ਕੇਂਦਰ ਸਰਕਾਰ ਨੇ ਖਾਲਿਸਤਾਨੀ ਲਹਿਰ ਦੇ ਮੁਖੀਆਂ ਨੂੰ ਅੱਤਵਾਦੀ ਐਲਾਨਿਆਂ

0
795

ਚੰਡੀਗੜ੍ਹ . ਕੇਂਦਰ ਸਰਕਾਰ ਨੇ ਖ਼ਾਲਿਸਤਾਨ ਲਹਿਰ ਨਾਲ ਜੁੜੇ 9 ਵਿਅਕਤੀਆਂ ਨੂੰ ਰਾਸ਼ਟਰ ਵਿਰੋਧੀ ਕਾਰਵਾਈਆਂ ਰਾਹੀਂ ਪੰਜਾਬ ਵਿੱਚ ਮੁੜ ਅਤਿਵਾਦ ਲਿਆਉਣ ਦੀਆਂ ਕੋਸ਼ਿਸ਼ਾਂ ਕਰਨ ਦੇ ਦੋਸ਼ ਹੇਠ ਅਤਿਵਾਦੀ ਐਲਾਨਿਆ ਹੈ। ਗ੍ਰਹਿ ਮਾਮਲਿਆਂ ਦੇ ਮੰਤਰਾਲੇ ਨੇ ਵਿਦੇਸ਼ਾਂ ਵਿੱਚ ਵੱਸਦੇ ਇਨ੍ਹਾਂ ਵਿਅਕਤੀਆਂ ਨੂੰ ਸਰਹੱਦ ਪਾਰੋਂ ਹੁੰਦੇ ਦਹਿਸ਼ਤੀ ਕਾਰਿਆਂ ਵਿੱਚ ਸ਼ਮੂਲੀਅਤ ਕਾਰਨ ਇਨ੍ਹਾਂ ਖ਼ਿਲਾਫ਼ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ ਲਾ ਕੇ ਅਤਿਵਾਦੀ ਐਲਾਨਿਆ ਹੈ।

ਅਤਿਵਾਦੀ ਐਲਾਨੇ ਵਿਅਕਤੀਆਂ ਵਿੱਚ ਅਮਰੀਕਾ ਦੀ ਗੈਰਕਾਨੂੰਨੀ ਜਥੇਬੰਦੀ ਸਿੱਖਸ ਫੌਰ ਜਸਟਿਸ ਦੇ ਮੁੱਖ ਮੈਂਬਰ ਗੁਰਪਤਵੰਤ ਸਿੰਘ ਪੰਨੂੰ, ਯੂਕੇ ਦੀ ਅਤਿਵਾਦੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਪਰਮਜੀਤ ਸਿੰਘ ਤੇ ਕੈਨੇਡਾ ਦੀ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਜਰਮਨੀ ਦੀ ਅਤਿਵਾਦੀ ਜਥੇਬੰਦੀ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁੱਖ ਮੈਂਬਰ ਭੁਪਿੰਦਰ ਸਿੰਘ ਭਿੰਦਾ ਤੇ ਗੁਰਮੀਤ ਸਿੰਘ ਬੱਗਾ, ਪਾਕਿਸਤਾਨ ਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਵਧਾਵਾ ਸਿੰਘ ਬੱਬਰ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ, ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਤੇ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਨੂੰ ਅਤਿਵਾਦੀ ਐਲਾਨਿਆ ਗਿਆ ਹੈ।

19 ਜੂਨ ਨੂੰ ਹੀ ਮੁਹਾਲੀ ਪੁਲਿਸ ਨੇ ਗੁਰਪੰਤਵੰਤ ਸਿੰਘ ਪੰਨੂੰ ਖ਼ਿਲਾਫ਼ ਦੇਸ਼ਧ੍ਰੋਹ ਤੇ ਬਗਾਵਤ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਇਹ ਕੇਸ ਪੰਨੂੰ ਵੱਲੋਂ ਰਿਕਾਰਡ ਕੀਤੇ ਸੰਦੇਸ਼ਾਂ ਲਈ ਦਰਜ ਕੀਤਾ ਗਿਆ ਹੈ। ਇਸ ਵਿੱਚ ਪੰਨੂੰ ਨੇ ਫ਼ੌਜ ਦੇ ਪੰਜਾਬੀ ਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ।

ਮੁਹਾਲੀ ਜ਼ਿਲ੍ਹੇ ਦੇ ਕੁਰਾਲੀ ਸਦਰ ਥਾਣੇ ਵਿੱਚ ਦਰਜ ਇਸ ਐਫਆਈਆਰ ਵਿੱਚ ਪੰਨੂ ਖ਼ਿਲਾਫ਼ ਧਾਰਾ 123 ਏ (ਦੇਸ਼ ਧ੍ਰੋਹ), 131 (ਫੌਜ ਵਿੱਚ ਬਗਾਵਤ ਭੜਕਾਉਣ), 153 ਏ (ਕਿਸੇ ਵੀ ਧਰਮ, ਭਾਸ਼ਾ ਜਾਂ ਨਸਲ ਆਦਿ ਦਾ ਨਿਰਾਦਰ) ਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂਏਪੀਏ) ਤਹਿਤ ਕੇਸ ਦਰਜ ਹਨ। ਪਤਾ ਲੱਗਿਆ ਹੈ ਕਿ ਪੰਨੂੰ ਵਲੋਂ ਇਹ ਸੁਨੇਹੇ ਕੁਝ ਸਿਪਾਹੀਆਂ ਨੂੰ ਭੇਜਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਨੇ ਇਹ ਐਫਆਈਆਰ ਦਰਜ ਕੀਤੀ।

ਅੱਠ ਮਹੀਨੇ ਪਹਿਲਾਂ ਇੰਟਰਪੋਲ ਨੇ ਅੱਠ ਵੱਖ-ਵੱਖ ਅੱਤਵਾਦੀਆਂ ਨੂੰ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਸੀ, ਜਿਨ੍ਹਾਂ ਵਿੱਚ ਹਰਮੀਤ ਸਿੰਘ ਉਰਫ ਪੀਐਚਡੀ ਅਤੇ ਖਾਲਿਸਤਾਨ ਲਿਬਰੇਸ਼ਨ ਦੇ ਪੰਨੂੰ ਵੀ ਸ਼ਾਮਲ ਸੀ। ਉਨ੍ਹਾਂ ਤੋਂ ਇਲਾਵਾ ਗੁਰਜੀਤ ਸਿੰਘ ਚੀਮਾ, ਜਗਦੀਸ਼ ਸਿੰਘ ਭੌਰਾ ਤੇ ਗੁਰਮੀਤ ਸਿੰਘ ਬੱਗਾ ਉਰਫ ਡਾਕਟਰ ਦੇ ਨਾਂ ਵੀ ਰੈੱਡ ਨੋਟਿਸ ਜਾਰੀ ਕੀਤਾ ਗਿਆ। ਐਨਆਈਏ ਨੇ ਪੀਐਚਡੀ ਪੰਨੂੰ ਅਤੇ ਚੀਮਾ ‘ਤੇ ਵੀ ਸਾਲ 2016-17 ਵਿਚ ਪੰਜਾਬ ਵਿਚ ਆਰਐਸਐਸ ਤੇ ਸ਼ਿਵ ਸੈਨਾ ਦੇ ਨੇਤਾਵਾਂ ਦੇ ਕਤਲ ਦੇ ਦੋਸ਼ ਲਗਾਏ ਸੀ।

Sponsored : ਹਰ ਤਰ੍ਹਾਂ ਦੇ ਬੈਗ ਬਣਵਾਓ ਸਭ ਤੋਂ ਸਸਤੇ ਰੇਟ ‘ਚ। ਸੰਪਰਕ ਕਰੋ 99657-80001, Address : 28, Vivek Nagar, Guru Gobind Singh Avenue Road, Jalandhar)