ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਪੁਲਿਸ ਦੀਆੰ ਸ਼ਹਿਰੀ ਪੁਲਿਸ ਚੌਕੀਆਂ ਦੇ ਕਰਮਚਾਰੀ ਸ਼ਰੇਆਮ ਬਿਜਲੀ ਚੋਰੀ ਕਰਕੇ ਬੱਤੀ ਬਾਲ੍ਹਦੇ ਹਨ। ਬਿਜਲੀ ਵਿਭਾਗ ਨੂੰ ਵੀ ਇਸ ਦਾ ਪਤਾ ਹੈ ਪਰ ਕੋਈ ਕੁੱਝ ਨਹੀਂ ਕਰਦਾ।
ਬਟਾਲਾ ਦੀ ਸਿੰਬਲ ਪੁਲਿਸ ਚੌਂਕੀ, ਅਰਬਨ ਅਸਟੇਟ ਪੁਲਿਸ ਚੌਂਕੀ ਅਤੇ ਬੱਸ ਅੱਡਾ ਪੁਲਿਸ ਚੌਂਕੀ ਵਿੱਚ ਏਸੀ, ਕੂਲਰ, ਪੱਖੇ ਅਤੇ ਫਰਿੱਜ ਵਰਗੀਆਂ ਕਈ ਜ਼ਰੂਰੀ ਚੀਜਾਂ ਬਿਜਲੀ ਨਾਲ ਚਲਦੀਆਂ ਹਨ ਪਰ ਚੋਰੀ ਦੀ ਬਿਜਲੀ ਨਾਲ। ਸ਼ਰੇਆਮ ਕੁੰਡੀਆਂ ਲਗਾ ਕੇ ਚੋਰੀ ਕੀਤੀ ਜਾਂਦੀ ਹੈ। ਬਿਜਲੀ ਮੀਟਰ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ।
ਪੁਲਿਸ ਚੌਂਕੀ ਦੇ ਇੰਚਾਰਜ ਏਐਸਆਈ ਬਲਦੇਵ ਸਿੰਘ ਦਾ ਕਹਿਣਾ ਹੈ ਏਸੀ, ਪੱਖੇ ਕੂਲਰ ਅਸੀਂ ਚਲਾਉਂਦੇ ਹਾਂ ਅਤੇ ਇਸ ਲਈ ਬਿਜਲੀ ਬੱਸ ਅੱਡੇ ਤੋਂ ਲੈਂਦੇ ਹਾਂ ਜਦਕਿ ਸ਼ਰੇਆਮ ਕੁੰਡੀ ਦੇ ਸਵਾਲ ਉੱਤੇ ਉਹ ਕੋਈ ਜਵਾਬ ਨਹੀਂ ਦਿੰਦੇ।
ਵੈਸੇ ਤਾਂ ਬਿਜਲੀ ਵਿਭਾਗ ਕਿਸੇ ਦੇ ਵੀ ਘਰ ਛਾਪੇਮਾਰੀ ਕਰਕੇ ਜੁਰਮਾਨਾ ਲਗਾ ਦਿੰਦਾ ਹੈ ਪਰ ਜਦੋਂ ਗੱਲ ਪੁਲਿਸ ਚੌਕੀ ਦੀ ਹੋਵੇ ਤਾਂ ਅਫਸਰ ਲਿਖਤੀ ਸ਼ਿਕਾਇਤ ਮਿਲਣ ਦਾ ਇੰਤਜਾਰ ਕਰਦੇ ਨਜ਼ਰ ਆਉਂਦੇ ਹਨ।
ਬਟਾਲਾ ਬਿਜਲੀ ਵਿਭਾਗ ਦੇ ਐਸਡੀਓ ਤਿਲਕ ਰਾਜ ਦਾ ਕਹਿਣਾ ਹੈ ਕਿ ਕੋਈ ਲਿਖਤੀ ਸ਼ਿਕਾਇਤ ਦੇਵੇਗਾ ਤਾਂ ਅਸੀਂ ਐਕਸ਼ਨ ਲਿਆਂਗੇ। ਜਦੋਂ ਪੱਤਰਕਾਰਾਂ ਨੇ ਮੁੜ ਸਵਾਲ ਕੀਤਾ ਤਾਂ ਉਹ ਜਵਾਬ ਦੇਣ ਦੀ ਥਾਂ ਆਪਣੀ ਸੀਟ ਤੋਂ ਉੱਠ ਕੇ ਕਮਰੇ ਤੋਂ ਬਾਹਰ ਚਲੇ ਗਏ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)