ਬੇਖੌਫ ਲੁਟੇਰੇ ਥਾਣੇ ਦੇ ਬਾਹਰੋਂ ਔਰਤ ਤੋਂ ਚੇਨ ਖੋਹ ਕੇ ਫਰਾਰ

0
411

ਲੁਧਿਆਣਾ| ਖੰਨਾ ‘ਚ ਲੁਟੇਰੇ ਬੇਖੌਫ ਹੋ ਕੇ ਵਾਰਦਾਤਾਂ ਕਰ ਰਹੇ ਹਨ। ਕਰਵਾ ਚੌਥ ਦੇ ਦਿਨ ਤਾਂ ਲੁਟੇਰਿਆਂ ਨੇ ਥਾਣੇ ਦੇ ਬਾਹਰ ਹੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਵਰਤ ਲਈ ਕਰਵਾ ਲੈ ਕੇ ਆ ਰਹੀ ਸਰਕਾਰੀ ਅਧਿਆਪਕਾ ਉਪਰ ਹਮਲਾ ਕਰ ਕੇ ਸੋਨੇ ਦੀ ਚੇਨੀ ਖੋਹੀ ਗਈ। ਦੋ ਮੋਟਰਸਾਈਕਲਾਂ ਉਪਰ ਸਵਾਰ 4 ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਵਾਰਦਾਤ ਮਗਰੋਂ ਅਧਿਆਪਕਾ ਬੇਹੋਸ਼ ਹੋ ਗਈ, ਜਿਸ ਨੂੰ ਹਸਪਤਾਲ ‘ਚ ਦਾਖਲ ਕਰਾਉਣਾ ਪਿਆ। ਇਕ ਘੰਟੇ ਮਗਰੋਂ ਉਸ ਨੂੰ ਹੋਸ਼ ਆਇਆ। ਇਲਾਜ ਲਈ ਅਧਿਆਪਕਾ ਨੂੰ ਆਪਣਾ ਵਰਤ ਤੋੜਨਾ ਪਿਆ।

ਖੰਨਾ ਦੇ ਪੀਰਖਾਨਾ ਰੋਡ ਉਪਰ ਨਿੱਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਅਧਿਆਪਕਾ ਸੁਨੀਤਾ ਰਾਣੀ ਨੇ ਦੱਸਿਆ ਕਿ ਉਹ ਕਰਵਾ ਚੌਥ ਦੇ ਵਰਤ ਦਾ ਸਾਮਾਨ ਲੈ ਕੇ ਵਾਪਸ ਘਰ ਆ ਰਹੀ ਸੀ। ਜਿਵੇਂ ਹੀ ਉਹ ਸਿਟੀ ਥਾਣੇ ਦੇ ਬਾਹਰਲੇ ਪਾਸੇ ਘਰ ਵੱਲ ਜਾ ਰਹੀ ਸੀ ਤਾਂ ਇਸੇ ਦੌਰਾਨ ਉਸ ਦਾ ਪਿੱਛਾ ਕਰ ਰਹੇ ਮੋਟਰਸਾਇਕਲ ਸਵਾਰ ਲੁਟੇਰਿਆਂ ਚੋਂ ਇਕ ਨੇ ਆ ਕੇ ਉਸ ਨੂੰ ਧੱਕਾ ਮਾਰਿਆ ਅਤੇ ਚੇਨੀ ਨੂੰ ਹੱਥ ਪਾ ਲਿਆ। ਉਸ ਨੇ ਚੇਨੀ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰੇ ਨੇ ਉਸ ਨੂੰ ਲੱਤ ਮਾਰ ਕੇ ਸੁੱਟ ਦਿੱਤਾ ਅਤੇ ਚੇਨੀ ਖੋਹ ਕੇ ਫਰਾਰ ਹੋ ਗਏ। ਇਸ ਉਪਰੰਤ ਉਹ ਬੇਹੋਸ਼ ਹੋ ਕੇ ਡਿੱਗ ਗਈ ਅਤੇ ਉਸਨੂੰ ਹਸਪਤਾਲ ਦਾਖਲ ਕਰਾਇਆ ਗਿਆ। ਸੁਨੀਤਾ ਦੀ ਰਿਸ਼ਤੇਦਾਰ ਪਰਮਜੀਤ ਕੌਰ ਨੇ ਦੱਸਿਆ ਕਿ ਸਿਟੀ ਥਾਣੇ ਦੇ ਨਾਲ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸੁਨੀਤਾ ਨੇ ਚੇਨੀ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤ ਪਰ ਲੁਟੇਰੇ ਹਮਲਾ ਕਰ ਕੇ ਚੈਨੀ ਖੋਹ ਕੇ ਫਰਾਰ ਹੋ ਗਏ। ਲੁਟੇਰਿਆਂ ਦੀ ਗਿਣਤੀ ਚਾਰ ਸੀ, ਜੋ 2 ਮੋਟਰਸਾਈਕਲਾਂ ਉਪਰ ਸਵਾਰ ਸਨ।

ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਸਿਟੀ ਥਾਣਾ ਮੁਖੀ ਅਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤ ਆ ਗਈ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਲੇ ਦੁਆਲੇ ਦੇ ਸੀ.ਸੀ.ਟੀ.ਵੀ. ਦੇਖੇ ਜਾਣਗੇ ਅਤੇ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।