ਪੰਜਾਬ ‘ਚ ਮਿਊਕਰਮਾਈਕੋਸਿਸ (ਬਲੈਕ ਫੰਗਸ ਇਨਫੈਕਸ਼ਨ) ਦੇ 111 ਮਾਮਲੇ ਰਿਪੋਰਟ ਕੀਤੇ ਗਏ : ਬਲਬੀਰ ਸਿੰਘ ਸਿੱਧੂ

0
27574

ਚੰਡੀਗੜ੍ਹ | ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਮਿਊਕਰਮਾਈਕੋਸਿਸ (ਬਲੈਕ ਫੰਗਸ ਇਨਫੈਕਸ਼ਨ) ਦੇ 111 ਮਾਮਲੇ ਸਾਹਮਣੇ ਆਏ ਹਨ। ਇਹ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 25 ਕੇਸ ਸਰਕਾਰੀ ਸਿਹਤ ਸਹੂਲਤਾਂ ਵਿੱਚ ਸਾਹਮਣੇ ਆਏ ਹਨ, ਜਦੋਂ ਕਿ ਬਾਕੀ 86 ਵੱਖ-ਵੱਖ ਨਿੱਜੀ ਹਸਪਤਾਲਾਂ ਤੋਂ ਰਿਪੋਰਟ ਕੀਤੇ ਗਏ ਹਨ।

ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਇਹ ਕੇਸ ਮੁੱਖ ਤੌਰ ‘ਤੇ ਉਨ੍ਹਾਂ ਮਰੀਜ਼ਾਂ ਵਿੱਚ ਪਾਏ ਗਏ ਹਨ ਜੋ ਹਾਲ ਹੀ ਵਿੱਚ ਕੋਵਿਡ-19 ਤੋਂ ਠੀਕ ਹੋਏ ਹਨ ਜਾਂ ਜਿਨ੍ਹਾਂ ਦੀ ਇਮਉਨਿਟੀ ਘੱਟ ਹੈ (ਐੱਚਆਈਵੀ ਜਾਂ ਕੈਂਸਰ ਤੋਂ ਪੀੜਤ ਹਨ) ਜਾਂ ਜਿਹੜੇ ਮਰੀਜ਼ ਸਟੀਰੌਇਡ / ਇਮਿਊਨੋ-ਮੌਡੂਲੇਟਰਾਂ ਦੀ ਸਹਾਇਤਾ ਨਾਲ ਕੋਵਿਡ ਤੋਂ ਸਿਹਤਯਾਬ ਹੋਏ ਹਨ, ਉਹ ਮਰੀਜ਼ ਜੋ ਲੰਬੇ ਸਮੇਂ ਤੋਂ ਆਕਸੀਜਨ ‘ਤੇ ਸਨ ਜਾਂ ਉਹ ਲੋਕ ਜਿਨ੍ਹਾਂ ਦਾ ਸ਼ੂਗਰ ਕਾਬੂ ਤੋਂ ਬਾਹਰ ਹੈ।

ਸਿੱਧੂ ਨੇ ਕਿਹਾ ਕਿ ਇਸ ਬਿਮਾਰੀ ਦੇ ਇਲਾਜ ਲਈ ਐਂਟੀ-ਫੰਗਲ ਦਵਾਈਆਂ ਦੀ ਲੋੜ ਹੁੰਦੀ ਹੈ ਅਤੇ ਇਨ੍ਹਾਂ ਦਵਾਈਆਂ ਦੀ ਸਪਲਾਈ ਕੇਂਦਰ ਸਰਕਾਰ ਦੁਆਰਾ ਨਿਯਮਤ ਕੀਤੀ ਜਾਂਦੀ ਹੈ। ਇੱਥੇ ਦੋ ਮੁੱਖ ਟੀਕੇ ਉਪਲਬਧ ਹਨ ਜੋ ਕਿ ਕੇਂਦਰ ਸਰਕਾਰ ਦੁਆਰਾ ਰਾਜਾਂ ਨੂੰ ਪ੍ਰਦਾਨ ਕੀਤੇ ਜਾ ਰਹੇ ਹਨ। ਕੋਈ ਵੀ ਇਨ੍ਹਾਂ ਦਵਾਈਆਂ ਨੂੰ ਸਿੱਧੇ ਖੁੱਲੇ ਬਾਜ਼ਾਰ ਤੋਂ ਨਹੀਂ ਖਰੀਦ ਸਕਦਾ ਕਿਉਂਕਿ ਇਨ੍ਹਾਂ ਦੀ ਵੰਡ ਭਾਰਤ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਹੈ।

ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਾਹਰ ਸਮੂਹ ਨੇ ਇਲਾਜ ਪ੍ਰੋਟੋਕੋਲ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਅਤੇ ਇਸਦਾ ਇਲਾਜ ਕਰ ਰਹੇ ਹਸਪਤਾਲਾਂ/ਡਾਕਟਰਾਂ ਨੂੰ ਮਿਊਕਰਮਾਈਕੋਸਿਸ ਦੇ ਇਲਾਜ ਪ੍ਰੋਟੋਕਾਲਾਂ ਅਨੁਸਾਰ ਸਲਾਹ ਦੇਣ ਲਈ ਮਾਹਿਰਾਂ ਦੀ ਕਮੇਟੀ ਬਣਾਈ ਗਈ ਹੈ।
ਕੋਈ ਵੀ ਇਲਾਜ ਕਰਨ ਵਾਲਾ ਹਸਪਤਾਲ, ਜਿਸ ਨੂੰ ਇਸ ਬਿਮਾਰੀ ਦੇ ਇਲਾਜ ਬਾਰੇ ਸਲਾਹ ਦੀ ਲੋੜ ਹੁੰਦੀ ਹੈ, ਉਹ ਇਸ ਕਮੇਟੀ ਨਾਲ ਈ-ਮੇਲ mucorpunjab@gmail.com ਜਾਂ ਮੋਬਾਈਲ ਨੰ. 8872090028 (ਡਾ. ਗਗਨਦੀਪ ਗਰੋਵਰ) ਨਾਲ ਸੰਪਰਕ ਕਰ ਸਕਦਾ ਹੈ। ਜਿਸ ਹਸਪਤਾਲ ਨੂੰ ਇੰਜੈਕਸ਼ਨ ਲਿਪੋਸੋਮਲ ਐਮਫੋਟੇਰੀਸਿਨ-ਬੀ ਅਤੇ ਇੰਜੈਕਸ਼ਨ ਐਮਫੋਟੇਰੀਸਿਨ-ਬੀ ਉਹ ਵੀ ਇਸ ਕਮੇਟੀ ਨਾਲ ਸੰਪਰਕ ਕਰ ਸਕਦੇ ਹਨ ਅਤੇ ਇਹ ਟੀਕੇ ਭਾਰਤ ਸਰਕਾਰ ਵੱਲੋਂ ਭੇਜੇ ਟੀਕਿਆਂ ਦੀ ਉਪਲਬਧਤਾ ਅਨੁਸਾਰ ਦਿੱਤੇ ਜਾਣਗੇ।

ਮੌਜੂਦਾ ਸਮੇਂ ਸੀਮਤ ਸਪਲਾਈ ਦੇ ਕਾਰਨ ਇਹ ਕਮੇਟੀ ਇਨ੍ਹਾਂ ਬੇਨਤੀਆਂ ਦੀ ਪੜਤਾਲ ਕਰੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਇਹ ਦਵਾਈ ਲੋੜੀਂਦੀ ਮਾਤਰਾ ਵਿੱਚ ਉਹਨਾਂ ਹਸਪਤਾਲਾਂ ਨੂੰ ਮੁਹੱਈਆ ਕਰਵਾਈ ਜਾਵੇ ਜਿਹਨਾਂ ਨੂੰ ਆਪਣੇ ਹਸਪਤਾਲ ਵਿੱਚ ਦਾਖਲ ਮਿਊਕਰਮਾਈਕੋਸਿਸ (ਬਲੈਕ ਫੰਗਸ ਇਨਫੈਕਸ਼ਨ) ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਪਹਿਲ ਦੇ ਅਧਾਰ ‘ਤੇ ਇਨ੍ਹਾਂ ਟੀਕਿਆਂ ਦੀ ਜ਼ਰੂਰਤ ਹੈ।

ਮਿਊਕਰਮਾਈਕੋਸਿਸ (ਬਲੈਕ ਫੰਗਸ ਇਨਫੈਕਸ਼ਨ) ਦੇ ਲੱਛਣਾਂ ਵਿੱਚ ਚਿਹਰੇ ਦਾ ਦਰਦ ਜਾਂ ਸੋਜਸ਼, ਬੰਦ ਨੱਕ ਜਾਂ ਨੱਕ ‘ਚੋਂ ਭੂਰੇ ਰੰਗ ਦਾ ਪਦਾਰਥ ਨਿਕਲਣਾ, ਦੰਦਾਂ ਦਾ ਦਰਦ, ਢਿੱਲੇ ਦੰਦ, ਲਾਲੀ, ਅੱਖਾਂ ਵਿੱਚ ਦਰਦ ਜਾਂ ਸੋਜ, ਬੁਖਾਰ, ਸਾਹ ਚੜ੍ਹਨਾ, ਸਿਰਦਰਦ, ਅਲਟਰੇਟਿਡ ਸੈਂਸੋਰੀਅਮ, ਦੋਹਰੀ ਜਾਂ ਧੁੰਦਲੀ ਨਜ਼ਰ ਆਦਿ ਸ਼ਾਮਲ ਹੋ ਸਕਦੇ ਹਨ।

ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਉਪਰੋਕਤ ਕੋਈ ਵੀ ਲੱਛਣ ਮਹਿਸੂਸ ਹੋਵੇ ਤਾਂ ਉਸਨੂੰ ਤੁਰੰਤ ਨਜ਼ਦੀਕੀ ਸਿਹਤ ਸਹੂਲਤ ਨੂੰ ਸੂਚਿਤ ਕਰਨਾ ਚਾਹੀਦਾ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)