ਲੁਧਿਆਣਾ ‘ਚ ਪਤਨੀ ਤੇ ਸੱਸ ਨੂੰ ਗੋਲ਼ੀ ਮਾਰਨ ਤੋਂ ਬਾਅਦ ਨੂਰਮਹਿਲ ਆ ਕੇ ਕੀਤੀ ਫਾਇਰਿੰਗ, ਘਟਨਾ CCTV ‘ਚ ਕੈਦ

0
1709

ਲੁਧਿਆਣਾ/ਨੂਰਮਹਿਲ : ਲੁਧਿਆਣੇ ਦੇ ਹਕੀਕਤ ਨਗਰ ਹੈਬੋਵਾਲ ਇਲਾਕੇ ‘ਚ ਇਕ ਵਿਅਕਤੀ ਨੇ ਘਰੇਲੂ ਕਲੇਸ਼ ਕਾਰਨ ਪਹਿਲਾਂ ਸਵੇਰੇ 6 ਵਜੇ ਦੇ ਕਰੀਬ ਆਪਣੀ ਪਤਨੀ ਤੇ ਸੱਸ ਨੂੰ ਗੋਲ਼ੀ ਮਾਰੀ ਤੇ ਫਿਰ ਉਥੋਂ ਐਕਟਿਵਾ ‘ਤੇ ਸਵਾਰ ਹੋ ਕੇ ਨੂਰਮਹਿਲ ਆ ਕੇ ਇਕ ਨੌਜਵਾਨ ਨੂੰ ਗੋਲ਼ੀ ਮਾਰ ਦਿੱਤੀ। ਆਰੋਪੀ ਜਸਵਿੰਦਰ ਸਿੰਘ ਵਾਸੀ ਲੋਹਾਰਾਂ ਥਾਣਾ ਸਦਰ ਜਲੰਧਰ ਇਨ੍ਹੀਂ ਦਿਨੀਂ ਲੁਧਿਆਣੇ ਦੇ ਪਟੇਲ ਨਗਰ ‘ਚ ਕਿਰਾਏ ਦੇ ਮਕਾਨ ‘ਚ ਰਹਿ ਰਿਹਾ ਹੈ।

ਮੰਗਲਵਾਰ ਸਵੇਰੇ ਘਰੇਲੂ ਝਗੜੇ ਦੌਰਾਨ ਜਸਵਿੰਦਰ ਸਿੰਘ ਨੇ ਪਟੇਲ ਨਗਰ ‘ਚ ਆਪਣੀ ਪਤਨੀ ਜਸਪ੍ਰੀਤ ਕੌਰ ਨੂੰ ਗੋਲ਼ੀ ਮਾਰ ਦਿੱਤੀ, ਜੋ ਉਸ ਦੇ ਮੂੰਹ ‘ਤੇ ਲੱਗੀ। ਉਪਰੰਤ ਆਰੋਪੀ ਉਥੋਂ ਨਿਕਲ ਕੇ ਸਿੱਧਾ ਆਪਣੇ ਸਹੁਰੇ ਘਰ ਹਕੀਕਤ ਨਗਰ ਪੁੱਜਾ ਤੇ ਆਪਣੀ ਸੱਸ ਵੰਦਨਾ ਦੇ ਗੋਲ਼ੀ ਮਾਰੀ, ਜੋ ਕਿ ਉਸ ਦੇ ਗਲ਼ੇ ‘ਚ ਲੱਗੀ।

ਜਸਪ੍ਰੀਤ ਕੌਰ ਤੇ ਵੰਦਨਾ ਨੂੰ ਗੰਭੀਰ ਜ਼ਖ਼ਮੀ ਹਾਲਤ ‘ਚ ਦਯਾਨੰਦ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਨ੍ਹਾਂ 2 ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਜਸਵਿੰਦਰ ਸਿੰਘ ਸਕੂਟੀ ‘ਤੇ ਸਵਾਰ ਹੋ ਕੇ ਜਲੰਧਰ ਦੇ ਕਸਬਾ ਨੂਰਮਹਿਲ ਵਿਖੇ ਪੁੱਜਾ, ਜਿੱਥੇ ਮੁਹੱਲਾ ਖਟੀਕਾਂ ‘ਚ ਰਹਿ ਰਹੇ ਨੌਜਵਾਨ ਦੇ ਘਰ ਜਾ ਕੇ ਉਸ ਨੂੰ ਗੋਲ਼ੀ ਮਾਰੀ, ਜੋ ਨੌਜਵਾਨ ਦੇ ਸਿਰ ‘ਚ ਵੱਜੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਜਸਵਿੰਦਰ ਉਥੋਂ ਵੀ ਫਰਾਰ ਹੋ ਗਿਆ।

ਮਾਰੇ ਗਏ ਵਿਅਕਤੀ ਦੀ ਪਛਾਣ ਰੋਹਿਤ ਪੁੱਤਰ ਲੁਭਾਇਆ ਰਾਮ ਵਜੋਂ ਹੋਈ ਹੈ। ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ, ਜਿਸ ਤੋਂ ਪੁਲਿਸ ਨੇ ਮੁਲਜ਼ਮ ਦੀ ਸ਼ਨਾਖਤ ਕੀਤੀ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਹੈਬੋਵਾਲ ਦੇ ਮੁਖੀ ਨੀਰਜ ਚੌਧਰੀ ਉੱਚ ਅਧਿਕਾਰੀਆਂ ਸਣੇ ਮੌਕੇ ‘ਤੇ ਪੁੱਜੇ ਤੇ ਪੜਤਾਲ ਸ਼ੁਰੂ ਕਰ ਦਿੱਤੀ।

ਥਾਣਾ ਨੂਰਮਹਿਲ ਦੇ ਐੱਸਐੱਚਓ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਅਤੇ ਘਟਨਾ ਸਥਾਨ ਨੇੜੇ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਮੁਲਜ਼ਮ ਸਕੂਟੀ ‘ਤੇ ਫਰਾਰ ਹੋ ਗਿਆ। ਪੁਲਿਸ ਨੇ ਹੱਤਿਆਰੇ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।