ਆਸ਼ੂ ਦੀ ਗ੍ਰਿਫ਼ਤਾਰੀ : ਭਗਵੰਤ ਮਾਨ ਨੇ ਕਿਹਾ-‘ਕਹਿੰਦੇ ਸੀ ਫੜ ਲਓ ਜੀਹਨੂੰ ਫੜਨਾ, ਹੁਣ ਫੜ ਲਿਆ ਤਾਂ ਕਹਿੰਦੇ ਆਹ ਕੀ ਕੀਤਾ’

0
710

ਚੰਡੀਗੜ੍ਹ। ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਸਿਆਸੀ ਬਦਲਾਖ਼ੋਰੀ ਦਾ ਕੋਈ ਸਵਾਲ ਹੀ ਨਹੀਂ ਹੈ।

ਸੀ.ਐੱਮ. ਮਾਨ ਨੇ ਕਿਹਾ ਕਿ ਸਵੇਰੇ ਆ ਕੇ ਕਾਂਗਰਸੀ ਕਹਿੰਦੇ ਹਨ ਕਿ ਜਿਸ ਨੂੰ ਫ਼ੜਨਾ ਹੈ ਫ਼ੜ ਲਓ ਅਤੇ ਜੇ ਸ਼ਾਮ ਨੂੰ ਫ਼ੜ ਲਿਆ ਹੈ ਤਾਂ ਕਹਿੰਦੇ ਹਨ ਕਿ ਕਿਉਂ ਫ਼ੜ ਲਿਆ ਹੈ? ਉਨ੍ਹਾਂ ਕਿਹਾ ਕਿ ਇਹੀ ਗੱਲਾਂ ਤਾਂ ਇਹਨਾਂ ਨੂੰ ਲੈ ਡੁੱਬੀਆਂ ਨੇ। ਇਹ ਕਾਂਗਰਸ ਨਹੀਂ ਕਾਂਗਰਸ ਦਾ ਹੰਕਾਰ ਬੋਲਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਡੇ ਚੋਣ ਵਾਅਦਿਆਂ ਵਿੱਚੋਂ ਇਕ ਸੀ ਕਿ ਜਿਨ੍ਹਾਂ ਨੇ ਪੰਜਾਬ ਦਾ ਖਜ਼ਾਨਾ ਲੁੱਟਿਆ ਹੈ, ਉਨ੍ਹਾਂ ਤੋਂ ਇਕ-ਇਕ ਰੁਪਏ ਦਾ ਹਿਸਾਬ ਲਿਆ ਜਾਵੇਗਾ ਅਤੇ ਆਸ਼ੂ ਖਿਲਾਫ਼ ਹੋਈ ਕਾਰਵਾਈ ਇਸੇ ਕੜੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸਾਰੀ ਕਾਰਵਾਈ ਸਬੂਤ ਮਿਲਣ ਤੋਂ ਬਾਅਦ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਇਹ ਪਤਾ ਲਾਇਆ ਜਾਂਦਾ ਹੈ ਕਿ ਕਿੰਨਾ ਕੁ ਵੱਡਾ ਘਪਲਾ ਹੈ, ਕਿਹੜੇ ਸਿਆਸੀ ਲੋਕ ਅਤੇ ਕਿਹੜੇ ਅਧਿਕਾਰੀ ਸ਼ਾਮਲ ਹਨ।

ਸੀ.ਐੱਮ. ਮਾਨ ਨੇ ਕਿਹਾ ਕਿ ਜਿੰਨੀ ਦੇਰ ਸਾਡੇ ਹੱਥ ਕੋਈ ਸਬੂਤ ਨਹੀਂ ਆਉਂਦੇ, ਇਹ ਪਤਾ ਨਹੀਂ ਲੱਗਦਾ ਕਿ ਮੰਤਰੀ ਨੇ ਕੀ ਹੁਕਮ ਦਿੱਤੇ ਸਨ ਅਤੇ ਉਸਦੀ ਕੀ ਸ਼ਮੂਲੀਅਤ ਸੀ, ਓਨੀ ਦੇਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸੀ.ਐੱਮ. ਨੇ ਕਿਹਾ ਕਿ ਮੰਤਰੀ ਹੁੰਦਿਆਂ ਉਨ੍ਹਾਂ ਇਕ ਡੀ.ਐਸ.ਪੀ. ਨੂੰ ਕਿਹਾ ਸੀ ਕਿ ਜਾਉ ਕਹਿ ਦਿਉ ਕਿ ਮੰਤਰੀ ਹਾਈਕੋਰਟ ਦੀ ਨਹੀਂ ਮੰਨਦਾ। ਇਸ ਤੋਂ ਇਲਾਵਾ ਇਕ ਮਹਿਲਾ ਗਜ਼ਟਿਡ ਅਫ਼ਸਰ ਨੂੰ ਉਹ ਇਹ ਕਹਿੰਦੇ ਸੁਣੇ ਗਏ ਸਨ ਕਿ ਜਾਓ, ਮੰਤਰੀ ਆ ਗਿਆ ਹੈ। ਮੰਤਰੀ ਆ ਗਿਆ ਸੀ ਰੱਬ ਨਹੀਂ।

ਦੱਸ ਦੇਈਏ ਕਿ ਸਾਬਕਾ ਮੰਤਰੀ ਨੂੰ ਸੋਮਵਾਰ ਸ਼ਾਮ ਨੂੰ ਲੁਧਿਆਣਾ ਦੇ ਇੱਕ ਸੈਲੂਨ ਵਿੱਚ ਵਾਲ ਕੱਟਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਇੱਕ ਪ੍ਰਾਈਵੇਟ ਫਰਮ ਦੇ ਠੇਕੇਦਾਰ ਤੇਲੂ ਰਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਤੇਲੂ ਰਾਮ ਤੋਂ ਪੁੱਛਗਿੱਛ ਤੋਂ ਬਾਅਦ ਕਰੋੜਾਂ ਰੁਪਏ ਦੇ ਘਪਲੇ ਦਾ ਪਰਦਾਫਾਸ਼ ਹੋਇਆ ਹੈ। ਇਸ ਤੋਂ ਬਾਅਦ ਵਿਜੀਲੈਂਸ ਨੇ ਭੌਤਿਕ ਸਬੂਤਾਂ ਦੇ ਆਧਾਰ ‘ਤੇ ਭਾਰਤ ਭੂਸ਼ਣ ਆਸ਼ੂ ਨੂੰ ਮੁਲਜ਼ਮ ਪਾਇਆ।