ਸਮਰਾਲਾ। ਪੰਜਾਬ ਅੰਦਰ ਨਸ਼ਿਆਂ ਨਾਲ ਬਰਬਾਦੀ ਜਾਰੀ ਹੈ। ਸਮਰਾਲਾ ਵਿਖੇ ਨਸ਼ੇ ਦੇ ਆਦੀ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ। ਇਹ ਨੌਜਵਾਨ ਨਸ਼ੇ ਦੀ ਪੂਰਤੀ ਲਈ ਘਰ ਦਾ ਸਾਮਾਨ ਵੇਚਦਾ ਰਹਿੰਦਾ ਸੀ। ਮ੍ਰਿਤਕ ਦੀ ਸ਼ਨਾਖਤ ਪ੍ਰਿੰਸ ਕੁਮਾਰ (27) ਵਜੋਂ ਹੋਈ। ਪ੍ਰਿੰਸ ਆਪਣੀ ਮਾਂ ਕੋਲੋਂ ਨਸ਼ੇ ਦੀ ਗੋਲੀ ਖਰੀਦਣ ਲਈ 100 ਰੁਪਏ ਮੰਗ ਰਿਹਾ ਸੀ। ਇਸੇ ਦੌਰਾਨ ਉਸਨੇ ਕਮਰੇ ਅੰਦਰ ਜਾ ਕੇ ਫਾਹਾ ਲੈ ਲਿਆ। ਪੁਲਿਸ ਨੇ ਲਾਸ਼ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਮ੍ਰਿਤਕ ਦੀ ਮਾਤਾ ਦੀਪਾ ਸ਼ਰਮਾ ਨੇ ਦੱਸਿਆ ਕਿ ਉਸਦਾ ਪੁੱਤਰ ਕਾਫੀ ਸਮੇਂ ਤੋਂ ਨਸ਼ਾ ਕਰਦਾ ਆ ਰਿਹਾ ਸੀ। ਪ੍ਰਿੰਸ ਉਸ ਕੋਲੋਂ ਜੀਭ ਥੱਲੇ ਰੱਖਣ ਵਾਲੀ ਨਸ਼ੇ ਦੀ ਗੋਲੀ ਖਰੀਦਣ ਲਈ 100 ਰੁਪਏ ਮੰਗ ਰਿਹਾ ਸੀ। ਜਦੋਂ ਉਹ ਨਹਾਉਣ ਚਲੀ ਗਈ ਤਾਂ ਆ ਕੇ ਦੇਖਿਆ ਕਿ ਪ੍ਰਿੰਸ ਫਾਹੇ ਨਾਲ ਲਟਕ ਰਿਹਾ ਸੀ। ਭਰਾ ਕਰਨ ਸ਼ਰਮਾ ਨੇ ਕਿਹਾ ਕਿ ਉਸਦਾ ਵੱਡਾ ਭਰਾ ਪ੍ਰਿੰਸ ਨਸ਼ਾ ਕਰਨ ਲਈ ਘਰ ਦਾ ਸਾਮਾਨ ਵੇਚ ਦਿੰਦਾ ਸੀ। ਨਸ਼ੇ ਕਰਕੇ ਹੀ ਉਸਦੇ ਭਰਾ ਨੇ ਇਹ ਕਦਮ ਚੁੱਕਿਆ।