ਕੁਵੈਤ ਨੇ 12-15 ਸਾਲ ਦੇ ਬੱਚਿਆਂ ਲਈ ਕੋਰੋਨਾ ਟੀਕਾਕਰਨ ਦੀ ਕੀਤੀ ਸ਼ੁਰੂਆਤ

0
1589

ਕੁਵੈਤ ਸਿਟੀ : ਕੁਵੈਤ ਨੇ ਸਤੰਬਰ ਤੋਂ ਸ਼ੁਰੂ ਹੋਣ ਵਾਲੇ ਨਵੇਂ ਸਕੂਲ ਸੈਸ਼ਨ ਦੀ ਤਿਆਰੀ ਲਈ ਕੋਵਿਡ-19 ਖ਼ਿਲਾਫ਼ 12-15 ਸਾਲ ਦੀ ਉਮਰ ਦੇ ਬੱਚਿਆਂ ਦੇ ਟੀਕਾਕਰਨ ਦੀ ਸ਼ੁਰੂਆਤ ਕੀਤੀ ਹੈ।

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਕੁਵੈਤ ਦੇ ਸਿਹਤ ਮੰਤਰਾਲੇ ਦੇ ਜਨ ਸਿਹਤ ਮਾਮਲਿਆਂ ਲਈ ਸਹਾਇਕ ਅੰਡਰ ਸੈਕਟਰੀ ਬੁਥੈਨਾ ਅਲ-ਮੁਦਾਫ ਨੇ ਇੱਕ ਬਿਆਨ ਵਿਚ ਕਿਹਾ ਕਿ ਟੀਕਾਕਰਨ ਮੁਹਿੰਮ 6 ਰਾਜਾਂ ਦੇ ਸਿਹਤ ਕੇਂਦਰਾਂ ਵਿਚ ਸ਼ੁਰੂ ਹੋਈ ਹੈ।

ਟੀਕਾਕਰਨ ਲਈ ਰਜਿਸਟ੍ਰੇਸ਼ਨ ਅਜੇ ਵੀ ਖੁੱਲ੍ਹੀ ਹੈ। ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਰਜਿਸਟਰਡ ਕਰਵਾਉਣ ਵਿਚ ਮਦਦ ਕਰਨ ਅਤੇ ਨਿਰਧਾਰਤ ਤਰੀਕ ਨੂੰ ਟੀਕਾ ਪ੍ਰਾਪਤ ਕਰਨ।

ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਕੁਵੈਤ ਨੇ 25 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਗਰਮੀਆਂ ਦੇ ਕਲੱਬਾਂ ਸਮੇਤ ਬੱਚਿਆਂ ਲਈ ਸਾਰੀਆਂ ਗਤੀਵਿਧੀਆਂ ਅਗਲੇ ਨੋਟਿਸ ਤੱਕ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।

ਮਾਰਚ ਵਿਚ ਸਿਹਤ ਮੰਤਰੀ ਬਾਸੈਲ ਅਲ-ਸਬਾਹ ਨੇ ਸਤੰਬਰ ਤੋਂ ਸਕੂਲਾਂ ਵਿਚ ਅਧਿਐਨ ਦੁਬਾਰਾ ਸ਼ੁਰੂ ਕਰਨ ਦੀ ਘੋਸ਼ਣਾ ਇਸ ਗੱਲ ਦੀ ਪੁਸ਼ਟੀ ਕਰਦਿਆਂ ਕੀਤੀ ਸੀ ਕਿ ਸਾਰੇ ਵਿਦਿਆਰਥੀ, ਅਧਿਆਪਕ ਅਤੇ ਪ੍ਰਸ਼ਾਸਕੀ ਸੰਸਥਾਵਾਂ ਨੇ ਉਦੋਂ ਤੱਕ ਟੀਕਾਕਰਨ ਪੂਰਾ ਕਰ ਲਿਆ ਹੋਵੇਗਾ।

ਦੱਸਣਯੋਗ ਹੈ ਕਿ ਕੁਵੈਤ ਵਿਚ ਕੋਰੋਨਾ ਦੇ 385,782 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ ਦੇਸ਼ ਵਿਚ ਹੁਣ ਤੱਕ ਕੋਰੋਨਾ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 2221 ਹੋ ਚੁੱਕੀ ਹੈ। ਕੁਵੈਤ ਵਿਚ ਹੁਣ ਤੱਕ 366,250 ਮਰੀਜ਼ ਠੀਕ ਵੀ ਹੋਏ ਹਨ ਅਤੇ 16513 ਐਕਟਿਵ ਮਾਮਲੇ ਹਨ।