ਰਿਟਾਇਰਡ ਸਬ-ਇੰਸਪੈਕਟਰ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, ਦਰਵਾਜ਼ਾ ਬੰਦ ਕਰਕੇ ਬੈਠਾ ਰਿਹਾ ਲਾਸ਼ ਕੋਲ

0
1361

ਮੋਹਾਲੀ | ਪੰਜਾਬ ਪੁਲਿਸ ਦੇ ਇਕ ਸੇਵਾਮੁਕਤ ਸਬ-ਇੰਸਪੈਕਟਰ ਨੇ ਅੱਜ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਹ ਪਹਿਲਾਂ ਆਪਣੇ ਸਾਲ਼ੇ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਜੇਲ ਕੱਟ ਚੁੱਕਾ ਹੈ।

65 ਸਾਲਾਂ ਦੇ ਕਰਤਾਰ ਸਿੰਘ ਨਾਂ ਦੇ ਇਸ ਸਬ-ਇੰਸਪੈਕਟਰ ਨੇ ਅੱਜ ਆਪਣੀ 60 ਸਾਲਾ ਪਤਨੀ ਕੁਲਦੀਪ ਕੌਰ ਨਾਲ ਹੋਏ ਝਗੜੇ ਤੋਂ ਬਾਅਦ ਉਸ ਦਾ ਸਿਰ ਫਰਸ਼ ’ਤੇ ਮਾਰ-ਮਾਰ ਕੇ ਉਸ ਨੂੰ ਕਤਲ ਦਿੱਤਾ। ਜੋੜੇ ਦੇ 2 ਬੇਟੇ ਹਨ, ਜਿਨ੍ਹਾਂ ‘ਚੋਂ ਇਕ ਆਸਟਰੇਲੀਆ ਵਿੱਚ ਸੈਟਲਡ ਹੈ, ਜਦਕਿ ਦੂਜਾ ਬੇਟਾ ਮੋਹਾਲੀ ਐੱਸਐੱਸਪੀ ਦਫ਼ਤਰ ਵਿੱਚ ਤਾਇਨਾਤ ਹੈ।

ਫੇਜ਼-11 ਵਿੱਚ ਵਾਪਰੀ ਇਸ ਘਟਨਾ ਦੌਰਾਨ ਕੁਲਦੀਪ ਕੌਰ ਦੀਆਂ ਚੀਕਾਂ ਨਾਲ ਆਂਢ-ਗੁਆਂਢ ਇਕੱਠਾ ਹੋ ਗਿਆ। ਕਰਤਾਰ ਸਿੰਘ ਨੇ ਅੰਦਰੋਂ ਦਰਵਾਜ਼ਾ ਲਾ ਲਿਆ। ਜੋੜੇ ਨਾਲ ਰਹਿੰਦਾ ਬੇਟਾ ਆਪਣੇ ਦਫ਼ਤਰ ਜਾ ਚੁੱਕਾ ਸੀ, ਜਿਸ ’ਤੇ ਉਸ ਨੂੰ ਫ਼ੋਨ ਕੀਤਾ ਗਿਆ ਤਾਂ ਉਸ ਨੇ ਆਪਣੇ ਨੇੜੇ ਰਹਿੰਦੇ ਮਿੱਤਰ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਭੇਜਿਆ।

ਕਰਤਾਰ ਸਿੰਘ ਵੱਲੋਂ ਦਰਵਾਜ਼ਾ ਨਾ ਖੋਲ੍ਹੇ ਜਾਣ ’ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਨੇ ਵਾਰਦਾਤ ਤੋਂ ਲਗਭਗ 2 ਘੰਟੇ ਬਾਅਦ ਆ ਕੇ ਦਰਵਾਜ਼ਾ ਤੋੜਿਆ ਤਾਂ ਕਰਤਾਰ ਸਿੰਘ ਫਰਸ਼ ’ਤੇ ਖ਼ੂਨ ਵਿੱਚ ਲਥਪਥ ਪਈ ਕੁਲਦੀਪ ਕੌਰ ਦੀ ਲਾਸ਼ ਕੋਲ ਬੈਠਾ ਸੀ।

ਪੁਲਿਸ ਨੇ ਉਸ ਖਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਤਾ ਲੱਗਾ ਹੈ ਕਿ ਕਰਤਾਰ ਸਿੰਘ ਦੀ ਆਪਣੀ ਪਤਨੀ ਨਾਲ ਤਕਰਾਰ ਚੱਲਦੀ ਰਹਿੰਦੀ ਸੀ।

ਲਗਭਗ 7 ਸਾਲ ਪਹਿਲਾਂ ਪੁਲਿਸ ‘ਚੋਂ ਸੇਵਾਮੁਕਤ ਹੋਏ ਕਰਤਾਰ ਸਿੰਘ ਨੇ ਸੋਹਾਣਾ ਵਿੱਚ ਢਾਬਾ ਚਲਾਉਂਦੇ ਆਪਣੇ ਸਾਲ਼ੇ ’ਤੇ 2017 ਵਿੱਚ ਗੋਲੀਆਂ ਚਲਾ ਦਿੱਤੀਆਂ ਸਨ। ਇਸ ਮਾਮਲੇ ਵਿੱਚ ਦਰਜ ਕੇਸ ਤਹਿਤ ਹੀ ਉਹ ਲਗਭਗ 4 ਸਾਲ ਜੇਲ ਕੱਟ ਕੇ ਆਇਆ ਸੀ ਅਤੇ ਪਿਛਲੇ ਕਰੀਬ 8-9 ਮਹੀਨਿਆਂ ਤੋਂ ਜ਼ਮਾਨਤ ’ਤੇ ਆਇਆ ਹੋਇਆ ਸੀ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)