ਮੁੱਖ ਮੰਤਰੀ ਨੇ ਕੇਂਦਰ ਵੱਲੋਂ ਕਣਕ ਦੀ MSP ‘ਚ ਵਾਧੇ ਨੂੰ ਦੱਸਿਆ ਸ਼ਰਮਨਾਕ, ਕਿਹਾ- ਭਾਜਪਾ ਨੇ ਅੰਨਦਾਤਾ ਨਾਲ ਕੀਤਾ ਕੋਝਾ ਮਜ਼ਾਕ

0
1494

ਚੰਡੀਗੜ੍ਹ| ਕੇਂਦਰੀ ਕੈਬਨਿਟ ਵੱਲੋਂ ਕਣਕ ਦੀ ਐੱਮਐੱਸਪੀ ‘ਚ ਕੀਤੇ ਵਾਧੇ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਕੇਂਦਰ ਸਰਕਾਰ ਨੂੰ ਮੁਸੀਬਤਾਂ ਵਿੱਚ ਘਿਰੇ ਕਿਸਾਨਾਂ, ਜੋ ਕਿ ਪਿਛਲੇ 10 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰਨ ਲਈ ਸੜਕਾਂ ‘ਤੇ ਉਤਰੇ ਹੋਏ ਹਨ, ਦੇ ਜ਼ਖਮਾਂ ਉਤੇ ਲੂਣ ਭੁੱਕਣ ਬਰਾਬਰ ਦੱਸਿਆ।

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਭਾਰਤ ਦਾ ਖੇਤੀਬਾੜੀ ਖੇਤਰ ਔਖੇ ਸਮੇਂ ‘ਚੋਂ ਲੰਘ ਰਿਹਾ ਹੈ ਅਤੇ ਕਿਸਾਨ ਢੁੱਕਵੀਂ ਐੱਮਐੱਸਪੀ ਲਈ ਅੰਦੋਲਨ ਕਰ ਰਹੇ ਹਨ, ਅਜਿਹੇ ਸਮੇਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਅੰਨਦਾਤਿਆਂ ਨਾਲ ਕੋਝਾ ਮਜ਼ਾਕ ਕੀਤਾ ਹੈ।

ਕਣਕ ਦੀ ਐੱਮਐੱਸਪੀ ਨੂੰ ਪ੍ਰਤੀ ਕੁਇੰਟਲ 2830 ਰੁਪਏ ਨਿਰਧਾਰਤ ਕੀਤੇ ਜਾਣ (ਕੇਂਦਰ ਦੁਆਰਾ ਐਲਾਨੀ 2015 ਰੁਪਏ ਪ੍ਰਤੀ ਕੁਇੰਟਲ ਦੀ ਨਿਗੂਣੀ ਜਿਹੀ ਕੀਮਤ ਦੀ ਥਾਂ) ਦੀ ਮੰਗ ਕਰਦਿਆਂ ਕੈਪਟਨ ਨੇ ਕਿਹਾ ਕਿ ਕਿਸਾਨਾਂ ਨੂੰ ਉਪਭੋਗਤਾਵਾਂ ਨੂੰ ਆਰਥਿਕ ਛੋਟ ਦੇਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਰਾਹਤ ਤਾਂ ਉਹ ਪਿਛਲੇ ਕਾਫੀ ਸਮੇਂ ਤੋਂ ਦਿੰਦੇ ਆ ਰਹੇ ਹਨ।

ਕਣਕ ਦੀ ਐੱਮਐੱਸਪੀ ਨੂੰ ਪ੍ਰਤੀ ਕੁਇੰਟਲ 2015 ਰੁਪਏ ਨਿਰਧਾਰਤ ਕੀਤੇ ਜਾਣ ਨੂੰ ਪੰਜਾਬ ਦੇ ਕਿਸਾਨਾਂ ਦੀਆਂ ਉਮੀਦਾਂ ਤੋਂ ਕਿਤੇ ਹੇਠਾਂ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੂਬੇ ਵਿੱਚ ਕਣਕ ਦੀ ਪੈਦਾਵਾਰ ਦੀ ਲਾਗਤ ਨੂੰ ਮੁੱਖ ਰੱਖਦਿਆਂ ਪ੍ਰਤੀ ਕੁਇੰਟਲ 2830 ਰੁਪਏ ਐੱਮਐੱਸਪੀ ਦਾ ਸੁਝਾਅ ਦਿੱਤਾ ਸੀ। ਸੀਏਸੀਪੀ ਦੇ ਅਨੁਮਾਨ ਮੁਤਾਬਕ ਬੀਤੇ ਵਰ੍ਹੇ ਸਿਰਫ ਵਿਸਥਾਰਤ ਉਤਪਾਦਨ ਲਾਗਤ ਹੀ 3.5 ਫੀਸਦੀ ਵੱਧ ਗਈ ਸੀ ਅਤੇ ਇਸ ਨਾਲ ਤਾਂ ਲਾਗਤ ਖਰਚਿਆਂ ਵਿਚਲੀ ਮੁੱਦਰਾ ਸਫੀਤੀ ਵੀ ਪੂਰੀ ਨਹੀਂ ਪੈਂਦੀ।

ਮੁੱਖ ਮੰਤਰੀ ਨੇ ਕਿਹਾ ਕਿ ਕਣਕ ਦੀ ਐੱਮਐੱਸਪੀ ਹਾੜੀ ਦੇ ਸੀਜ਼ਨ (2021-22) ਵਿੱਚ 1975 ਰੁਪਏ ਪ੍ਰਤੀ ਕੁਇੰਟਲ ਤੋਂ ਵਧਦੀ ਹੋਈ ਹਾੜੀ (2022-23) ਲਈ 2015 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ ਹੈ, ਜੋ ਕਿ ਬੀਤੇ ਵਰ੍ਹੇ ਦੇ ਮੁਕਾਬਲੇ ਸਿਰਫ 2 ਫੀਸਦੀ ਵਾਧਾ ਹੈ ਪਰ ਲਾਗਤ ਖਰਚੇ ਕਾਫੀ ਵੱਧ ਗਏ ਹਨ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)