟਿਵਾ ਅਤੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ‘ਚ ਐਕਟਿਵਾ ‘ਤੇ ਸਵਾਰ ਤਿੰਨ ਭੈਣਾਂ ‘ਚੋਂ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋ ਹੋਰਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੋਂ ਇੱਕ ਨੂੰ ਗੰਭੀਰ ਹਾਲਤ ਵਿੱਚ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਇੱਕ ਭੈਣ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ।

ਜਾਣਕਾਰੀ ਅਨੁਸਾਰ ਪਿੰਡ ਮਹਿਮਦਵਾਲ ਦੀਆਂ ਰਹਿਣ ਵਾਲੀਆਂ 3 ਭੈਣਾਂ ਅਮਨਦੀਪ ਕੌਰ, ਕਮਲਦੀਪ ਕੌਰ ਅਤੇ ਪਵਨਦੀਪ ਕੌਰ ਆਈਟੀਸੀ ਕੰਪਨੀ ਵਿੱਚ ਕੰਮ ਕਰਦੀਆਂ ਹਨ। ਸ਼ਨੀਵਾਰ ਸਵੇਰੇ ਉਹ ਰੋਜ਼ਾਨਾ ਦੀ ਤਰ੍ਹਾਂ ਐਕਟਿਵਾ ‘ਤੇ ਸਵਾਰ ਹੋ ਕੇ ਆਈਟੀਸੀ ਕੰਪਨੀ ‘ਚ ਕੰਮ ‘ਤੇ ਜਾ ਰਹੀਆਂ ਸਨ । ਧੁੰਦ ਕਾਰਨ ਪਿੰਡ ਭੀਲਾ ਨੇੜੇ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਮੌਕੇ ‘ਤੇ ਮੌਜੂਦ ਰਾਹਗੀਰਾਂ ਨੇ 108 ‘ਤੇ ਫੋਨ ਕਰ ਕੇ ਐਂਬੂਲੈਂਸ ਨੂੰ ਬੁਲਾਇਆ। ਤਿੰਨਾਂ ਭੈਣਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਵਾਰਡ ਵਿੱਚ ਲਿਆਂਦਾ ਗਿਆ। ਪੀਐੱਮਟੀ ਮਨਦੀਪ ਸਿੰਘ ਅਤੇ ਐਂਬੂਲੈਂਸ ਦੇ ਪਾਇਲਟ ਤਰਸੇਮ ਸਿੰਘ ਉਨ੍ਹਾਂ ਨਾਲ ਪੁੱਜੇ।

ਐਮਰਜੈਂਸੀ ਵਾਰਡ ਵਿੱਚ ਡਿਊਟੀ ’ਤੇ ਤਾਇਨਾਤ ਡਾਕਟਰ ਨਵਦੀਪ ਸਿੰਘ ਨੇ ਇੱਕ ਭੈਣ ਅਮਨਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਕਮਲਦੀਪ ਕੌਰ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਤੀਜੀ ਜ਼ਖ਼ਮੀ ਔਰਤ ਪਵਨਦੀਪ ਕੌਰ ਦਾ ਇਲਾਜ ਸਿਵਲ ਹਸਪਤਾਲ ਕਪੂਰਥਲਾ ਵਿਖੇ ਚੱਲ ਰਿਹਾ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੋਤਵਾਲੀ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਮ੍ਰਿਤਕ ਔਰਤ ਅਮਨਦੀਪ ਕੌਰ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ। ਹਾਦਸੇ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।