ਵੱਡੀ ਖਬਰ : ਗੈਂਗਸਟਰ ਦੀਪਕ ਟੀਨੂੰ ਦੀ ਮਹਿਲਾ ਮਿੱਤਰ ਭੱਜਣ ਲੱਗੀ ਸੀ ਮਾਲਦੀਵ, ਏ.ਜੀ.ਟੀ.ਐਫ. ਨੇ ਮੁੰਬਈ ਏਅਰਪੋਰਟ ਤੋਂ ਕੀਤੀ ਗ੍ਰਿਫ਼ਤਾਰ

0
1942

ਲੁਧਿਆਣਾ/ਮਾਨਸਾ/ਚੰਡੀਗੜ੍ਹ/ਮੁੰਬਈ | ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਮੁਲਜ਼ਮ ਅਤੇ ਫ਼ਰਾਰ ਹੋਏ ਖ਼ਤਰਨਾਕ ਅਪਰਾਧੀ ਦੀਪਕ ਟੀਨੂੰ ਦੇ ਫਰਾਰ ਮਾਮਲੇ ’ਚ ਏ.ਜੀ.ਟੀ.ਐਫ. ਦੀ ਟੀਮ ਨੇ ਉਸ ਦੀ ਮਹਿਲਾ ਮਿੱਤਰ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ ਨੇ ਉਸ ਦਾ 14 ਅਕਤੂਬਰ (5 ਦਿਨਾਂ) ਲਈ ਪੁਲਸ ਰਿਮਾਂਡ ਦੇ ਦਿੱਤਾ ਹੈ ।

ਲੜਕੀ ਦਾ ਨਾਂ ਜਤਿੰਦਰ ਕੌਰ ਉਰਫ ਜੋਤੀ ਹੈ, ਜੋ ਲੁਧਿਆਣਾ ਦੀ ਰਹਿਣ ਵਾਲੀ ਹੈ । ਸੂਤਰਾਂ ਦੀ ਮੰਨੀਏ ਤਾਂ ਦੀਪਕ ਟੀਨੂੰ ਦੇ ਭੱਜਾਉਣ ਚ ਜਤਿੰਦਰ ਕੌਰ ਨੇ ਅਹਿਮ ਭੂਮੀਕਾ ਨਿਭਾਈ ਹੈ। ਦੀਪਕ ਟੀਨੂੰ ਨੂੰ ਭਜਾਉਣ ਦੀ ਯੋਜਨਾ ਪਹਿਲਾਂ ਹੀ ਗੋਇੰਦਵਾਲ ਜੇਲ ਵਿੱਚ ਬਣਾਈ ਗਈ ਸੀ। ਇਕ ਹਫ਼ਤਾ ਪਹਿਲਾਂ ਗੈਂਗਸਟਰ ਦੀਪਕ ਟੀਨੂੰ ਮਾਨਸਾ ਪੁਲਸ ਦੀ ਗ੍ਰਿਫ਼ਤ ’ਚੋਂ ਫਰਾਰ ਹੋ ਗਿਆ ਸੀ, ਜਿਸ ਦਾ ਅਜੇ ਤਕ ਕੋਈ ਪਤਾ ਨਹੀਂ ਲੱਗ ਸਕਿਆ।

ਗੈਂਗਸਟਰ ਦੀਪਕ ਦੀ ਗਰਲਫਰੈਂਡ ਜਤਿੰਦਰ ਤੋਂ ਪੁੱਛਗਿੱਛ ‘ਚ ਕਈ ਵੱਡੇ ਖੁਲਾਸੇ ਹੋਏ ਹਨ। ਜਤਿੰਦਰ ਕੌਰ ਨੇ ਦੱਸਿਆ ਕਿ ਦੀਪਕ ਲਗਾਤਾਰ ਫੋਨ ‘ਤੇ ਗੱਲ ਕਰਦਾ ਸੀ, ਦੀਪਕ ਕੋਲ ਗੋਇੰਦਵਾਲ ਜੇਲ੍ਹ ‘ਚ ਉਸ ਦਾ ਮੋਬਾਇਲ ਸੀ ਅਤੇ ਉਥੋਂ ਉਹ ਲਗਾਤਾਰ ਗੱਲ ਕਰਦਾ ਸੀ। ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਟਵੀਟ ਕੀਤਾ ਕਿ ਗੈਂਗਸਟਰ ਦੀਪਕ ਟੀਨੂੰ ਨੂੰ ਪੁਲਸ ਹਿਰਾਸਤ ’ਚੋਂ ਭਜਾਉਣ ਵਾਲੀ ਉਸ ਦੀ ਪ੍ਰੇਮਿਕਾ ਨੂੰ ਗੁਪਤ ਸੂਚਨਾ ’ਤੇ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹ ਮਾਲਦੀਵ ਭੱਜਣ ਦੀ ਤਿਆਰੀ ਕਰ ਰਹੀ ਸੀ ਪਰ ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ.) ਟੀਮ ਨੇ ਮੁੰਬਈ ਏਅਰਪੋਰਟ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਪੁਲਿਸ ਹੁਣ ਦੀਪਕ ਦੀ ਇਕ ਹੋਰ ਸਾਥੀ ਦੀ ਤਲਾਸ਼ ਕਰ ਰਹੀ ਹੈ, ਜਿਸ ਦੀ ਭੂਮਿਕਾ ਵੀ ਕਾਫੀ ਅਹਿਮ ਰਹੀ ਹੈ।