ਔਰਤ ਨਾਲ ਬਲਾਤਕਾਰ ਦੇ ਮਾਮਲੇ ‘ਚ ਗੁਰਦਾਸਪੁਰ ਦਾ SP ਗੁਰਮੀਤ ਸਿੰਘ ਅੜਿੱਕੇ

0
1486

ਗੁਰਦਾਸਪੁਰ : ਪੁਲਿਸ ਜ਼ਿਲ੍ਹਾ ਗੁਰਦਾਸਪੁਰ ਵਿਖੇ ਤਾਇਨਾਤ ਐੱਸਪੀ (ਹੈੱਡਕੁਆਰਟਰ) ਗੁਰਮੀਤ ਸਿੰਘ ਨੂੰ ਜਬਰ ਜਨਾਹ ਦੇ ਇਕ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਹਾਈ ਪ੍ਰੋਫਾਈਲ ਮਾਮਲੇ ’ਚ ਅੰਮ੍ਰਿਤਸਰ ਦਿਹਾਤੀ ਪੁਲਿਸ ਤੇ ਮੋਗਾ ਪੁਲਿਸ ਵੱਲੋਂ ਪੂਰੀ ਮੁਸਤੈਦੀ ਨਾਲ ਐੱਸਪੀ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਅਦਾਲਤ ’ਚ ਕਿਸੇ ਪੇਸ਼ੀ ’ਤੇ ਗਿਆ ਸੀ।

ਇਹ ਮਾਮਲਾ ਅਪ੍ਰੈਲ ਤੋਂ ਜਾਂਚ ਅਧੀਨ ਸੀ। ਔਰਤ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ, ਜਿਸ ਦੀ ਜਾਂਚ ਦੇ ਸਿਲਸਿਲੇ ’ਚ ਉਕਤ ਐੱਸਪੀ ਉਸ ਦੇ ਸੰਪਰਕ ’ਚ ਸੀ। ਔਰਤ ਦੇ ਦੋਸ਼ਾਂ ਪਿੱਛੋਂ ਐੱਸਆਈਟੀ ਦਾ ਗਠਨ ਕੀਤਾ ਗਿਆ ਸੀ। ਐੱਸਆਈਟੀ ਦੀ ਅਗਵਾਈ ਅੰਮ੍ਰਿਤਸਰ (ਦਿਹਾਤੀ) ਦੇ ਐੱਸਐੱਸਪੀ ਸਵਰਨਦੀਪ ਸਿੰਘ ਕਰ ਰਹੇ ਸਨ।

ਜਾਣਕਾਰੀ ਅਨੁਸਾਰ, ਦੀਨਾਨਗਰ ਦੀ ਇਕ ਔਰਤ ਵੱਲੋਂ ਐੱਸਪੀ ’ਤੇ ਜਬਰ ਜਨਾਹ ਦਾ ਦੋਸ਼ ਲਾਇਆ ਗਿਆ ਸੀ। ਇਸ ਸ਼ਿਕਾਇਤ ਦੇ ਆਧਾਰ ’ਤੇ ਐੱਸਪੀ ਗੁਰਮੀਤ ਸਿੰਘ ਖ਼ਿਲਾਫ਼ ਗੁਰਦਾਸਪੁਰ ਸਿਟੀ ਥਾਣੇ ’ਚ 2 ਜੁਲਾਈ ਨੂੰ ਧਾਰਾ 376 (2) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਸੋਮਵਾਰ ਸਵੇਰੇ ਉਸ ਨੂੰ ਮੋਗੇ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿੱਥੇ ਉਹ ਅਦਾਲਤ ’ਚ ਪੇਸ਼ੀ ਲਈ ਗਿਆ ਸੀ। ਡੀਐੱਸਪੀ ਰਵਿੰਦਰ ਸਿੰਘ ਤੇ ਇੰਸਪੈਕਟਰ ਹਰਜੀਤ ਕੌਰ, ਜੋ ਦੋਵੇਂ ਐੱਸਆਈਟੀ ਦੇ ਮੈਂਬਰ ਸਨ, ਇਸ ਅਧਿਕਾਰੀ ਨੂੰ ਹਿਰਾਸਤ ਵਿਚ ਲੈਣ ਉਚੇਚੇ ਤੌਰ ’ਤੇ ਮੋਗੇ ਗਏ ਸਨ।

ਜ਼ਿਕਰਯੋਗ ਹੈ ਕਿ ਇਹ ਦੂਜਾ ਅਜਿਹਾ ਮਾਮਲਾ ਹੈ ਜਦੋਂ ਗੁਰਦਾਸਪੁਰ ਵਿਖੇ ਤਾਇਨਾਤ ਐੱਸਪੀ ਰੈਂਕ ਦੇ ਅਧਿਕਾਰੀ ਨੂੰ ਜਬਰ-ਜਨਾਹ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਲ 2019 ’ਚ ਐੱਸਪੀ ਸਲਵਿੰਦਰ ਸਿੰਘ ਨੂੰ ਗੀਤਾ ਭਵਨ ਦੀ ਇਕ ਔਰਤ ਵੱਲੋਂ ਉਸ ਵਿਰੁੱਧ ਅਜਿਹੀ ਹੀ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਦੀ ਅਦਾਲਤੀ ਸੁਣਵਾਈ ਉਪਰੰਤ ਉਸ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ।