ਸਿਰਫ 22 ਸਾਲਾਂ ‘ਚ IPS ਅਫਸਰ ਬਣਨ ਵਾਲੇ ਸਿਮਰਨਜੀਤ ਮਾਨ ਕਿਵੇਂ ਆਏ ਸਨ ਸਿਆਸਤ ‘ਚ

0
8282

ਸੰਗਰੂਰ। ਸੰਗਰੂਰ ਜ਼ਿਮਨੀ ਚੋਣ ‘ਚ ਸਿਮਰਨਜੀਤ ਮਾਨ ਨੇ ਬਾਜ਼ੀ ਮਾਰ ਲਈ ਹੈ। ਸੰਗਰੂਰ ਜ਼ਿਮਨੀ ਚੋਣ ‘ਚ ਸਿਮਰਨਜੀਤ ਮਾਨ ਨੇ ਜਿੱਤ ਦਰਜ ਕੀਤੀ ਹੈ। ਮਾਨ ਨੇ ਪੂਰੇ ਫਸਵੇਂ ਮੁਕਾਬਲੇ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਹਰਾ ਦਿੱਤਾ ਹੈ।

ਬੀਜੇਪੀ ਦੇ ਕੇਵਲ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਕਮਲਜੀਤ ਕੌਰ ਅਤੇ ਕਾਂਗਰਸ ਦੇ ਦਲਵੀਰ ਗੋਲਡੀ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਦੌਰ ‘ਚ ਹੀ ਪਛੜ ਗਏ ਸਨ ਜੋ ਕਿ ਵੋਟਾਂ ਦੀ ਪੂਰੀ ਗਿਣਤੀ ਦੌਰਾਨ ਮੁਕਾਬਲੇ ‘ਚ ਆ ਹੀ ਨਹੀਂ ਸਕੇ।

ਸਗੋਂ ਪੂਰਾ ਮੁਕਾਬਲਾ ਸਿਮਰਨਜੀਤ ਮਾਨ ਅਤੇ ਗੁਰਮੇਲ ਘਰਾਚੋਂ ਵਿਚਕਾਰ ਹੀ ਰਿਹਾ। ਕਈ ਵਾਰ ਅਜਿਹਾ ਮੌਕਾ ਆਇਆ ਜਦੋਂ ਗੁਰਮੇਲ ਘਰਾਚੋਂ ਸਿਮਰਨਜੀਤ ਮਾਨ ਤੋਂ ਅੱਗੇ ਨਿੱਕਲੇ ਪਰ ਜ਼ਿਆਦਾਤਰ ਮਾਨ ਹੀ ਪੂਰੀ ਗਿਣਤੀ ਦੌਰਾਨ ਲੀਡ ‘ਚ ਰਹੇ ਅਤੇ ਅਖੀਰ ਉਨ੍ਹਾਂ ਨੇ ਜਿੱਤ ਦਰਜ ਕੀਤੀ।

ਹੁਣ ਗੱਲ ਕਰਦੇ ਆਂ ਸਿਮਰਨਜੀਤ ਸਿੰਘ ਮਾਨ ਦੀ ਜਿੰਦਗੀ ਬਾਰੇ। ਸਿਮਰਨਜੀਤ ਮਾਨ ਦਾ ਜਨਮ 20 ਮਈ 1945 ਨੂੰ ਲੈਫਟੀਨੈਂਟ ਕਰਨਲ ਜੋਗਿੰਦਰ ਸਿੰਘ ਮਾਨ ਦੇ ਘਰ ਹੋਇਆ। ਸਿਮਰਨਜੀਤ ਸਿੰਘ ਮਾਨ ਦੇ ਪਿਤਾ ਆਪ ਸਿਆਸਤ ਨਾਲ ਸਬੰਧ ਰੱਖਦੇ ਸਨ।

ਉਨ੍ਹਾਂ ਦੇ ਪਿਤਾ ਪੰਜਾਬ ਵਿਧਾਨ ਸਭਾ ਦੇ 1967 ਵਿਚ ਸਪੀਕਰ ਰਹਿ ਚੁੱਕੇ ਹਨ। ਸਿਮਰਨਜੀਤ ਸਿੰਘ ਮਾਨ ਇਤਿਹਾਸ, ਪੰਜਾਬੀ, ਧਰਮ ਤੇ ਰਾਜਨੀਤੀ ਸ਼ਾਸਤਰ ਵਿਚ ਗੋਲਡ ਮੈਡਲਿਸਟ ਹਨ।


ਸਿਮਰਨਜੀਤ ਮਾਨ ਨੇ 1966 ਵਿਚ ਸਿਵਲ ਸਰਵਿਸਿਸ ਦਾ ਟੈਸਟ ਕਲੀਅਰ ਕਰ ਲਿਆ ਸੀ ਤੇ ਇਕ ਸਾਲ ਬਾਅਦ ਉਹ ਆਈਪੀਐੱਸ ਅਫਸਰ ਬਣ ਗਏ ਸਨ।

ਉਹ ਪੰਜਾਬ ਕੇਡਰ ਵਜੋਂ ਲੁਧਿਆਣਾ ਦੇ ਏਐੱਸਪੀ, ਫਿਰੋਜਪੁਰ, ਫਰੀਦਕੋਟ ਦੇ ਐੱਸਐੱਸਪੀ, ਪਟਿਆਲਾ ਡਵੀਜ਼ਨ ਦੇ ਏਆਈਜੀ, ਵਿਜੀਲੈਂਸ ਬਿਊਰੋ ਦੇ ਡਿਪਟੀ ਡਾਇਰੈਕਟਰ, ਚੰਡੀਗੜ੍ਹ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ।

ਫਿਰ 1984 ਵਿਚ ਉਸ ਸਮੇਂ ਦੀ ਕਾਂਗਰਸ ਸਰਕਾਰ ਵਲੋਂ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਉਤੇ ਕੀਤੇ ਗਏ ਫੌਜੀ ਹਮਲੇ ਦੇ ਰੋਸ ਵਜੋਂ ਇਨ੍ਹਾਂ ਨੇ ਆਪਣੇ ਡੀਆਈਜੀ ਦੇ ਅਹੁਦੇ ਨੂੰ ਲੱਤ ਮਾਰ ਦਿੱਤੀ ਸੀ।

ਨੌਕਰੀ ਤੋਂ ਅਸਤੀਫਾ ਦੇਣ ਤੋਂ ਬਾਅਦ ਇਨ੍ਹਾਂ ਨੇ ਸਰਗਰਮ ਸਿਆਸਤ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਬਹੁਤ ਸਾਰੀਆਂ ਘਟਨਾਵਾਂ ਹੋਈਆਂ। ਫਿਰ ਇਨ੍ਹਾਂ ਨੇ ਆਪਣਾ ਅਕਾਲੀ ਦਲ (ਅ) ਬਣਾਇਆ, ਜਿਸ ਦੇ ਉਹ ਆਪ ਪ੍ਰਧਾਨ ਬਣੇ।

ਸਿਮਰਨਜੀਤ ਸਿੰਘ ਮਾਨ ਨੇ 1989 ਵਿਚ ਵੀ ਇਕ ਵਾਰ ਸੰਗਰੂਰ ਤੋਂ ਚੋਣ ਲੜੀ ਸੀ। ਜਿਸ ਵਿਚ ਉਨ੍ਹਾਂ ਨੇ ਜਿੱਤ ਹਾਸਲ ਕੀਤੀ ਸੀ ਤੇ ਹੁਣ ਫਿਰ 23 ਸਾਲ ਬਾਅਦ ਇਨ੍ਹਾਂ ਨੇ ਇਤਿਹਾਸ ਦੁਹਰਾਉਂਦਿਆਂ ਪੰਜਾਬ ਦੇ ਸੀਐੱਮ ਦੇ ਆਪਣੇ ਜੱਦੀ ਹਲਕੇ ਵਿਚ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਫਿਰ ਇਕ ਵਾਰ ਇਹ ਸਿੱਧ ਕਰ ਦਿੱਤਾ ਹੈ ਕਿ ਪੰਥ ਦਾ ਦਰਦ ਸਮਝਣ ਵਾਲਿਆਂ ਨੂੰ ਲੋਕ ਅੱਜ ਵੀ ਭੁੱਲੇ ਨਹੀਂ।