ਫਿਰੋਜ਼ਪੁਰ | ਆਏ ਦਿਨ ਜ਼ਮੀਨੀ ਝਗੜਿਆਂ ਕਾਰਨ ਕੁੱਟਮਾਰ ਅਤੇ ਜ਼ਮੀਨ ‘ਤੇ ਕਬਜ਼ੇ ਕਰਨ ਦੀਆਂ ਖਬਰਾਂ ਸੁਰਖੀਆਂ ਵਿੱਚ ਆਉਂਦੀਆਂ ਰਹਿੰਦੀਆਂ ਹਨ । ਇਸੇ ਤਰ੍ਹਾਂ ਹੀ ਫ਼ਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਵਿੱਚ ਵਿਧਵਾ ਔਰਤ ਨਾਲ ਜ਼ਮੀਨ ਨੂੰ ਲੈ ਕੇ ਚਲਦੇ ਝਗੜੇ ਦੌਰਾਨ ਘਰ ਅੰਦਰ ਵੜ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।
ਜ਼ਿਲਾ ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਬੱਗੇ ਕੇ ਪਿੱਪਲ ਵਿਖੇ ਇੱਕ ਵਿਧਵਾ ਔਰਤ ਨਿੰਦਰ ਕੌਰ ਦੀ ਜ਼ਮੀਨੀ ਝਗੜੇ ਕਾਰਨ ਗੁਆਂਢ ਰਹਿੰਦੇ ਕੁੱਝ ਲੋਕਾਂ ਵੱਲੋਂ ਘਰ ਦਾਖਲ ਹੋ ਕੇ ਕੁੱਟਮਾਰ ਕੀਤੀ ਗਈ ਅਤੇ ਸੱਟਾਂ ਮਾਰੀਆਂ ਗਈਆਂ। ਪੀੜਤ ਨਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ‘ਚ ਰਹਿੰਦੇ ਰਣਜੀਤ ਸਿੰਘ ਵਗੈਰਾ ਨਾਲ ਜ਼ਮੀਨ ਦਾ ਝਗੜਾ ਚਲਦਾ ਹੈ। ਉਨ੍ਹਾਂ ਦੀ 10 ਮਰਲੇ ਮਾਲਕੀ ਜ਼ਮੀਨ ਹੈ, ਜਿਸ ‘ਤੇ ਉਹ ਕਬਜ਼ਾ ਕਰਨਾ ਚਾਹੁੰਦੇ ਹਨ। ਅਸੀਂ ਘਰ ਦੇ ਵਿਚ ਹਾਜ਼ਰ ਨਹੀਂ ਸੀ ਤਾਂ ਉਨ੍ਹਾਂ ਨੇ ਸਾਡੇ ਜਾਣ ਮਗਰੋਂ ਦੀਵਾਰ ਬਣਾ ਲਈ ਸੀ। ਜਦ ਅਸੀਂ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਸਾਡੇ ਘਰ ਦੇ ਅੰਦਰ ਦਾਖਲ ਹੋ ਕੇ ਮੇਰੀ ਅਤੇ ਮੇਰੀ ਸੱਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਜਾਤੀ ਪ੍ਰਤੀ ਵੀ ਸ਼ਬਦ ਬੋਲੇ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਨਸਾਫ ਦੁਆਇਆ ਜਾਵੇ।
ਜਦ ਇਸ ਮਾਮਲੇ ਸਬੰਧੀ ਥਾਣਾ ਮੁੱਖੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਬੱਗੇ ਕੇ ਪਿੱਪਲ ਦੀ ਰਹਿਣ ਵਾਲੀ ਨਿੰਦਰ ਕੌਰ ਨਾਲ ਜ਼ਮੀਨੀ ਝਗੜੇ ਕਾਰਨ ਉਨ੍ਹਾਂ ਦੇ ਗੁਆਂਢ ਰਹਿੰਦੇ ਕੁੱਝ ਲੋਕਾਂ ਵੱਲੋਂ ਮਾਰਕੁੱਟ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਜਾਰੀ ਹੈ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।