ਟਰਾਂਸਪੋਰਟ ਵਿਭਾਗ ਵੱਲੋਂ ਬਿਨਾਂ ਟੈਕਸ ਚੱਲ ਰਹੀਆਂ ਨਿੱਜੀ ਕੰਪਨੀਆਂ ਦੀਆਂ 15 ਬੱਸਾਂ ਜ਼ਬਤ

0
7016

ਵਿਭਾਗ ਦੇ ਨਿਯਮਾਂ ਤੇ ਸ਼ਰਤਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਰਾਜਾ ਵੜਿੰਗ

ਚੰਡੀਗੜ੍ਹ | ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਅੱਜ ਸੂਬੇ ‘ਚ ਬਿਨਾਂ ਟੈਕਸ ਚੱਲ ਰਹੀਆਂ ਨਿੱਜੀ ਕੰਪਨੀਆਂ ਦੀਆਂ 15 ਬੱਸਾਂ ਨੂੰ ਜ਼ਬਤ ਕਰ ਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਨਿੱਜੀ ਕੰਪਨੀਆਂ ਦੀਆਂ ਬੱਸਾਂ ਦੇ ਬਿਨਾਂ ਟੈਕਸ ਚੱਲਣ ਸਬੰਧੀ ਨਿਰੰਤਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਕਾਰਨ ਵਿਭਾਗ ਦੀਆਂ ਵਿਸ਼ੇਸ਼ ਜਾਂਚ ਟੀਮਾਂ ਗਠਿਤ ਕਰਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਸੂਬੇ ਦੇ 4 ਜ਼ਿਲ੍ਹਿਆਂ ਫ਼ਰੀਦਕੋਟ, ਬਠਿੰਡਾ, ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਵਿਸ਼ੇਸ਼ ਜਾਂਚ ਟੀਮਾਂ ਨੇ 15 ਬੱਸਾਂ ਜ਼ਬਤ ਕੀਤੀਆਂ ਹਨ।

ਫ਼ਰੀਦਕੋਟ ਵਿਖੇ ਜੁਝਾਰ ਬੱਸ ਸਰਵਿਸ ਦੀਆਂ 2 ਤੇ ਨਿਊ ਦੀਪ ਦੀਆਂ ਵੀ 2 ਬੱਸਾਂ ਜ਼ਬਤ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਜ਼ਿਲ੍ਹਾ ਬਠਿੰਡਾ ਵਿੱਚ ਨਿਊ ਦੀਪ ਦੀਆਂ 2 ਬੱਸਾਂ, ਓਰਬਿਟ ਦੀ 1 ਬੱਸ ਤੇ ਰਾਜਧਾਨੀ ਬੱਸ ਸਰਵਿਸ ਦੀ 1 ਬੱਸ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਬਾਬਾ ਬੁੱਢਾ ਟਰਾਂਸਪੋਰਟ ਸਰਵਿਸ ਦੀਆਂ 2 ਬੱਸਾਂ, ਜ਼ਿਲ੍ਹਾ ਲੁਧਿਆਣਾ ਵਿੱਚ ਓਰਬਿਟ ਬੱਸ ਦੀ 1 ਬੱਸ, ਜੁਝਾਰ ਬੱਸ ਸਰਵਿਸ ਦੀਆਂ 2 ਬੱਸਾਂ, ਲਿਬੜਾ ਬੱਸ ਸਰਵਿਸ ਦੀ 1 ਬੱਸ ਤੇ ਨਾਗਪਾਲ ਬੱਸ ਸਰਵਿਸ ਦੀ 1 ਬੱਸ ਕਬਜ਼ੇ ਵਿੱਚ ਲਈ ਗਈ ਹੈ।

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਨਿਯਮਾਂ ਤੇ ਸ਼ਰਤਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।