ਭਾਰਤ ਸਰਕਾਰ WhatsApp ਦੇ ਮੁਕਾਬਲੇ ਲਿਆਈ ਦੇਸੀ Sandes ਐਪ, ਜਾਣੋ ਕੀ ਹਨ ਖਾਸ ਫੀਚਰਜ਼

0
792

ਨਵੀਂ ਦਿੱਲੀ | ਭਾਰਤ ਸਰਕਾਰ ਨੇ WhatsApp ਦੇ ਮੁਕਾਬਲੇ ਦੇਸੀ ਐਪ ‘Sandes’ ਲਾਂਚ ਕੀਤੀ ਹੈ। ਇਹ ਜਾਣਕਾਰੀ ਇਲੈਕਟ੍ਰੌਨਿਕਸ ਤੇ ਆਈਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਲੋਕ ਸਭਾ ‘ਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਰਾਹੀਂ ਦਿੱਤੀ। ਇਸ ਨਵੇਂ ਮੰਚ ਬਾਰੇ ਇਹੋ ਕਿਹਾ ਜਾ ਰਿਹਾ ਹੈ ਕਿ ਇਹ ਫ਼ੇਸਬੁੱਕ ਦੀ ਮਾਲਕੀ ਵਾਲੇ ਵਟਸਐਪ ਦਾ ਮੁਕਾਬਲਾ ਕਰੇਗੀ।

ਸਰਕਾਰ ਦੇ ਇਨਫ਼ਰਮੇਸ਼ਨ ਟੈਕਨਾਲੋਜੀ ਵਿੰਗ ‘ਨੈਸ਼ਨਲ ਇਨਫ਼ਰਮੈਟਿਕਸ ਸੈਂਟਰ’ ਨੇ Sandes ਨੂੰ ਲਾਂਚ ਕੀਤਾ ਹੈ। ਇਸ ਮੰਚ ਦੀ ਵਰਤੋਂ ਕਿਸੇ ਵੀ ਮੋਬਾਇਲ ਨੰਬਰ ਜਾਂ ਈਮੇਲ ਆਈਡੀ ਦੀ ਮਦਦ ਨਾਲ ਸੰਦੇਸ਼ ਭੇਜਣ ਲਈ ਕੀਤੀ ਜਾ ਸਕਦੀ ਹੈ। ਇਸ ਦੀ ਵਰਤੋਂ ਫ਼ਿਲਹਾਲ ਸਰਕਾਰੀ ਮੁਲਾਜ਼ਮਾਂ ਤੇ ਸਰਕਾਰ ਨਾਲ ਜੁੜੀਆਂ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ।

ਮੰਤਰੀ ਨੇ ਦੱਸਿਆ ਕਿ Sandes ਇੱਕ ਓਪਨ ਸੋਰਸ ਆਧਾਰਿਤ, ਸੁਰੱਖਿਅਤ, ਕਲਾਊਡ ਐਨੇਬਲਡ ਪਲੇਟਫ਼ਾਰਮ ਹੈ, ਜਿਸ ਦੀ ਮੇਜ਼ਬਾਨੀ ਸਰਕਾਰੀ ਬੁਨਿਆਦੀ ਢਾਂਚੇ ਉੱਤੇ ਕੀਤੀ ਜਾ ਰਹੀ ਹੈ ਤਾਂ ਜੋ ਭਾਰਤ ਸਰਕਾਰ ਕੋਲ ਆਪਣਾ ਰਣਨੀਤਕ ਕੰਟਰੋਲ ਰਹੇ।

Sandes ‘ਤੇ ਤੁਸੀਂ ਇੱਕ-ਇੱਕ ਕਰਕੇ ਨਿੱਜੀ ਜਾਂ ਗਰੁੱਪ ਮੈਸੇਜਿੰਗ ਕਰ ਸਕਦੇ ਹੋ। ਇਸ ਵਿੱਚ ਫ਼ਾਈਲ ਤੇ ਮੀਡੀਆ ਸ਼ੇਅਰਿੰਗ, ਆਡੀਓ-ਵੀਡੀਓ ਕਾਲ ਤੇ ਈ-ਗਵ ਐਪਲੀਕੇਸ਼ਨ ਇੰਟੈਗ੍ਰੇਸ਼ਨ ਆਦਿ ਜਿਹੇ ਫੀਚਰਜ਼ ਹਨ। ਇਹ ‘ਗੂਗਲ ਪਲੇਅ ਸਟੋਰ’ ਤੇ ‘ਐਪ ਸਟੋਰ’ ਉੱਤੇ ਉਪਲਬਧ ਹੈ।

ਦਰਅਸਲ, ਸਰਕਾਰ ਹੁਣ ਚਾਹੁੰਦੀ ਹੈ ਕਿ ਦੇਸ਼ ਵਿੱਚ ਭਾਰਤ ‘ਚ ਬਣੀਆਂ ਐਪਸ ਤੇ ਸਾਫ਼ਟਵੇਅਰ ਹੀ ਵਰਤੇ ਜਾਣ ਅਤੇ Sandes ਉਸੇ ਦਾ ਹਿੱਸਾ ਹੈ। ਨਵੇਂ IT ਨਿਯਮਾਂ ਦੇ ਮਾਮਲੇ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਦੌਰਾਨ ਵਟਸਐਪ ਅਤੇ ਭਾਰਤ ਸਰਕਾਰ ਵਿਚਾਲੇ ਰੇੜਕਾ ਪਿਆ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ‘Koo’ ਲਾਂਚ ਕੀਤੀ ਸੀ, ਜੋ ਟਵਿਟਰ ਮਾਈਕ੍ਰੋਬਲੌਗਿੰਗ ਦਾ ਭਾਰਤੀ ਸੰਸਕਰਣ ਹੈ। Koo ਸਥਾਨਕ ਭਾਸ਼ਾ ਵਿੱਚ ਮਾਈਕ੍ਰੋਬਲੌਗਿੰਗ ਨੂੰ ਉਤਸ਼ਾਹਿਤ ਕਰਦੀ ਹੈ।