ਤਾਲਿਬਾਨ ਨੇ ਅਫਗਾਨਿਸਤਾਨ ਦਾ ਪਲਟਿਆ ਤਖ਼ਤਾ, ਅਮਰੀਕਾ ਦੀ ਉੱਡੀ ਨੀਂਦ

0
1414

ਨਵੀਂ ਦਿੱਲੀ | ਅਫਗਾਨਿਸਤਾਨ ‘ਤੇ ਹੁਣ ਤਾਲਿਬਾਨ ਦਾ ਕਬਜ਼ਾ ਹੈ। ਜਿਸ ਰਫ਼ਤਾਰ ਨਾਲ ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਕਬਜ਼ਾ ਕੀਤਾ, ਉਸ ਤੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਤੇ ਹੋਰ ਚੋਟੀ ਦੇ ਅਮਰੀਕੀ ਅਧਿਕਾਰੀ ਹੈਰਾਨ-ਪ੍ਰੇਸ਼ਾਨ ਹਨ।

ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਸੀਐੱਨਐੱਨ ਨੂੰ ਅਫ਼ਗਾਨ ਫੌਜ ਦਾ ਹਵਾਲਾ ਦਿੰਦਿਆਂ ਕਿਹਾ, “ਅਸੀਂ ਦੇਖਿਆ ਕਿ ਅਫ਼ਗਾਨ ਫੌਜ ਦੇਸ਼ ਦੀ ਰੱਖਿਆ ਕਰਨ ਵਿੱਚ ਅਸਮਰੱਥ ਰਹੀ ਤੇ ਇਹ ਸਾਡੀ ਉਮੀਦ ਤੋਂ ਬਹੁਤ ਜਲਦੀ ਹੋਇਆ।”

ਅਫਗਾਨ ਸਰਕਾਰ ਦਾ ਤੇਜ਼ੀ ਨਾਲ ਡਿੱਗਣਾ ਤੇ ਉੱਥੇ ਫੈਲੀ ਅਰਾਜਕਤਾ ਬਾਇਡੇਨ ਲਈ ਕਮਾਂਡਰ-ਇਨ-ਚੀਫ ਵਜੋਂ ਇੱਕ ਗੰਭੀਰ ਪ੍ਰੀਖਿਆ ਹੈ। ਐਤਵਾਰ ਤੱਕ ਪ੍ਰਸ਼ਾਸਨ ਦੇ ਮੁੱਖ ਅਧਿਕਾਰੀਆਂ ਨੇ ਮੰਨਿਆ ਕਿ ਉਹ ਅਫ਼ਗਾਨ ਸੁਰੱਖਿਆ ਬਲਾਂ ਦੀ ਤੇਜ਼ੀ ਨਾਲ ਹੋਈ ਹਾਰ ਤੋਂ ਹੈਰਾਨ ਸਨ ਕਿਉਂਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ।

ਕਾਬੁਲ ਹਵਾਈ ਅੱਡੇ ‘ਤੇ ਗੋਲੀਬਾਰੀ ਦੀਆਂ ਖਬਰਾਂ ਨੇ ਅਮਰੀਕੀਆਂ ਨੂੰ ਉਡਾਣਾਂ ਦੀ ਉਡੀਕ ਕਰਦਿਆਂ ਪਨਾਹ ਲੈਣ ਲਈ ਮਜਬੂਰ ਕੀਤਾ।

ਅਫਗਾਨਿਸਤਾਨ ਵਿੱਚ ਉਥਲ-ਪੁਥਲ ਰਾਸ਼ਟਰਪਤੀ ਬਾਇਡੇਨ ਵੱਲ ਅਣਚਾਹੇ ਧਿਆਨ ਲਿਜਾਂਦੀ ਹੈ ਕਿਉਂਕਿ ਉਨ੍ਹਾਂ ਨੇ ਮਹਾਮਾਰੀ ’ਚੋਂ ਨਿਕਲਣ, ਬੁਨਿਆਦੀ ਢਾਂਚੇ ਦੇ ਖਰਚਿਆਂ ਲਈ ਸੰਸਦ ਦੀ ਪ੍ਰਵਾਨਗੀ ਲੈਣ ਅਤੇ ਵੋਟ ਦੇ ਅਧਿਕਾਰਾਂ ਦੀ ਰਾਖੀ ਸਮੇਤ ਘਰੇਲੂ ਏਜੰਡਿਆਂ ‘ਤੇ ਜ਼ਿਆਦਾ ਧਿਆਨ ਕੇਂਦ੍ਰਿਤ ਕੀਤਾ ਹੈ।

ਵ੍ਹਾਈਟ ਹਾਊਸ ਦੇ ਅਧਿਕਾਰੀਆਂ ਅਨੁਸਾਰ, “ਬਾਇਡੇਨ ਐਤਵਾਰ ਨੂੰ ਕੈਂਪ ਡੇਵਿਡ ਵਿੱਚ ਰਹੇ, ਜਿੱਥੇ ਉਨ੍ਹਾਂ ਨੂੰ ਲਗਾਤਾਰ ਅਫਗਾਨਿਸਤਾਨ ਬਾਰੇ ਜਾਣਕਾਰੀ ਦਿੱਤੀ ਗਈ ਤੇ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਦੇ ਮੈਂਬਰਾਂ ਨਾਲ ਕਾਨਫਰੰਸ ਕਾਲਾਂ ਕੀਤੀਆਂ ਗਈਆਂ। ਅਗਲੇ ਕਈ ਦਿਨ ਇਹ ਨਿਰਧਾਰਤ ਕਰਨ ਵਿੱਚ ਅਹਿਮ ਹੋ ਸਕਦੇ ਹਨ ਕਿ ਕੀ ਅਮਰੀਕਾ ਹਾਲਾਤ ਉੱਤੇ ਕੁਝ ਹੱਦ ਤੱਕ ਕੰਟਰੋਲ ਹਾਸਲ ਕਰਨ ਦੇ ਯੋਗ ਹੈ ਜਾਂ ਨਹੀਂ।”