ਪੰਜਾਬ ‘ਚ ਗੁੰਡਾਗਰਦੀ ਦਾ ਰਾਜ : ਨਿੱਜੀ ਰੰਜਿਸ਼ ਕਾਰਨ ਨੌਜਵਾਨ ‘ਤੇ ਜਾਨਲੇਵਾ ਹਮਲਾ

0
535

ਅੰਮ੍ਰਿਤਸਰ| ਪੰਜਾਬ ਵਿੱਚ ਗੁੰਡਾਗਰਦੀ ਆਮ ਹੋ ਗਈ ਹੈ, ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਦੇ ਪਿੰਡ ਅਕਾਲਗੜ੍ਹ ਢਪਈ ਦਾ ਸਾਹਮਣੇ ਆਇਆ ਹੈ, ਜਿੱਥੇ ਨਿੱਜੀ ਰੰਜਿਸ਼ ਕਾਰਨ ਇੱਕ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਹਸਪਤਾਲ ‘ਚ ਜ਼ੇਰੇ ਇਲਾਜ ਸੁਖਦੀਪ ਸਿੰਘ ਪੁੱਤਰ ਰਵੇਲ ਸਿੰਘ ਵਾਸੀ ਅਕਾਲਗੜ੍ਹ ਢਪਈ ਨੇ ਦੱਸਿਆ ਕਿ ਉਸ ਦੀ ਬਲਬੀਰ ਸਿੰਘ ਅਤੇ ਅਕਾਸ਼ਦੀਪ ਸਿੰਘ ਵਾਸੀ ਡੇਅਰੀਵਾਲ ਨਾਲ ਪੁਰਾਣੀ ਰੰਜਿਸ਼ ਸੀ, ਜਿਸ ਕਾਰਨ ਉਹ ਕਈ ਵਾਰ ਧਮਕੀਆਂ ਵੀ ਦੇ ਚੁੱਕਾ ਸੀ | 26 ਸਤੰਬਰ ਦੀ ਰਾਤ ਨੂੰ ਜਦੋਂ ਮੈਂ ਆਪਣੇ ਕਮਰੇ ਵਿੱਚ ਸੌਂ ਰਿਹਾ ਸੀ ਤਾਂ ਬਾਹਰੋਂ ਕਿਸੇ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਅਤੇ ਮੈਨੂੰ ਬੁਲਾਇਆ, ਜਦੋਂ ਮੈਂ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਬਲਬੀਰ ਸਿੰਘ ਅਤੇ ਅਕਾਸ਼ਦੀਪ ਸਿੰਘ ਆਪਣੇ ਸਾਥੀਆਂ ਸਮੇਤ ਖੜ੍ਹੇ ਸਨ, ਜੋ ਤੇਜ਼ਧਾਰ ਹਥਿਆਰਾਂ ਨਾਲ ਲੈੱਸ ਸਨ।

ਮੈਂ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਉਕਤ ਹਮਲਾਵਰ ਦਰਵਾਜ਼ਾ ਤੋੜ ਕੇ ਅੰਦਰ ਆਏ ਅਤੇ ਮੇਰੇ ਸਿਰ ਅਤੇ ਬਾਹਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ‘ਚ ਮੇਰੇ ਦੋਵੇਂ ਹੱਥਾਂ ਦੀਆਂ ਚਾਰ ਉਂਗਲਾਂ ਕੱਟੀਆਂ ਗਈਆਂ ਅਤੇ ਸਿਰ ‘ਤੇ ਗੰਭੀਰ ਸੱਟ ਲੱਗਣ ਕਾਰਨ ਮੈਂ ਜ਼ਮੀਨ ‘ਤੇ ਡਿੱਗ ਗਿਆ । ਮੇਰੀ ਚੀਕ ਸੁਣ ਕੇ ਜਦੋਂ ਮੇਰੀ ਮਾਂ ਮੈਨੂੰ ਛੁਡਾਉਣ ਆਈ ਤਾਂ ਉਪਰੋਕਤ ਹਮਲਾਵਰਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ ਅਤੇ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਮੇਰੇ ਪਰਿਵਾਰਕ ਮੈਂਬਰਾਂ ਨੇ ਮੈਨੂੰ ਇਲਾਜ ਲਈ ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ ਸਥਿਤ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ | ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਪਰ ਪੁਲਿਸ ਨੇ ਉਪਰੋਕਤ ਹਮਲਾਵਰਾਂ ਖਿਲਾਫ਼ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਬਜਾਏ ਸਿਰਫ਼ ਫੋਕੀ ਵਾਹ ਵਾਹ ਖੱਟੀ ਹੈ ਅਤੇ ਇਕ ਹਫ਼ਤਾ ਬੀਤ ਜਾਣ ‘ਤੇ ਵੀ ਕੋਈ ਹਮਲਾਵਰ ਫੜਿਆ ਨਹੀਂ ਗਿਆ, ਜਦਕਿ ਹਮਲਾਵਰ ਅਜੇ ਵੀ ਬਾਹਰ ਸ਼ਰੇਆਮ ਘੁੰਮ ਰਹੇ ਹਨ ਅਤੇ ਮੇਰੇ ਪਰਿਵਾਰ ਨੂੰ ਧਮਕੀਆਂ ਦੇ ਰਹੇ ਹਨ |

ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਮਲਾਵਰਾਂ ‘ਤੇ ਬਣਦੀਆਂ ਧਾਰਾਵਾਂ ਤਹਿਤ ਕਾਰਵਾਈ ਕਰ ਕੇ ਇਨਸਾਫ਼ ਦਿਵਾਇਆ ਜਾਵੇ | ਥਾਣਾ ਜੰਡਿਆਲਾ ਗੁਰੂ ਦੇ ਇੰਚਾਰਜ ਅਮੋਲਕ ਸਿੰਘ ਨੇ ਦੱਸਿਆ ਕਿ ਸੁਖਦੀਪ ਸਿੰਘ ਦੇ ਬਿਆਨਾਂ ‘ਤੇ ਬਲਬੀਰ ਸਿੰਘ, ਅਕਾਸ਼ਦੀਪ ਸਿੰਘ ਸਮੇਤ 5 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਧਾਰਾਵਾਂ ਵਿੱਚ ਵੱਡਾ ਬਦਲਾਵ ਹੋਵੇਗਾ।