ਪੰਜਾਬ ਦੇ ਵਪਾਰੀਆਂ ਨਾਲ ਦਿੱਲੀ ਦੇ ਮੁੱਖ ਮੰਤਰੀ ਨੇ ਕੀਤੇ 10 ਵਾਅਦੇ, ਕਿਹਾ- ਇਕ ਮੌਕਾ ਸਾਨੂੰ ਵੀ ਦਿਓ, ਪੜ੍ਹੋ ਵਾਅਦਿਆਂ ਦੀ ਡਿਟੇਲ

0
8123

ਜਲੰਧਰ | ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਲੰਧਰ ਦੇ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਉਦਯੋਗ, ਵਪਾਰ ਅਤੇ ਕਾਰੋਬਾਰ ਦੇ ਵਿਕਾਸ ਤੇ ਉਥਾਨ ਲਈ 10 ਵਾਅਦੇ ਕਰਦਿਆਂ ਉਨ੍ਹਾਂ ਨੂੰ 2022 ਵਿੱਚ ਬਣਨ ਵਾਲੀ ‘ਆਪ’ ਦੀ ਸਰਕਾਰ ਵਿੱਚ ਭਾਗੀਦਾਰ ਬਣਨ ਦੀ ਅਪੀਲ ਕੀਤੀ।

ਕੇਜਰੀਵਾਲ ਨੇ ਵਪਾਰੀਆਂ-ਕਾਰੋਬਾਰੀਆਂ ਤੇ ਉਦਯੋਗਪਤੀਆਂ ਦਾ ਸਾਥ ਮੰਗਦਿਆਂ ਕਿਹਾ, ”ਤੁਸੀਂ ਕਾਂਗਰਸ-ਕੈਪਟਨ ਅਤੇ ਬਾਦਲਾਂ ਨੂੰ ਪਰਖ਼ ਕੇ ਦੇਖ ਲਿਆ ਹੈ, ਹੁਣ ਇਕ ਮੌਕਾ ਸਾਨੂੰ ਨੂੰ ਵੀ ਦਿਓ। ਸਾਨੂੰ ਕਾਰੋਬਾਰੀਆਂ ਕੋਲੋਂ ਫੰਡ ਨਹੀਂ ਚਾਹੀਦੇ, ਸਾਨੂੰ ਸਿਰਫ਼ ਸਾਥ ਚਾਹੀਦਾ ਹੈ।”

ਕੇਜਰੀਵਾਲ ਬੁੱਧਵਾਰ ਨੂੰ ਜਲੰਧਰ ‘ਚ ਆਯੋਜਿਤ ‘ਵਪਾਰੀਆਂ ਤੇ ਕਾਰੋਬਾਰੀਆਂ ਨਾਲ, ਕੇਜਰੀਵਾਲ ਦੀ ਗੱਲਬਾਤ’ ਨਾਂ ਦੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ, ਜੋ ਜਲੰਧਰ ਸਮੇਤ ਪੰਜਾਬ ਦੇ ਕਾਰੋਬਾਰੀਆਂ ਅਤੇ ਵਪਾਰੀਆਂ ਨੂੰ ਦਰਪੇਸ਼ ਦਿੱਕਤਾਂ, ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਲਈ ਸੁਝਾਅ ਲੈਣ ਲਈ ‘ਆਪ’ ਪੰਜਾਬ ਵੱਲੋਂ ਆਯੋਜਿਤ ਕੀਤਾ ਗਿਆ ਸੀ।

ਉਨ੍ਹਾਂ ਪੰਜਾਬ ਦੇ ਉਦਯੋਗਪਤੀਆਂ, ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ‘ਇਕ ਮੌਕਾ ਸਾਨੂੰ ਵੀ ਦੇਵੋ।’ ਮੰਚ ‘ਤੇ ਭਗਵੰਤ ਮਾਨ, ਜਰਨੈਲ ਸਿੰਘ, ਰਾਘਵ ਚੱਢਾ, ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਵੀ ਹਾਜ਼ਰ ਸਨ।

ਕੇਜਰੀਵਾਲ ਨੇ ਪਹਿਲਾ ਵਾਅਦਾ ਕਰਦਿਆਂ ਕਿਹਾ ਕਿ ਪੰਜਾਬ ਦੇ ਉਦਯੋਗਾਂ ਅਤੇ ਵਪਾਰ ਨੂੰ 24 ਘੰਟੇ ਤੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ ਕਿਉਂਕਿ ਬਿਨਾਂ ਬਿਜਲੀ ਤੋਂ ਉਦਯੋਗ, ਵਪਾਰ ਤੇ ਘਰ ਨਹੀਂ ਚੱਲ ਸਕਦੇ।

ਦੂਜਾ ਵਾਅਦਾ, ਇੰਸਪੈਕਟਰੀ ਰਾਜ ਤੇ ਲਾਲ ਫੀਤਾਸ਼ਾਹੀ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੇ ਜਾਣਗੇ ਤੇ ਪੁਰਾਣੇ ਗੈਰ-ਲੋੜੀਂਦੇ ਕਾਨੂੰਨ ਰੱਦ ਕੀਤੇ ਜਾਣਗੇ।

ਤੀਜਾ ਵਾਅਦਾ, 3 ਤੋਂ 6 ਮਹੀਨਿਆਂ ਵਿੱਚ ਵੈਟ ਵਾਪਸੀ ਦਾ ਪ੍ਰਬੰਧ ਕੀਤਾ ਜਾਵੇਗਾ ਕਿਉਂਕਿ ਵਪਾਰੀ ਲਈ ਸਮੇਂ ਸਿਰ ਪੈਸਾ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਹੈ।

ਚੌਥਾ ਵਾਅਦਾ, ਉਦਯੋਗਿਕ ਖੇਤਰਾਂ ਚ ਵਿਧੀਬੱਧ ਢਾਂਚਾ (ਇਨਫਰਾਸਟਰੱਕਚਰ) ਉਸਾਰਨ ਲਈ ਵਿਸ਼ੇਸ਼ ਬਜਟ ਰੱਖਣ ਦਾ ਦਾਅਵਾ ਕੀਤਾ।

5ਵਾਂ ਵਾਅਦਾ, ਉਦਯੋਗਿਕ ਫੋਕਲ ਪੁਆਇੰਟਾਂ ਵਿੱਚ ਦਿੱਤੇ ਪਲਾਂਟਾਂ ਦੀ ਵਾਧੂ ਕੀਮਤ ਵਸੂਲੀ ਬੰਦ, ਉਦਯੋਗ, ਕਾਰੋਬਾਰ ਦਾ ਪਲਾਂਟ ਇਕ ਵਾਰ ਵੇਚਣ ਤੋਂ ਬਾਅਦ ਉਦਯੋਗਪਤੀ ਤੋਂ ਵਾਰ-ਵਾਰ ਪੈਸੇ ਲੈਣਾ ਉਨ੍ਹਾਂ ਦਾ ਖੂਨ ਨਿਚੋੜਨ ਦੇ ਬਰਾਬਰ ਹੈ। ਜਦੋਂ ਸਰਕਾਰ ਨੇ ਉਦਯੋਗਿਕ ਖੇਤਰ ਦਾ ਪਲਾਟ ਇਕ ਵਾਰ ਵੇਚ ਦਿੱਤਾ ਤਾਂ ਫਿਰ ਹੋਰ ਵਾਧੂ ਪੈਸੇ ਵਸੂਲਣ ਦੀ ਲੋੜ ਨਹੀਂ।

6ਵਾਂ ਵਾਅਦਾ, ਉਦਯੋਗਿਕ ਖੇਤਰ ਬਣਾ ਕੇ ਦਿੱਤੇ ਜਾਣ ਵਾਲੇ ਪਲਾਂਟਾਂ ‘ਤੇ ਕਾਰੋਬਾਰੀ ਕੋਲੋਂ ਸੀਐੱਲਯੂ ਨਹੀਂ ਲਿਆ ਜਾਵੇਗਾ ਅਤੇ ਜ਼ਮੀਨ ਖ਼ਰੀਦਣ ਤੋਂ ਬਾਅਦ ਉਦਯੋਗ ਜਾਂ ਵਪਾਰ ਸਥਾਪਤ ਕਰਨ ਲਈ ਹੋਰ ਸਰਕਾਰੀ ਮਨਜ਼ੂਰੀਆਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ।

7ਵਾਂ ਵਾਅਦਾ, ਪੰਜਾਬ ਦੇ ਕਾਰੋਬਾਰੀਆਂ ਕੋਲੋਂ ਲਿਆ ਜਾਂਦਾ ਗੁੰਡਾ ਟੈਕਸ ਬੰਦ, ਪੰਜਾਬ ਦੇ ਕੁਝ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਗੁੰਡਾ ਵਸੂਲੀ ਕੀਤੀ ਜਾਂਦੀ ਹੈ, ਜੋ ਸਾਡੀ ਸਰਕਾਰ ਬਣਨ ‘ਤੇ ਬੰਦ ਕੀਤੀ ਜਾਵੇਗੀ।

8ਵਾਂ ਵਾਅਦਾ, ਉਦਯੋਗਪਤੀਆਂ ਤੇ ਵਪਾਰੀਆਂ ਨੂੰ ਭਾਗੀਦਾਰ ਬਣਨ ਦਾ ਸੱਦਾ, ਉਦਯੋਗਪਤੀਆਂ, ਵਪਾਰੀਆਂ ਅਤੇ ਸਰਕਾਰੀ ਨੁਮਾਇੰਦਿਆਂ ਦੀ ਇਕ ਸਾਂਝੀ ਕਮੇਟੀ ਬਣਾਈ ਜਾਵੇਗੀ, ਜਿਸ ਦਾ ਮੁਖੀ ਪੰਜਾਬ ਦਾ ਉਦਯੋਗ ਮੰਤਰੀ ਹੋਵੇਗਾ।

ਕੇਜਰੀਵਾਲ ਨੇ ਛੋਟੇ ਉਦਯੋਗ ਤੇ ਐੱਮਐੱਸਐੱਮਈ ਨੂੰ ਹੋਰ ਵਧਾਉਣ ਦੇ ਨਾਲ-ਨਾਲ ਰੋਜ਼ਗਾਰ ਵਧਾਉਣ ਦਾ ਐਲਾਨ ਵੀ ਕੀਤਾ।