ਅੰਮ੍ਰਿਤਸਰ : ਨਸ਼ਾ ਸਮੱਗਲਰਾਂ ਕੋਲੋਂ 21 ਕਿੱਲੋ ਹੈਰੋਇਨ ਤੇ 1.9 ਕਰੋੜ ਰੁਪਏ ਬਰਾਮਦ

0
2228

ਚੰਡੀਗੜ੍ਹ/ਅੰਮ੍ਰਿਤਸਰ | ਜੰਮੂ-ਕਸ਼ਮੀਰ ਪੁਲਿਸ ਅਤੇ ਭਾਰਤੀ ਫੌਜ ਵੱਲੋਂ ਚਲਾਏ ਸਾਂਝੇ ਆਪ੍ਰੇਸ਼ਨ ਤਹਿਤ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਤੋਂ 1.64 ਕਰੋੜ ਰੁਪਏ ਦੀ ਡਰੱਗ ਮਨੀ ਨਾਲ ਭਰੇ 2 ਬੈਗ ਬਰਾਮਦ ਕੀਤੇ ਗਏ।

ਇਹ ਡਰੱਗ ਮਨੀ ਕਥਿਤ ਤੌਰ ‘ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 26 ਅਗਸਤ 2021 ਨੂੰ ਜ਼ਬਤ ਕੀਤੀ 17 ਕਿਲੋ ਹੈਰੋਇਨ ਨਾਲ ਸਬੰਧਤ ਦੱਸੀ ਜਾਂਦੀ ਹੈ। ਪੁਲਿਸ ਵੱਲੋਂ ਇਹ ਬਰਾਮਦਗੀ ਅੰਮ੍ਰਿਤਸਰ ਅਧਾਰਤ ਰਣਜੀਤ ਸਿੰਘ ਉਰਫ ਸੋਨੂੰ, ਜੋ ਆਪਣੀ ਟੋਇਟਾ ਇਨੋਵਾ ਕੈਬ ਦੇ ਹੇਠਲੇ ਭਾਗ ਵਿੱਚ ਵਿਸ਼ੇਸ਼ ਤੌਰ ‘ਤੇ ਫਿੱਟ ਕੀਤੇ ਕੰਪਾਰਟਮੈਂਟ ਰਾਹੀਂ ਸਮੱਗਲਿੰਗ ਕਰ ਰਿਹਾ ਸੀ, ਕੋਲੋਂ ਕੀਤੀ ਗਈ।

ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਜਾਂਚ ਦੌਰਾਨ ਸੋਨੂੰ ਨੇ ਖੁਲਾਸਾ ਕੀਤਾ ਕਿ ਉਸ ਨੇ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਇਲਾਕੇ  ਦੇ ਨਸ਼ਾ ਸਮੱਗਲਰਾਂ ਤੋਂ ਨਸ਼ੇ ਦੀ ਖੇਪ ਪ੍ਰਾਪਤ ਕੀਤੀ ਸੀ, ਜਿਨ੍ਹਾਂ ਦੀ ਪਛਾਣ ਸਿਕੰਦਰ ਹਯਾਤ ਅਤੇ ਜ਼ਫਰ ਹੁਸੈਨ ਵਜੋਂ ਹੋਈ ਹੈ।

ਡੀਜੀਪੀ ਨੇ ਦੱਸਿਆ ਕਿ ਸੋਨੂੰ ਵੱਲੋਂ ਦਿੱਤੀ ਜਾਣਕਾਰੀ ‘ਤੇ ਪੰਜਾਬ ਤੋਂ ਇਕ ਪੁਲਿਸ ਟੀਮ ਨੌਸ਼ਹਿਰਾ ਭੇਜੀ ਗਈ, ਜੋ 29 ਅਗਸਤ ਨੂੰ ਸਿਕੰਦਰ ਅਤੇ ਜ਼ਫਰ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਰਹੀ। ਬਾਅਦ ਵਿੱਚ ਸਿਕੰਦਰ ਅਤੇ ਜ਼ਫਰ ਦੇ ਖੁਲਾਸਿਆਂ ‘ਤੇ ਪੰਜਾਬ ਦੀਆਂ ਪੁਲਿਸ ਟੀਮਾਂ ਨੇ ਨੌਸ਼ਹਿਰਾ ਸਥਿਤ ਉਨ੍ਹਾਂ ਦੇ ਘਰੋਂ 29.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਸ਼ਨੀਵਾਰ 4 ਕਿਲੋ ਹੋਰ ਹੈਰੋਇਨ ਬਰਾਮਦ ਕੀਤੀ, ਜੋ ਕਿ ਉਸੇ ਇਨੋਵਾ ਕਾਰ ਦੇ ਦਰਵਾਜ਼ਿਆਂ ਵਿੱਚ ਛੁਪਾਈ ਗਈ ਸੀ। 

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਹੋਰ ਜਾਂਚ ਦੌਰਾਨ ਦੋਵਾਂ ਨੇ ਡਰੱਗ ਮਨੀ ਬਾਰੇ ਖੁਲਾਸਾ ਕੀਤਾ, ਜੋ ਉਨ੍ਹਾਂ ਦੇ ਤੀਜੇ ਸਾਥੀ ਮੰਜ਼ੂਰ ਹੁਸੈਨ ਨੇ ਆਪਣੇ ਘਰ ਛੁਪਾਈ ਹੋਈ ਸੀ। ਅੰਮ੍ਰਿਤਸਰ (ਦਿਹਾਤੀ) ਪੁਲਿਸ ਦੁਆਰਾ ਮੁਹੱਈਆ ਕਰਵਾਈ ਗਈ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਜੰਮੂ-ਕਸ਼ਮੀਰ ਪੁਲਿਸ ਨੇ ਫੌਜ ਦੇ ਨਾਲ ਇਕ ਜਾਂਚ ਮੁਹਿੰਮ ਸ਼ੁਰੂ ਕੀਤੀ, ਜਿਸ ਤਹਿਤ ਪੁਲਿਸ 2 ਬੈਗਾਂ ‘ਚੋਂ 1,64,70,600 ਰੁਪਏ ਦੀ ਡਰੱਗ ਮਨੀ ਬਰਾਮਦ ਕਰਨ ਵਿੱਚ ਕਾਮਯਾਬ ਰਹੀ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)