ਤਰਨਤਾਰਨ (ਬਲਜੀਤ ਸਿੰਘ) | ਚੋਣਾਂ ਦੇ ਦਿਨਾਂ ‘ਚ ਵੀ ਪੰਜਾਬ ਵਿੱਚ ਕ੍ਰਾਇਮ ਘੱਟ ਨਹੀਂ ਰਿਹਾ। ਸ਼ਨੀਵਾਰ ਨੂੰ ਤਰਤਾਰਨ ਵਿੱਚ 4 ਲੁਟੇਰਿਆਂ ਨੇ ਇੱਕ ਮੈਡੀਕਲ ਸਟੋਰ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਨਕਾਬਪੋਸ਼ 4 ਲੁਟੇਰਿਆਂ ਨੇ 80 ਸੈਕੰਡ ਦੇ ਵਿੱਚ 80 ਹਜ਼ਾਰ ਰੁਪਏ ਲੁੱਟ ਲਏ।
ਪਿੰਡ ਘਰਿਆਲਾ ਦੇ ਕੇਐੱਸ ਮੈਡੀਕਲ ਸਟੋਰ ਦੇ ਮਾਲਕ ਖਜ਼ਾਨ ਸਿੰਘ ਨੇ ਦੱਸਿਆ ਕਿ ਕਾਲੇ ਰੰਗ ਦੀ ਕਾਰ ‘ਤੇ ਆਏ ਚਾਰ ਹਥਿਆਰਬੰਦ ਵਿਅਕਤੀਆਂ ਲੁੱਟ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਲੁਟੇਰਿਆਂ ਨੇ ਉਨ੍ਹਾਂ ਨੂੰ ਅਤੇ ਕੰਮ ਕਰਨ ਵਾਲੇ ਮੁੰਡੇ ਨੂੰ ਬੰਧਕ ਬਣਾ ਕੇ 80 ਹਜ਼ਾਰ ਰੁਪਏ ਲੁੱਟ ਲਏ। ਲੁਟੇਰੇ ਦੁਕਾਨ ਦਾ ਸਮਾਨ ਵੀ ਲੈ ਗਏ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਦਿਨਦਹਾੜੇ ਲੁੱਟ ਦੀ ਵਾਰਦਾਤ ਨਾਲ ਦੁਕਾਨਦਾਰਾਂ ‘ਚ ਖ਼ੌਫ਼ ਦਾ ਮਾਹੌਲ ਹੈ।
ਖਜ਼ਾਨ ਸਿੰਘ ਨੇ ਕਿਹਾ ਕਿ ਦਿਨ ਦਿਹਾੜੇ ਲੁੱਟ ਹੋ ਜਾਣਾ ਕਿਸੇ ਅਤਿਵਾਦ ਨਾਲੋਂ ਘੱਟ ਨਹੀਂ ਹੈ। ਚੋਣ ਜਾਬਤਾ ਲੱਗਾ ਹੋਇਆ ਹੈ ਪਰ ਲੁਟੇਰੇ ਫਿਰ ਵੀ ਹਥਿਆਰ ਲੈ ਕੇ ਬਿਨਾਂ ਖ਼ੌਫ਼ ਘੁੰਮ ਰਹੇ ਹਨ। ਕਿਸੇ ਵੀ ਦੁਕਾਨਦਾਰ ਅਤੇ ਰਾਹਗੀਰ ਨੂੰ ਨਿਸ਼ਾਨਾ ਬਣਾ ਕੇ ਬੜੇ ਅਰਾਮ ਨਾਲ ਲੁੱਟ ਕੇ ਮੌਕੇ ਤੋਂ ਫ਼ਰਾਰ ਹੋ ਜਾਂਦੇ ਹਨ ਪਰ ਪੁਲਿਸ ਪ੍ਰਸ਼ਾਸਨ ਕੋਈ ਵੀ ਸਖ਼ਤ ਕਦਮ ਚੁੱਕਣ ਲਈ ਤਿਆਰ ਨਹੀਂ ਹੈ।
ਮੌਕੇ ਤੇ ਪਹੁੰਚੀ ਥਾਣਾ ਸਦਰ ਪੱਟੀ ਪੁਲਿਸ ਵੱਲੋਂ ਮੈਡੀਕਲ ਸਟੋਰ ਦੇ ਮਾਲਕ ਦੇ ਬਿਆਨਾਂ ਦੇ ਆਧਾਰ ‘ਤੇ ਇਨ੍ਹਾਂ ਚਾਰ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।