ਲੁਧਿਆਣਾ : ਪੁਲਿਸ ਨੇ 5 ਨਸ਼ਾ ਤਸਕਰ ਕੀਤੇ ਗ੍ਰਿਫਤਾਰ, 535 ਗ੍ਰਾਮ ਹੈਰੋਇਨ, 5 ਕਿਲੋ ਅਫੀਮ ਤੇ 55 ਹਜ਼ਾਰ ਦੀ ਡਰੱਗ ਮਨੀ ਕੀਤੀ ਬਰਾਮਦ

0
353

ਲੁਧਿਆਣਾ | ਪੁਲਿਸ ਨੇ ਤਿੰਨ ਵੱਖ-ਵੱਖ ਮਾਮਲਿਆਂ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 535 ਗ੍ਰਾਮ ਹੈਰੋਇਨ, 5 ਕਿਲੋ ਅਫੀਮ ਅਤੇ 55 ਹਜ਼ਾਰ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲਿਸ ਮੁਤਾਬਕ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਹੈ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬਲਜੀਤ ਸਿੰਘ ਉਰਫ਼ ਲੱਕੀ ਵਾਸੀ ਮੁਹੱਲਾ ਗੋਬਿੰਦ ਨਗਰ, ਸ਼ਿਮਲਾਪੁਰੀ ਨੂੰ ਸੋਮਵਾਰ ਨੂੰ ਢਿੱਲੋਂ ਨਗਰ, ਲੋਹਾਰਾ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ ਅਤੇ ਪੁਲਿਸ ਨੇ 20 ਪਾਰਦਰਸ਼ੀ ਖ਼ਾਲੀ ਪਾਊਚ, ਇਕ ਵਜ਼ਨ 265 ਗ੍ਰਾਮ ਹੈਰੋਇਨ ਸਮੇਤ ਬਰਾਮਦ ਕੀਤੀ ਹੈ | ਮੁਲਜ਼ਮ ਦੇ ਕਬਜ਼ੇ ’ਚੋਂ 25 ਹਜ਼ਾਰ ਦੀ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਮੁਲਜ਼ਮ ਖ਼ਿਲਾਫ਼ ਥਾਣਾ ਡਾਬਾ ਵਿਖੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
270 ਗ੍ਰਾਮ ਹੈਰੋਇਨ ਬਰਾਮਦ
ਇੱਕ ਹੋਰ ਮਾਮਲੇ ਵਿੱਚ ਪੁਲਿਸ ਨੇ ਨਸ਼ਾ ਤਸਕਰੀ ਦੇ ਦੋਸ਼ ਵਿੱਚ ਨਿਊ ਜਨਤਾ ਨਗਰ ਲੁਧਿਆਣਾ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਸ਼ਪਾਲ ਸਿੰਘ ਉਰਫ਼ ਹਨੀ ਵਾਸੀ ਮੁਹੱਲਾ ਗੋਬਿੰਦ ਨਗਰ ਅਤੇ ਕੁਲਜੀਤ ਸਿੰਘ ਉਰਫ਼ ਸੈਮੀ ਵਾਸੀ ਕਲਗੀਧਰ ਮਾਰਗ ਸ਼ਿਮਲਾਪੁਰੀ, ਲੁਧਿਆਣਾ ਵਜੋਂ ਹੋਈ ਹੈ।

ਚੈਕਿੰਗ ਦੌਰਾਨ ਪੁਲਿਸ ਨੇ ਮੁਲਜ਼ਮਾਂ ਕੋਲੋਂ 270 ਗ੍ਰਾਮ ਹੈਰੋਇਨ, ਨਸ਼ੀਲਾ ਪਦਾਰਥ, 30 ਹਜ਼ਾਰ ਰੁਪਏ ਦੀ ਨਕਦੀ, 50 ਖਾਲੀ ਪਾਊਚ ਅਤੇ ਇੱਕ ਕਾਂਟਾ ਬਰਾਮਦ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਆਪਣੇ ਗਾਹਕਾਂ ਨੂੰ ਨਸ਼ੀਲੇ ਪਦਾਰਥ ਵੇਚਣ ਦੀ ਉਡੀਕ ਕਰ ਰਹੇ ਸਨ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।
ਮੁਲਜ਼ਮਾਂ ਖ਼ਿਲਾਫ਼ ਥਾਣਾ ਸ਼ਿਮਲਾਪੁਰੀ ਵਿੱਚ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਰਸ਼ਪਾਲ ਸਿੰਘ ਪਹਿਲਾਂ ਹੀ ਜਨਵਰੀ 2021 ਵਿੱਚ ਡਰੱਗ ਤਸਕਰੀ ਦੇ ਇੱਕ ਕੇਸ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ।
ਪੰਜ ਕਿੱਲੋ ਅਫੀਮ ਸਮੇਤ ਦੋ ਕਾਬੂ
ਥਾਣਾ ਸਦਰ ਦੀ ਪੁਲਿਸ ਨੇ 5 ਕਿਲੋ ਅਫੀਮ ਸਮੇਤ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਮਨਪ੍ਰੀਤ ਸਿੰਘ ਉਰਫ ਚੋਹਲਾ (25) ਅਤੇ ਪ੍ਰਕਾਸ਼ ਸਿੰਘ ਉਰਫ ਬਾਦਲ (57) ਵਾਸੀ ਪਿੰਡ ਪੰਨੀ ਵਾਲਾ ਫੱਤਾ, ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਇੱਕ ਸੂਚਨਾ ਦੇ ਆਧਾਰ ’ਤੇ ਖੇੜੀ ਚੌਕ ਨੇੜੇ ਨਾਕਾ ਲਾਇਆ ਹੋਇਆ ਸੀ। ਪੁਲਿਸ ਟੀਮ ਨੇ ਮੋਟਰਸਾਈਕਲ ’ਤੇ ਇਲਾਕੇ ਵਿੱਚੋਂ ਲੰਘ ਰਹੇ ਮੁਲਜ਼ਮਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਉਥੇ ਹੀ ਰੁਕਣ ਦੀ ਬਜਾਏ ਦੋਸ਼ੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਟੀਮ ਨੇ ਉਨ੍ਹਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ‘ਚੋਂ 5 ਕਿਲੋ ਅਫੀਮ ਬਰਾਮਦ ਕੀਤੀ।

ਟੀਮ ਨੇ ਮੋਟਰਸਾਈਕਲ ਵੀ ਜ਼ਬਤ ਕਰ ਲਿਆ। ਮੁਲਜ਼ਮ ਰਮਨਪ੍ਰੀਤ ਖ਼ਿਲਾਫ਼ ਪਹਿਲਾਂ ਵੀ ਸ੍ਰੀ ਮੁਕਤਸਰ ਸਾਹਿਬ ਵਿੱਚ ਕੁੱਟਮਾਰ ਦਾ ਕੇਸ ਦਰਜ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 18, 61 ਅਤੇ 85 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।