ਬੱਚਿਆਂ ਦਾ ਟੀਕਾਕਰਨ : CoWIN App ‘ਤੇ 1 ਜਨਵਰੀ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ, ਜਾਣੋ ਪ੍ਰਕਿਰਿਆ

0
8271

ਨਵੀਂ ਦਿੱਲੀ | ਭਾਰਤ ‘ਚ ਬੱਚਿਆਂ ਦੇ ਕੋਰੋਨਾ ਟੀਕਾਕਰਨ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ‘ਚ 15 ਤੋਂ 18 ਉਮਰ ਵਰਗ ਦੇ ਬੱਚਿਆਂ ਨੂੰ ਟੀਕਾਕਰਨ ਦਾ ਐਲਾਨ ਕੀਤਾ ਸੀ। ਇਹ ਟੀਕਾਕਰਨ 3 ਜਨਵਰੀ 2022 ਤੋਂ ਸ਼ੁਰੂ ਹੋਣਾ ਹੈ।

ਤਾਜ਼ਾ ਖ਼ਬਰ ਇਹ ਹੈ ਕਿ ਬੱਚਿਆਂ ਲਈ COVID-19 ਵੈਕਸੀਨ ਲਈ ਰਜਿਸਟ੍ਰੇਸ਼ਨ 1 ਜਨਵਰੀ, 2022 ਤੋਂ ਸ਼ੁਰੂ ਹੋਵੇਗੀ। CoWIN ਪਲੇਟਫਾਰਮ ਦੇ ਮੁਖੀ ਡਾ.ਆਰ. ਐੱਸ. ਸ਼ਰਮਾ ਅਨੁਸਾਰ, 15-18 ਸਾਲ ਦੀ ਉਮਰ ਦੇ ਬੱਚੇ 1 ਜਨਵਰੀ ਤੋਂ CoWIN ਐਪ ‘ਤੇ ਰਜਿਸਟਰਡ ਕਰ ਸਕਣਗੇ।

ਇਸ ਦੇ ਲਈ CoWIN ਐਪ ‘ਤੇ ਜ਼ਰੂਰੀ ਬਦਲਾਅ ਕੀਤੇ ਗਏ ਹਨ। ਇਥੇ 10ਵਾਂ ਆਈਡੀ ਕਾਰਡ ਜੋੜਿਆ ਗਿਆ ਹੈ। ਇਸ ਦਾ ਨਾਂ ਵਿਦਿਆਰਥੀ ਆਈਡੀ ਕਾਰਡ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਹੋ ਸਕਦਾ ਹੈ ਕੁਝ ਬੱਚਿਆਂ ਕੋਲ ਆਧਾਰ ਕਾਰਡ ਜਾਂ ਕੋਈ ਹੋਰ ਪਛਾਣ-ਪੱਤਰ ਨਾ ਹੋਵੇ।

ਬੱਚਿਆਂ ਦਾ ਟੀਕਾਕਰਨ, ਜਾਣੋ ਕੀ ਹੈ ਸਰਕਾਰ ਦੀ ਤਿਆਰੀ

ਸਮਾਚਾਰ ਏਜੰਸੀ ਪੀਟੀਆਈ ਅਨੁਸਾਰ ਭਾਰਤ ਬਾਇਓਟੈਕ ਦੀ ਕੋਵੈਕਸੀਨ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਲਈ ਉਪਲਬਧ ਇਕੋ-ਇਕ ਵੈਕਸੀਨ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, Zydus Cadila ਦੀ ਵੈਕਸੀਨ ZyCoV-D ਨੂੰ ਵੀ ਬੱਚਿਆਂ ਦੇ ਲਈ ਮਨਜ਼ੂਰੀ ਦਿੱਤੀ ਗਈ ਹੈ।

ZyCoV-D ਬੱਚਿਆਂ ‘ਤੇ ਵਰਤੋਂ ਲਈ ਪ੍ਰਵਾਨਿਤ ਪਹਿਲਾ ਟੀਕਾ ਸੀ ਪਰ ਇਹ 3 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਟੀਕਾਕਰਨ ਪ੍ਰੋਗਰਾਮ ਦਾ ਹਿੱਸਾ ਨਹੀਂ ਹੋ ਸਕਦਾ ਕਿਉਂਕਿ ਅਜੇ ਤੱਕ ਇਸ ਦੀ ਵਰਤੋਂ ਬਾਲਗਾਂ ਲਈ ਨਹੀਂ ਕੀਤੀ ਗਈ।

ਨੈਸ਼ਨਲ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਨ ਇਮਯੂਨਾਈਜ਼ੇਸ਼ਨ (ਐੱਨਟੀਜੀਆਈ) ਦੇ ਪ੍ਰਧਾਨ ਡਾ. ਐੱਨ. ਕੇ. ਅਰੋੜਾ ਨੇ ਐਤਵਾਰ ਨੂੰ ਕਿਹਾ ਕਿ ਕੋਵੈਕਸੀਨ ਨੇ ਪ੍ਰੀਖਣ ਦੌਰਾਨ ਬੱਚਿਆਂ ਵਿੱਚ ਚੰਗੀ ਪ੍ਰਤੀਰੋਧਕ ਪ੍ਰਤੀਕਿਰਿਆ ਦਿਖਾਈ ਹੈ।

ਨਿਊਜ਼ ਏਜੰਸੀ ਏਐੱਨਆਈ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਡਾ. ਅਰੋੜਾ ਨੇ ਕਿਹਾ, “12 ਤੋਂ 18 ਸਾਲ ਦੇ ਬੱਚੇ, ਖਾਸ ਤੌਰ ‘ਤੇ 15 ਤੋਂ 18 ਸਾਲ ਦੀ ਉਮਰ ਵਿੱਚ ਬਾਲਗਾਂ ਵਾਂਗ ਬਹੁਤ ਜ਼ਿਆਦਾ ਹੁੰਦੇ ਹਨ।

ਦੇਸ਼ ਅੰਦਰ ਸਾਡੀ ਖੋਜ ਇਹ ਵੀ ਦੱਸਦੀ ਹੈ ਕਿ ਭਾਰਤ ਵਿੱਚ ਕੋਵਿਡ ਕਾਰਨ ਹੋਣ ਵਾਲੀਆਂ ਮੌਤਾਂ ਵਿੱਚੋਂ ਲਗਭਗ ਦੋ ਤਿਹਾਈ ਮੌਤਾਂ ਇਸ ਉਮਰ ਵਰਗ ਵਿੱਚ ਹੁੰਦੀਆਂ ਹਨ। ਇਹੀ ਕਾਰਨ ਹੈ ਕਿ ਬੱਚਿਆਂ ਨੂੰ ਟੀਕਾਕਰਨ ਦਾ ਫੈਸਲਾ ਕੀਤਾ ਗਿਆ ਹੈ।