ਸੁਖਬੀਰ ਬਾਦਲ ਲਿਆਏ ਸਨ ਸਿਆਸਤ ‘ਚ, ਨਵਜੋਤ ਸਿੱਧੂ ਨਾਲ ਪਰਗਟ ਸਿੰਘ ਨੇ ਜੁਆਇਨ ਕੀਤੀ ਸੀ ਕਾਂਗਰਸ, ਸਾਬਕਾ ਕਪਤਾਨ ਨੇ ਹਾਕੀ ‘ਚ ਵੀ ਗੱਡੇ ਝੰਡੇ

0
1347

ਜਲੰਧਰ | ਵਿਧਾਇਕ ਪਰਗਟ ਸਿੰਘ ਸਿਆਸਤ ‘ਚ ਆਉਣ ਤੋਂ ਪਹਿਲਾਂ ਹਾਕੀ ਦੇ ਬੈਸਟ ਖਿਡਾਰੀ ਰਹੇ ਹਨ। ਸਿਆਸਤ ‘ਚ ਵੀ ਜਦੋਂ-ਜਦੋਂ ਉਹ ਹਾਸ਼ੀਏ ‘ਤੇ ਜਾਂਦੇ ਦਿਸੇ, ਉਨ੍ਹਾਂ ਜ਼ਬਰਦਸਤ ਵਾਪਸੀ ਕਰ ਕੇ ਵਿਰੋਧੀਆਂ ਨੂੰ ਚਾਰੋਂ ਖਾਨੇ ਚਿੱਤ ਕਰ ਦਿੱਤਾ।

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਵਾਉਣ ‘ਚ ਉਨ੍ਹਾਂ ਅੱਗੇ ਹੋ ਕੇ ਕੰਮ ਕੀਤਾ। ਇਸੇ ਦਾ ਨਤੀਜਾ ਹੈ ਕਿ ਉਹ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੰਤਰੀ ਮੰਡਲ ‘ਚ ਨਵੇਂ ਮੰਤਰੀਆਂ ਦੀ ਲਿਸਟ ਵਿੱਚ ਹਨ।

ਸਾਲ 2012 ‘ਚ ਉਹ ਸਿਆਸਤ ‘ਚ ਆਏ ਤੇ ਅਕਾਲੀ ਦਲ ਦੀ ਟਿਕਟ ‘ਤੇ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਜਿੱਤੇ। ਇਸ ਤੋਂ ਬਾਅਦ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਉਹ ਪਾਰਟੀ ਵਿੱਚ ਮੁਸ਼ਕਿਲ ‘ਚ ਫਸਦੇ ਦਿਸੇ ਤਾਂ ਕਾਂਗਰਸ ਦਾ ਹੱਥ ਫੜ ਲਿਆ। ਕਾਂਗਰਸ ਦੀ ਟਿਕਟ ‘ਤੇ ਉਨ੍ਹਾਂ ਇਕ ਵਾਰ ਫਿਰ ਕੈਂਟ ਤੋਂ ਜਿੱਤ ਦਰਜ ਕੀਤੀ।

ਪੰਜਾਬ ਕਾਂਗਰਸ ਦਾ ਜਨਰਲ ਸਕੱਤਰ ਬਣਨ ਤੋਂ ਬਾਅਦ ਉਨ੍ਹਾਂ ਵਿਧਾਇਕਾਂ ਤੇ ਮੰਤਰੀਆਂ ਨੂੰ ਕੈਪਟਨ ਖਿਲਾਫ਼ ਲਾਮਬੰਦ ਕੀਤਾ ਤੇ ਆਖ਼ਿਰਕਾਰ ਉਨ੍ਹਾਂ ਨੂੰ ਅਹੁਦੇ ਤੋਂ ਹਟਵਾਉਣ ‘ਚ ਸਫ਼ਲ ਰਹੇ। ਸਿੱਧੂ ਦੇ ਕਰੀਬੀ ਹੋਣ ਕਾਰਨ ਇਥੋਂ ਉਨ੍ਹਾਂ ਦੇ ਮੰਤਰੀ ਬਣਨ ਦਾ ਰਾਹ ਵੀ ਖੁੱਲ੍ਹ ਗਿਆ।

ਸੁਖਬੀਰ ਬਾਦਲ ਨੇ ਕਰਵਾਈ ਸੀ ਸਿਆਸਤ ‘ਚ ਐਂਟਰੀ

ਸਾਲ 2012 ‘ਚ ਪਰਗਟ ਸਿੰਘ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਿਆਸਤ ‘ਚ ਲਿਆਏ ਸਨ। ਉਸ ਵੇਲੇ ਉਹ ਸਪੋਰਟਸ ਡਾਇਰੈਕਟਰ ਸਨ। ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਨੇ 2012 ‘ਚ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਵਿਧਾਨ ਸਭਾ ਚੋਣ ਅਕਾਲੀ ਦਲ ਦੀ ਟਿਕਟ ‘ਤੇ ਜਿੱਤੀ।

2016 ‘ਚ ਮੰਤਰੀ ਨਾ ਬਣਾਏ ਜਾਣ ਕਾਰਨ ਉਨ੍ਹਾਂ ਸੁਖਬੀਰ ਬਾਦਲ ਤੇ ਅਕਾਲੀ ਦਲ ਦੀਆਂ ਨੀਤੀਆਂ ਦੀ ਅਲੋਚਨਾ ਸ਼ੁਰੂ ਕਰ ਦਿੱਤੀ ਤੇ ਕਾਂਗਰਸ ਵੱਲ ਰੁਖ਼ ਕਰ ਲਿਆ। 2017 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਰਗਟ ਸਿੰਘ ਨੇ ਸਿੱਧੂ ਨਾਲ ਕਾਂਗਰਸ ਜੁਆਇਨ ਕੀਤੀ ਤੇ ਕਾਂਗਰਸ ਦੀ ਟਿਕਟ ‘ਤੇ ਕੈਂਟ ਤੋਂ ਚੋਣ ਲੜੀ ਤੇ ਦੁਬਾਰਾ ਵਿਧਾਇਕ ਬਣੇ।

2021 ‘ਚ ਜਿਉਂ ਹੀ ਵਿਧਾਨ ਸਭਾ ਚੋਣਾਂ ਦੀਆਂ ਸਿਆਸੀ ਸਰਗਰਮੀਆਂ ਤੇਜ਼ ਹੋਈਆਂ ਤਾਂ ਪਰਗਟ ਨੇ ਕੈਪਟਨ ‘ਤੇ ਹਮਲੇ ਹੋਰ ਤੇਜ਼ ਕਰ ਦਿੱਤੇ। ਪਰਗਟ ਦੇ ਘਰ ਕੈਪਟਨ ਵਿਰੋਧੀ ਵਿਧਾਇਕਾਂ ਦੀਆਂ ਬੈਠਕਾਂ ਸ਼ੁਰੂ ਹੋ ਗਈਆਂ। ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਪਰਗਟ ਸਿੰਘ ਨੂੰ ਇਕ ਹਫ਼ਤੇ ਦੇ ਅੰਦਰ ਹੀ ਸਿੱਧੂ ਨੇ ਆਪਣੀ ਟੀਮ ‘ਚ ਸ਼ਾਮਿਲ ਕਰ ਕੇ ਜਨਰਲ ਸਕੱਤਰ ਬਣਾ ਦਿੱਤਾ।

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।