ਸੰਗਰੂਰ/ਲਹਿਰਾਗਾਗਾ | ਹਲਕਾ ਦਿੜ੍ਹਬਾ ਦੇ ਇਕ ਗਰੀਬ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ, ਜਿਸ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਡਸਕਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਉਸ ਕੋਲ ਬਹੁਤ ਘੱਟ ਜ਼ਮੀਨ ਸੀ, ਜਿਸ ਕਾਰਨ ਉਸ ਨੇ ਆਪਣੇ ਸਿਰ ਚੜ੍ਹੇ ਕਰਜ਼ੇ ਨੂੰ ਲਾਉਣ ਜ਼ਮੀਨ ਨੂੰ ਠੇਕੇ ‘ਤੇ ਦਿੱਤਾ ਸੀ ਅਤੇ ਉਸ ‘ਤੇ ਝੋਨੇ ਦੀ ਫ਼ਸਲ ਬੀਜੀ ਸੀ ਪਰ ਝਾੜ ਘੱਟ ਨਿਕਲਣ ਅਤੇ ਖਰਚਾ ਵੱਧ ਹੋਣ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗ ਗਿਆ ਸੀ। ਇਸੇ ਪ੍ਰੇਸ਼ਾਨੀ ਚ ਬੀਤੀ ਰਾਤ ਜ਼ਹਿਰੀਲੀ ਦਵਾਈ ਪੀ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਕਿਸਾਨ ਦੇ ਸਿਰ 10 ਲੱਖ ਦਾ ਕਰਜ਼ਾ ਸੀ।
ਮ੍ਰਿਤਕ ਕਿਸਾਨ ਆਪਣੇ ਪਿੱਛੇ ਪਤਨੀ ਤੇ ਚਾਰ ਸਾਲਾ ਧੀ ਨੂੰ ਛੱਡ ਗਿਆ ਹੈ। ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਹਲਕਾ ਦਿੜ੍ਹਬਾ ਦੇ ਬਲਾਕ ਪ੍ਰਧਾਨ ਦਲਜੀਤ ਸਿੰਘ ਜੇਜੀ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਸੰਭਵ ਹੋਇਆ ਪਰਿਵਾਰ ਦੀ ਮਦਦ ਕੀਤੀ ਜਾਵੇਗੀ ।





































