ਜਲੰਧਰ-ਫਗਵਾੜਾ ਹਾਈਵੇ ਜਾਮ, ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ, 9 ਟ੍ਰੇਨਾਂ ਰੱਦ, 32 ਕਿਸਾਨ ਸੰਗਠਨ ਬੈਠੇ ਧਰਨੇ ‘ਤੇ, ਅੱਜ ਗੰਨਾ ਕਮਿਸ਼ਨਰ ਨਾਲ ਮੀਟਿੰਗ

0
3944

ਜਲੰਧਰ | ਗੰਨੇ ਦਾ ਰੇਟ 400 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਨੂੰ ਲੈ ਕੇ ਪੂਰੇ ਪੰਜਾਬ ਤੋਂ ਪਹੁੰਚੇ ਕਿਸਾਨਾਂ ਦੇ 32 ਸੰਗਠਨਾਂ ਨੇ ਸ਼ੁੱਕਰਵਾਰ ਸਵੇਰੇ ਜਲੰਧਰ-ਫਗਵਾੜਾ ਹਾਈਵੇ ‘ਤੇ ਧਰਨਾ ਦਿੱਤਾ।

ਰਾਮਾ ਮੰਡੀ ਨੇੜੇ ਧੰਨੋਵਾਲੀ ਫਾਟਕ ਕੋਲ ਦਿੱਤਾ ਧਰਨਾ ਦੇਰ ਰਾਤ ਤੱਕ ਜਾਰੀ ਰਿਹਾ, ਜਿਸ ਕਾਰਨ ਲੋਕ ਪੂਰਾ ਦਿਨ ਜਾਮ ‘ਚ ਫਸੇ ਰਹੇ। ਜ਼ਿਆਦਾਤਰ ਬੱਸਾਂ ਵੀ ਨਹੀਂ ਚੱਲੀਆਂ, ਜੋ ਚੱਲੀਆਂ, ਉਨ੍ਹਾਂ ਨੂੰ ਵਾਇਆ ਆਦਮਪੁਰ ਤੇ ਜੰਡਿਆਲਾ ਦੇ ਰਸਤੇ ਫਗਵਾੜਾ ਪਹੁੰਚਾਇਆ ਗਿਆ।

ਸ਼ਾਮ 4 ਵੱਜਦੇ ਹੀ ਕਿਸਾਨ ਰੇਲਵੇ ਟ੍ਰੈਕ ‘ਤੇ ਪਹੁੰਚੇ। ਧਰਨੇ ਕਾਰਨ 9 ਟ੍ਰੇਨਾਂ ਰੱਦ ਕੀਤੀਆਂ ਗਈਆਂ, ਜਦਕਿ 9 ਟ੍ਰੇਨਾਂ ਦੇ ਰੂਟ ਬਦਲੇ ਗਏ।

ਅੱਜ ਆਉਣਗੇ ਗੰਨਾ ਕਮਿਸ਼ਨਰ, ਕਿਸਾਨਾਂ ਨਾਲ ਹੋਵੇਗੀ ਮੀਟਿੰਗ

ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਡੀਸੀ ਨੇ ਦੱਸਿਆ ਕਿ ਉਹ 2 ਦਿਨ ਤੋਂ ਕਿਸਾਨਾਂ ਤੇ ਸਰਕਾਰ ਦੇ ਸੰਪਰਕ ‘ਚ ਹਨ। ਸ਼ਨੀਵਾਰ ਸਵੇਰੇ ਚੰਡੀਗੜ੍ਹ ਤੋਂ ਗੰਨਾ ਕਮਿਸ਼ਨਰ ਵੀ ਆ ਰਹੇ ਹਨ। ਉਨ੍ਹਾਂ ਦੇ ਆਉਂਦੇ ਹੀ ਕਿਸਾਨ ਨੇਤਾਵਾਂ ਨਾਲ ਦੁਬਾਰਾ ਗੱਲ ਕੀਤੀ ਜਾਵੇਗੀ।