ਭਾਗਲਪੁਰ| ਕਰਵਾ ਚੌਥ ‘ਤੇ ਇਕ ਪਤੀ ਨੇ ਆਪਣੀ ਘਰਵਾਲੀ ਨੂੰ ਅਜਿਹਾ ਤੋਹਫਾ ਦਿੱਤਾ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਇਹ ਅਜੀਬ ਮਾਮਲਾ ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਦੇ ਸੁਲਤਾਨਗੰਜ ਇਲਾਕੇ ਦੇ ਗਗਨੀਆ ਦਾ ਹੈ, ਜਿਥੇ ਕਰਵਾ ਚੌਥ ਮੌਕੇ ਪਤੀ ਨੇ ਆਪਣੀ ਘਰਵਾਲੀ ਦਾ ਉਸ ਦੇ ਪ੍ਰੇਮੀ ਨਾਲ ਵਿਆਹ ਕਰਵਾ ਦਿੱਤਾ। ਪਤੀ ਨੇ ਸੱਤ ਜਨਮਾਂ ਦਾ ਵਾਅਦਾ ਵਾਪਸ ਲੈਂਦਿਆਂ ਉਸ ਨੂੰ ਪ੍ਰੇਮੀ ਕੋਲ ਭੇਜ ਦਿੱਤਾ। ਇਹ ਇਤਿਹਾਸਕ ਫੈਸਲਾ ਪਿੰਡ ਦੀ ਅਦਾਲਤ ਵਿੱਚ ਹੋਇਆ। ਇਸ ਵਿਆਹ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।
ਜਾਣਕਾਰੀ ਅਨੁਸਾਰ ਗੰਗਾਨੀਆ ਵਾਸੀ ਸ਼ਰਵਣ ਕੁਮਾਰ ਦਾ ਵਿਆਹ ਸਾਲ 2012 ਵਿੱਚ ਬਾਂਕਾ ਦੇ ਫੁੱਲੀਦੁਮਾਰ ਵਾਸੀ ਪੂਜਾ ਨਾਲ ਹੋਇਆ ਸੀ। ਪੂਜਾ ਨੂੰ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਗੁਆਂਢ ‘ਚ ਰਹਿਣ ਵਾਲੇ ਛੋਟੂ ਨਾਂ ਦੇ ਨੌਜਵਾਨ ਨਾਲ ਪਿਆਰ ਹੋ ਗਿਆ। ਕਈ ਵਾਰ ਪਿੰਡ ਵਾਲਿਆਂ ਨੇ ਪੂਜਾ ਨੂੰ ਛੋਟੂ ਨਾਲ ਵੀ ਦੇਖਿਆ ਸੀ। ਸਮਾਂ ਹੌਲੀ-ਹੌਲੀ ਲੰਘਦਾ ਗਿਆ। ਇਸ ਦੌਰਾਨ ਪੂਜਾ 4 ਬੱਚਿਆਂ ਦੀ ਮਾਂ ਬਣ ਗਈ। ਸ਼ੁਰੂ ‘ਚ ਸ਼ਰਵਣ ਨੇ ਪੂਜਾ ਨੂੰ ਬਹੁਤ ਸਮਝਾਇਆ ਪਰ ਉਸ ‘ਤੇ ਕੋਈ ਅਸਰ ਨਹੀਂ ਹੋਇਆ।
ਪੂਜਾ ਛੋਟੂ ਨਾਲ ਪਿਛਲੇ ਹਫਤੇ ਘਰੋਂ ਭੱਜ ਗਈ ਸੀ। ਪਤੀ ਸ਼ਰਵਣ ਕੁਮਾਰ ਨੇ ਨਜ਼ਦੀਕੀ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਹੈ। ਇਸ ਮਾਮਲੇ ਸਬੰਧੀ ਪਿੰਡ ਦੀ ਅਦਾਲਤ ਵਿੱਚ ਸੁਣਵਾਈ ਹੋਈ। ਪੂਜਾ ਨੇ ਛੋਟੂ ਨਾਲ ਜਿਊਣ ਅਤੇ ਮਰਨ ਦੀ ਗੱਲ ਕੀਤੀ, ਜਿਸ ਤੋਂ ਬਾਅਦ ਪਤੀ ਨੇ ਪੂਜਾ ਨੂੰ ਆਪਣੇ ਪ੍ਰੇਮੀ ਛੋਟੂ ਨਾਲ ਰਹਿਣ ਦੀ ਇਜਾਜ਼ਤ ਦੇ ਦਿੱਤੀ।