ਕੋਰੋਨਾ ਵਾਇਰਸ ਲਈ ਕੋਈ ਵੀ ਭਾਈਚਾਰਾ ਜ਼ਿੰਮੇਵਾਰ ਨਹੀਂ : ਵਿਸ਼ਵ ਸਿਹਤ ਸੰਗਠਨ

0
471

ਨਵੀਂ ਦਿੱਲੀ . ਕੋਵਿਡ-19 ਲਈ ਕੋਈ ਵਿਅਕਤੀ ਵਿਸ਼ੇਸ ਜ਼ਿੰਮੇਵਾਰ ਨਹੀਂ ਹੈ। ਹਰ ਕੇਸ ਪੀੜ੍ਹਤ ਹੈ ਅਤੇ ਹਰ ਇੱਕ ਦਾ ਇਲਾਜ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਹੋਣਾ ਚਾਹੀਦਾ ਹੈ।”

ਵਿਸ਼ਵ ਸਿਹਤ ਸੰਗਠਨ ਦਾ ਇਹ ਬਿਆਨ ਕੋਰੋਨਵਾਇਰਸ ਦੀ ਲਾਗ ਨੂੰ ਇਸ ਦੇ ਪੀੜ੍ਹਤਾਂ ਦੇ ਭਾਈਚਾਰੇ ਨਾਲ ਜੋੜੇ ਜਾਣ ਤੋਂ ਬਾਅਦ ਆਇਆ ਹੈ।

ਇਸ ਬਿਆਨ ਵਿੱਚ ਬੁਲਾਰੇ ਨੇ ਅੱਗੇ ਕਿਹਾ, ”ਇਹ ਬਹੁਤ ਮਹੱਤਵਪੂਰਨ ਹੈ ਕਿ ਕਿਸੇ ਵੀ ਮਰੀਜ਼ ਦੀ ਨਸਲ ਜਾਂ ਧਰਮ ਨੂੰ ਕੋਵਿਡ -19 ਨਾਲ ਨਾ ਜੋੜਿਆ ਜਾਵੇ”

ਵਿਸ਼ਵ ਸਿਹਤ ਸੰਗਠਨ ਦੇ ਇਸ ਬਿਆਨ ਦੇ ਉਲਟ ਭਾਰਤ ਵਿਚ ਕੇਂਦਰ, ਪੰਜਾਬ, ਹਰਿਆਣਾ ਸਣੇ ਵੱਖ-ਵੱਖ ਸੂਬਿਆਂ ਦੇ ਸਰਕਾਰੀ ਅਫ਼ਸਰ, ਮੰਤਰੀ ਅਤੇ ਮੁੱਖ ਮੰਤਰੀ ਤੱਕ ਮਰੀਜ਼ਾਂ ਦੀ ਗਿਣਤੀ ਧਰਮ ਨਾਲ ਦੱਸ ਕਰ ਰਹੇ ਹਨ।

ਭਾਰਤ ਦਾ ਰੁਝਾਨ ਉਲਟ

ਭਾਰਤ ਵਿੱਚ ਕੇਂਦਰੀ ਸਿਹਤ ਮੰਤਰਾਲੇ ਦੇ ਸਯੁੰਕਤ ਸਕੱਤਰ ਲਵ ਅਗਰਵਾਲ ਆਪਣੀਆਂ ਪ੍ਰੈਸ ਕਾਨਫਰੰਸਾਂ ਵਿੱਚ ਇੱਕ ਖ਼ਾਸ ਭਾਈਚਾਰੇ ਨਾਲ ਸਬੰਧਤ ਲੋਕਾਂ ਦਾ ਜ਼ਿਕਰ ਕਰ ਰਹੇ ਹਨ।

ਇੱਕ ਵੀਡੀਓ ਵਿੱਚ ਉਹ ਕੇਂਦਰ ਸਰਕਾਰ ਵਲੋਂ ਸੂਬਿਆਂ ਦੇ ਪੁਲਿਸ ਮੁਖੀਆਂ ਨੂੰ ਉਸ ਖਾਸ ਭਾਈਚਾਰੇ ਦੇ ਲੋਕਾਂ ਨੂੰ ਲੱਭਣ ਦੀ ਗੱਲ ਕਰਦੇ ਦਿੱਖ ਰਹੇ ਹਨ।

ਇੱਕ ਥਾਂ ਉਹ ਇਹ ਕਹਿੰਦੇ ਦਿਖ ਰਹੇ ਹਨ ਕਿ ਜੇਕਰ ਤਬਲੀਗੀ ਜਮਾਤ ਦੀ ਘਟਨਾ ਨਾ ਹੁੰਦੀ ਤਾਂ ਕੇਸ ਡਬਲ ਹੋਣ ਦੀ ਦਰ 4.1 ਦਾ ਥਾਂ 7 ਦਿਨ ਹੁੰਦੀ।

ਕੇਂਦਰੀ ਸਿਹਤ ਮੰਤਰਾਲੇ ਤੇ ਪੰਜਾਬ ਅਤੇ ਹਰਿਆਣਾ ਦੀਆਂ ਸਾਰੀਆਂ ਪ੍ਰੈਸ ਕਾਨਫਰੰਸਾਂ ਵਿੱਚ ਤਬਲੀਗੀ ਜਮਾਤ ਵਿੱਚ ਸ਼ਾਮਲ ਹੋਏ ਲੋਕਾਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦਾ ਵੱਖਰੇ ਤੌਰ ਉੱਤੇ ਜ਼ਿਕਰ ਕੀਤਾ ਜਾਂਦਾ ਹੈ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਸੂਬੇ ਦੇ ਨਾਂ ਆਪਣੇ ਸੰਦੇਸ਼ ਦੌਰਾਨ ਖੁੱਲ੍ਹ ਕੇ ਤਬਲੀਗੀ ਜਮਾਤ ਦੇ ਨਾਂ ਦੀ ਵਰਤੋਂ ਕੀਤੀ।

ਇਸੇ ਤਰ੍ਹਾਂ ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਵੀ ਤਬਲੀਗੀ ਮਰਕਜ਼ ਵਿੱਚ ਸ਼ਾਮਲ ਹੋ ਕੇ ਆਏ ਲੋਕਾਂ ਨੂੰ ਪੁਲਿਸ ਜਾਂ ਸਿਹਤ ਮੰਤਰਾਲੇ ਕੋਲ ਪੇਸ਼ ਹੋਣ ਲਈ ਕਹਿ ਚੁੱਕੇ ਹਨ।

ਪੰਜਾਬ ਸਰਕਾਰ ਵਲੋਂ ਬਕਾਇਦਾ ਪ੍ਰੈਸ ਨੋਟ ਜਾਰੀ ਕਰਕੇ ਤਬਲੀਗੀ ਮਰਕਜ਼ ਵਿੱਚ ਸ਼ਾਮਲ ਹੋਕੇ ਆਏ ਲੋਕਾਂ ਨੂੰ ਪੁਲਿਸ ਥਾਣੇ ਵਿੱਚ 24 ਘੰਟਿਆਂ ਦੇ ਅੰਦਰ ਰਿਪੋਰਟ ਕਰਨ ਲਈ ਕਿਹਾ ਗਿਆ ਹੈ।

ਪੰਜਾਬ ਸਰਕਾਰ ਦੇ ਹਰ ਮੀਡੀਆ ਬੁਲਿਟਨ ਵਿੱਚ ਤਬਲੀਗੀ ਜਮਾਤ ਨਾਲ ਸਬੰਧਤ ਲੋਕਾਂ ਦੇ ਨਾਂ ਅਲੱਗ ਤੋਂ ਲਿਖੇ ਜਾ ਰਹੇ ਹਨ।

ਗ੍ਰਹਿ ਮੰਤਰਾਲੇ ਦੀ ਤਰਜ਼ਮਾਨ ਪੁਨਿਆ ਸ੍ਰੀਨਿਵਾਸ ਨੇ ਬੁੱਧਵਾਰ 8 ਅਪ੍ਰੈਲ ਨੂੰ ਆਪਣੇ ਮੀਡੀਆ ਬਿਆਨ ਵਿੱਚ ਕਿਹਾ, ”25,500 ਤੋਂ ਵੱਧ ਤਬਲੀਗੀ ਜਮਾਤ ਦੇ ਲੋਕ ਕੁਆਰੰਟੀਨ ਕੀਤੇ ਜਾ ਚੁੱਕੇ ਹਨ।”

ਮੀਡੀਆ ਤੇ ਸ਼ੋਸਲ ਮੀਡੀਆ ‘ਤੇ ਅਸਰ

ਸਰਕਾਰ ਵਲੋਂ ਕੋਰੋਨਾਵਾਇਰਸ ਦੇ ਪੀੜ੍ਹਤਾਂ ਦੀ ਧਰਮ ਜਾਂ ਫਿਰਕੇ ਆਧਾਰਿਤ ਪ੍ਰੋਫਾਇਲਿੰਗ ਦਾ ਅਸਰ ਮੀਡੀਆ ਅਤੇ ਸੋਸ਼ਲ ਮੀਡੀਆ ਉੱਤੇ ਵੀ ਦਿਖਾਈ ਦਿੱਤਾ।

ਟਾਇਮਜ਼ ਮੈਗਜ਼ੀਨ ਦੀ ਇੱਕ ਰਿਪੋਰਟ ਮੁਤਾਬਕ #CornaJihad ਅਤੇ #TablighiJamatVirus ਵਰਗੇ ਹੈਸ਼ਟੈਗ ਟਵਿੱਟਰ ਉੱਤੇ ਟਰੈਂਡ ਕਰਵਾਏ ਗਏ। ਅਜਿਹੇ ਹੈਸ਼ਟੈਗ ਨਾਲ ਕਈ ਫੇਕ ਵੀਡੀਓ ਸ਼ੇਅਰ ਕੀਤੀਆਂ ਗਈਆਂ।

ਟਾਇਮਜ਼ ਮੈਗਜ਼ੀਨ ਨੇ ਇੱਕ ਡਿਜੀਟਲ ਲੈਬ ਦੇ ਸਰਵੇ ਦੇ ਆਧਾਰ ਉੱਤੇ ਲਿਖਿਆ ਹੈ ਕਿ #CornaJihad ਨੂੰ ਕਰੀਬ 3 ਲੱਖ ਵਾਰ ਦੇਖਿਆ ਗਿਆ ਅਤੇ ਇਸ ਨੂੰ 1 ਕਰੋੜ 65 ਲੱਖ ਲੋਕਾਂ ਤੱਕ ਪਹੁੰਚਾਇਆ ਗਿਆ।

ਵਿਸ਼ਵ ਸਿਹਤ ਸੰਗਠਨ ਨੇ ਹੋਰ ਕੀ ਕਿਹਾ

ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਇਕੱਠਾਂ ਭਾਵੇਂ ਉਹ ਧਾਰਮਿਕ ਹੋਣ ਜਾਂ ਫਿਰ ਕਿਸੇ ਹੋਰ ਮਕਸਦ ਨਾਲ ਕੀਤੇ ਗਏ, ਵੱਡੇ ਇਕੱਠੇ ਵਿੱਚ ਹਰ ਵੇਲੇ ਜ਼ੋਖ਼ਮ ਰਹਿੰਦਾ ਹੈ, ਇਹ ਮਹਾਮਾਰੀ ਨੂੰ ਫ਼ੈਲਾਉਦੇ ਹਨ।

ਹੁਣ ਇਸ ਤਰ੍ਹਾਂ ਦੇ ਧਾਰਮਿਕ ਇਕੱਠ ਅਤੇ ਸਮਾਗਮਾਂ ਨੂੰ ਮੁਲਤਵੀ ਕਰ ਦਿੱਤਾ ਗਿਆ।

ਵਿਸ਼ਵ ਸਿਹਤ ਸੰਗਠਨ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਸੰਸਾਰ ਦੇ ਬਹੁਤ ਸਾਰੇ ਧਾਰਮਿਕ ਸੰਗਠਨਾਂ, ਜਿੱਸ ਵਿਚ ਮੁਸਲਮਾਨ ਵੀ ਸ਼ਾਮਲ ਹਨ ਉਨ੍ਹਾਂ ਨਾਲ ਮਿਲਕੇ ਕੰਮ ਕਰ ਰਿਹਾ ਹੈ।

ਆਉਣ ਵਾਲੇ ਪਵਿੱਤਰ ਰਮਜ਼ਾਨ ਮਹੀਨੇ ਲਈ ਨਿਯਮ ਤੈਅ ਕਰਨ ਸਰਕਾਰਾਂ ਤੇ ਧਾਰਮਿਕ ਸੰਗਠਨਾਂ ਦੀ ਰਾਏ ਨਾਲ ਇਸ ਸੰਕਟ ਨੂੰ ਨਜਿੱਠਣ ਲਈ ਕੰਮ ਕੀਤਾ ਜਾ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ ਨੇ ਦੁਨੀਆਂ ਵਿੱਚ ਕਈ ਥਾਵਾਂ ਉੱਤੇ ਡਾਕਟਰਾਂ ਅਤੇ ਦੂਜੇ ਸਿਹਤ ਕਾਮਿਆਂ ਖ਼ਿਲਾਫ਼ ਹੋਈਆਂ ਹਿੰਸਕ ਘਟਨਾਵਾਂ ਨੂੰ ਨਾ-ਸਹਿਣਯੋਗ ਕਰਾਰ ਦਿੱਤਾ ਹੈ।

ਵਿਸ਼ਵ ਸਿਹਤ ਸੰਗਠਨ ਨੇ ਸਿਹਤ ਕਾਮਿਆਂ ਨੂੰ ਹੀਰੋ ਦੱਸ ਕੇ ਉਨ੍ਹਾਂ ਨੂੰ ਬਣਦਾ ਦੇਣ ਦੇਣ ਦੀ ਅਪੀਲ ਕੀਤੀ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2UXezH7 ‘ਤੇ ਕਲਿੱਕ ਕਰੋ।