ਅੰਮ੍ਰਿਤਸਰ। ਪੰਜਾਬ ਵਿਚ ਆਏ ਦਿਨ ਗੈਂਗਸਟਰਾਂ ਦੇ ਨਾਂ ਤੇ ਫਿਰੌਤੀਆਂ ਮੰਗਣ ਦੀਆਂ ਖਬਰਾਂ ਸਾਹਮਂਣੇ ਆਉਂਦੀਆਂ ਰਹਿੰਦੀਆਂ ਹਨ। ਪਰ ਹੁਣ ਲੋਕ ਨੁਮਾਇੰਦਿਆਂ ਦੇ ਨਾਂ ਉਤੇ ਵੀ ਫਿਰੌਤੀਆਂ ਮੰਗੀਆਂ ਜਾਣ ਲੱਗ ਪਈਆਂ ਹਨ। ਨਵਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਤਾਜ਼ਾ ਮਾਮਲੇ ਵਿੱਚ ਅੰਮ੍ਰਿਤਸਰ ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਡਰਾ ਦਿਖਾ ਕੇ ਫਿਰੌਤੀ ਮੰਗੀ ਗਈ ਹੈ।
ਇਸ ਸਬੰਧੀ ਸ਼ਿਕਾਇਤ ਕਰਨ ‘ਤੇ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਨੇ ਵਟਸਐਪ ਮੋਬਾਈਲ ਰਾਹੀਂ ਕਈ ਲੋਕਾਂ ਨੂੰ ਫ਼ੋਨ ਕੀਤੇ। ਫੋਨ ਕਰਨ ਵਾਲੇ ਨੇ ਨੰਬਰ ਦੇ ਅਕਾਉਂਟ ‘ਤੇ ਸਾਬਕਾ ਆਈਜੀ ਦੀ ਤਸਵੀਰ ਵੀ ਲਗਾਈ ਹੋਈ ਹੈ। ਫਿਲਹਾਲ ਮਾਮਲਾ ਸਾਈਬਰ ਬ੍ਰਾਂਚ ਕੋਲ ਹੈ।
ਡੀਸੀਪੀ ਮੁਖਵਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਜਲਦੀ ਹੀ ਮੁਲਜ਼ਮਾਂ ਦਾ ਪਤਾ ਲਗਾ ਕੇ ਕਾਬੂ ਕਰ ਲਿਆ ਜਾਵੇਗਾ।
ਮਜੀਠਾ ਰੋਡ ਦੇ ਵਸਨੀਕ ਅੰਸ਼ੂਮਨ ਖੰਨਾ ਨੇ ਥਾਣਾ ਸਿਵਲ ਲਾਈਨ ਦੀ ਪੁਲੀਸ ਨੂੰ ਦੱਸਿਆ ਕਿ ਉਹ ਗ੍ਰੀਨ ਐਵੀਨਿਊ ਸਥਿਤ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਕੰਮ ਦੀ ਦੇਖ-ਰੇਖ ਕਰਦਾ ਹੈ।
ਕੁਝ ਦਿਨ ਪਹਿਲਾਂ ਸਿਮਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਇਕ ਵਟਸਐਪ ਨੰਬਰ ‘ਤੇ ਸਾਬਕਾ ਆਈਜੀ ਅਤੇ ‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਫੋਟੋ ਪਾ ਕੇ ਉਸ ਤੋਂ 20 ਹਜ਼ਾਰ ਰੁਪਏ ਦੀ ਮੰਗ ਕੀਤੀ ਹੈ।
ਫੋਨ ਕਰਨ ਵਾਲੇ ਅਤੇ ਸੰਦੇਸ਼ ਭੇਜਣ ਵਾਲੇ ਨੇ ਉਸ ਨੂੰ ਦੱਸਿਆ ਸੀ ਕਿ ਉਹ ਪਹਿਲਾਂ ਹੀ ਕਈ ਲੋਕਾਂ ਤੋਂ ਪੈਸੇ ਵਸੂਲ ਕਰ ਚੁੱਕਾ ਹੈ। ਇਸ ਬਾਰੇ ਜਦੋਂ ਵਿਧਾਇਕ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਸੀਪੀ ਭਗਵੰਤ ਮਾਨ, ਡੀਜੀਪੀ ਗੌਰਵ ਯਾਦਵ ਨੂੰ ਪੱਤਰ ਲਿਖ ਕੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।








































