ਘਰਾਂ ‘ਤੇ ਤਿਰੰਗਾ ਝੰਡਾ ਜਾਂ ਕੇਸਰੀ ਨਿਸ਼ਾਨ ਲਹਿਰਾਉਣਾ, ਇਸ ‘ਤੇ 10 ਅਗਸਤ ਨੂੰ ਫੈਸਲਾ ਕਰੇਗੀ ਸ਼੍ਰੋਮਣੀ ਕਮੇਟੀ

0
1322

ਚੰਡੀਗੜ੍ਹ |  ਆਜ਼ਾਦੀ ਦਿਹਾੜੇ ਮੌਕੇ ਘਰਾਂ ਦੀਆਂ ਛੱਤਾਂ ਉਪਰ ਤਿਰੰਗੇ ਦੀ ਥਾਂ ਕੇਸਰੀ ਝੰਡੇ ਲਹਿਰਾਉਣ ਦੇ ਮੁੱਦੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਘਿਰਦੀ ਨਜ਼ਰ ਆ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਧਾਮੀ ਨੇ ਕਿਹਾ ਹੈ ਕਿ ਇਸ ਬਾਰੇ 10 ਅਗਸਤ ਨੂੰ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਘਰਾਂ ਉੱਪਰ ਕੇਸਰੀ ਝੰਡੇ ਝੁਲਾਉਣ ਦਾ ਪ੍ਰੋਗਰਾਮ ਕੁਝ ਸਿੱਖ ਜਥੇਬੰਦੀਆਂ ਦਾ ਨਿੱਜੀ ਪ੍ਰੋਗਰਾਮ ਹੈ। 

ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ (ਅ) ਤੇ ਦਲ ਖ਼ਾਲਸਾ ਵੱਲੋਂ ਆਜ਼ਾਦੀ ਦਿਵਸ ਮੌਕੇ ਘਰਾਂ ਉੱਪਰ ਝੁਲਾਏ ਜਾਣ ਵਾਲੇ ਕੇਸਰੀ ਝੰਡੇ ਮੁਹੱਈਆ ਕਰਵਾਉਣ ਦੀ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਗਈ ਹੈ। ਇਸ ਦੇ ਨਾਲ ਹੀ ਸਿੱਖ ਜਥੇਬੰਦੀਆਂ ਨੇ ਚੁਣੌਤੀ ਦਿੱਤੀ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਸਟੈਂਡ ਦਾ ਪਤਾ ਲੱਗ ਜਾਏਗਾ। 

ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 15 ਅਗਸਤ ਦੇ ਪ੍ਰੋਗਰਾਮ ਨੂੰ 10 ਅਗਸਤ ਨੂੰ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਐਲਾਨ ਕੁਝ ਜਥੇਬੰਦੀਆਂ ਦਾ ਨਿੱਜੀ ਫੈਸਲਾ ਹੈ। 

ਦੱਸ ਦਈਏ ਕਿ ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਕਿਹਾ ਕਿ ਕੇਸਰੀ ਝੰਡਾ ਬੁਲੰਦ ਕਰਕੇ ਆਪਣੀ ਸੁਤੰਤਰ ਸ਼ਖਸੀਅਤ ਨੂੰ ਕਾਇਮ ਰੱਖਣਾ ਚਾਹੀਦਾ ਹੈ। ਤਿਰੰਗਾ ਲਹਿਰਾ ਕੇ ਸਾਡੀ ਵੱਖਰੀ ਸੋਚ, ਪਛਾਣ ਤੇ ਆਜ਼ਾਦੀ ਦੇ ਮਕਸਦ ਨੂੰ ਕੱਟੜਪੰਥੀ ਸੋਚ ਦੇ ਅਧੀਨ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।