ਚੰਡੀਗੜ੍ਹ ਨੇੜੇ ਵੱਡਾ ਹਾਦਸਾ : ਪਟਿਆਲਾ ਦੀ ਰਾਵ ’ਚ 8 ਲੋਕ ਵਹੇ, 6 ਨੂੰ ਬਚਾਇਆ ਗਿਆ, ਪਤੀ-ਪਤਨੀ ਅਜੇ ਵੀ ਲਾਪਤਾ

0
3234

ਨਯਾਗਾਂਵ। ਹਰਿਆਣਾ ਤੇ ਪੰਜਾਬ ਦੇ ਨਾਲ ਲੱਗਦੇ ਪੰਜਾਬ ਦੇ ਪਿੰਡ ਟਾਂਡਾ ਵਿਚ ਤੇਜ਼ ਬਾਰਿਸ਼ ਦੇ ਕਾਰਨ 8 ਲੋਕ ਪਟਿਆਲਾ ਦੀ ਰਾਵ ਨਦੀ ਵਿਚ ਵਹਿ ਗਏ। ਘਟਨਾ ਲੰਘੇ ਦਿਨ ਸ਼ਾਮ ਸਾਢੇ 6 ਵਜੇ ਦੀ ਹੈ। ਦਿਹਾੜੀ ਕਰਨ ਵਾਲੇ ਕੰਮ ਤੋਂ ਛੁੱਟੀ ਕਰਕੇ ਪਿੰਡ ਨੂੰ ਵਾਪਸ ਲੌਟ ਰਹੇ ਸਨ। ਉਸੇ ਵੇਲੇ ਨਦੀ ਪਾਰ ਕਰਦਿਆਂ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਪਾਣੀ ਦਾ ਵਹਾਅ ਉਨ੍ਹਾਂ ਨੂੰ ਆਪਣੇ ਨਾਲ ਰਾਵ ਨਦੀ ਵਿਚ ਵਹਾ ਕੇ ਲੈ ਗਿਆ। ਇਨ੍ਹਾਂ ਵਿਚੋਂ 6 ਲੋਕਾਂ ਨੂੰ ਬਚਾਣ ਲਿਆ ਗਿਆ।

ਪਿੰਡ ਵਾਲਿਆਂ ਨੂੰ ਜਦੋਂ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਹੀ ਇਸਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ। ਇਸਦੇ ਬਾਅਦ ਪੁਲਿਸ ਅਧਿਕਾਰੀਆਂ ਦੇ ਨਾਲ ਤਹਿਸੀਲਦਾਰ, ਐਸਡੀਐਮ ਤੇ ਕਾਨੂੰਨਗੋ ਘਟਨਾਸਥਾਨ ਉਤੇ ਪੁੱਜੇ। ਉਨ੍ਹਾਂ ਨੇ ਐਨਡੀਆਰਐਫ ਦੀਆਂ ਟੀਮਾਂ ਨਾਲ ਮਿਲ ਕੇ ਨਦੀ ਵਿਚ ਵਹਿਣ ਵਾਲਿਆਂ ਨੂੰ ਬਾਹਰ ਕੱਢਿਆ ਤੇ ਆਪ੍ਰੇਸ਼ਨ ਸ਼ੁਰੂ ਕੀਤਾ।

ਐਨਡੀਆਰਐਫ ਟੀਮਾਂ ਦੇ ਆਉਣ ਤੋਂ ਪਹਿਲਾਂ ਹੀ ਪਿੰਡ ਵਾਲਿਆਂ ਨੇ ਟਾਂਡਾ ਦੇ ਰਹਿਣ ਵਾਲੇ ਕਾਕੂ ਨਾਂ ਦੇ ਨੌਜਵਾਨ ਨੂੰ ਬਚਾ ਲਿਆ ਸੀ। ਉਹ ਹਾਲੇ ਵੀ ਸਦਮੇ ਵਿਚ ਹੈ ਪਰ ਉਹ ਖਤਰੇ ਵਿਚੋਂ ਬਾਹਰ ਹੈ। ਉਥੇ ਹੀ ਟੀਮਾਂ ਨੇ ਆ ਕੇ ਮੰਜੂ ਨੂੰ ਬਚਾਅ ਲਿਆ ਸੀ। ਉਥੇ ਹੀ ਟਾਂਡਾ ਦੇ ਪੰਚ ਸੱਜਣ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਨੀਤਾ ਦੀ ਭਾਲ ਹਾਲੇ ਵੀ ਜਾਰੀ ਹੈ।

ਨਦੀ ਦੇ ਵਹਾਅ ਵਿਚ ਰੁੜ੍ਹੀ ਕਾਰ, ਚਾਰ ਲੋਕਾਂ ਨੂੰ ਬਚਾਇਆ

ਦੂਜੇ ਪਾਸੇ ਇਕ ਹੋਰ ਹਾਦਸੇ ਵਿਚ ਨਦੀ ਦੇ ਵਹਾਅ ਵਿਚ ਇਕ ਹੋਰ ਕਾਰ ਵਹਿ ਗਈ। ਇਸ ਵਿਚ ਪਿੰਡ ਟਾਂਡਾ ਦੇ ਚਾਰ ਲੋਕ ਸਵਾਰ ਸਨ। ਲੋਕਾਂ ਨੇ ਕਾਰ ਸਣੇ ਚਾਰੇ ਲੋਕਾਂ ਨੂੰ ਬਚਾਅ ਲਿਆ।

ਹਰਿਆਣਾ ਵਾਲੇ ਪਾਸੇ ਹੈ ਪੁਲ, ਪੰਜਾਬ ਵਾਲੇ ਪਾਸੇ ਹੈ ਢਲਾਨਦਾਰ ਸਲੈਬ

ਪਿੰਡ ਵਾਲਿਆਂ ਅਨੁਸਾਰ ਪਟਿਆਲਾ ਦਾ ਰਾਵ ਨਦੀ ਹਰਿਆਣਾ ਵਾਲੇ ਪਾਸਿਓਂ ਆਉਂਦੀ ਹੈ। ਉਨ੍ਹਾਂ ਵਾਲੇ ਪਾਸੇ 2 ਪੁਲੀਆਂ ਹਨ ਤੇ ਪੰਜਾਬ ਵਾਲੇ ਪਾਸੇ ਢਲਾਨਦਾਰ ਸਲੈਬ ਬਣਾਈ ਗਈ ਹੈ। ਇਸ ਕਾਰਨ ਕਈ ਹਾਦਸੇ ਹੋ ਚੁੱਕੇ ਹਨ। ਫਿਰ ਵੀ ਪ੍ਰਸ਼ਾਸਨ ਪੁਲੀਆਂ ਬਣਾਉਣ ਲਈ ਢਿਲਮੱਠ ਵਾਲਾ ਰਵੱਈਆ ਦਿਖਾ ਰਿਹਾ ਹੈ। ਪੁਲੀਆਂ ਨਾ ਹੋਣ ਕਾਰਨ ਲੋਕਾਂ ਨੂੰ ਬਰਸਾਤ ਦੇ ਦਿਨਾਂ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।