ਜਲੰਧਰ | ਮੁਸ਼ਕਲਾਂ ਸਾਰਿਆਂ ਦੀ ਜਿੰਦਗੀ ਵਿੱਚ ਆਉਂਦੀਆਂ ਹੀ ਹਨ ਪਰ ਮਿਹਨਤ ਕਰਨ ਵਾਲੇ ਇਨ੍ਹਾਂ ਦਾ ਡਟ ਕੇ ਸਾਹਮਣਾ ਕਰਦੇ ਹਨ। ਅਜਿਹੀ ਹੀ ਕਹਾਣੀ ਹੈ ਜਲੰਧਰ ‘ਚ ਆਟੋ ਵਿੱਚ ਢਾਬਾ ਖੋਲ੍ਹਣ ਵਾਲੀ ਮਨਿੰਦਰ ਕੌਰ ਦੀ।
ਪਤੀ ਦੇ ਐਕਸੀਡੈਂਟ ਤੋਂ ਬਾਅਦ ਜਦੋਂ ਘਰ ਦਾ ਗੁਜਾਰਾ ਮੁਸ਼ਕਿਲ ਹੋਇਆ ਤਾਂ ਮਨਿੰਦਰ ਨੇ ਕੁਝ ਕੰਮ ਕਰਨ ਦਾ ਸੋਚਿਆ। ਮਨਿੰਦਰ ਨੂੰ ਖਾਣਾ ਬਨਾਉਣ ਤੋਂ ਇਲਾਵਾ ਕੁਝ ਆਉਂਦਾ ਨਹੀਂ ਸੀ ਇਸ ਲਈ ਆਟੋ ਕਿਰਾਏ ‘ਤੇ ਲੈ ਕੇ ਢਾਬਾ ਖੋਲ੍ਹ ਲਿਆ।
ਜਲੰਧਰ ਦੇ ਬਾਹਰੀ ਖੇਤਰ ਫੋਕਲ ਪੁਆਇੰਟ ਵਿੱਚ ਮਨਿੰਦਰ ਨੂੰ ਆਟੋ ਵਿੱਚ ਖਾਣਾ ਬਨਾਉਂਦੇ ਵੇਖਿਆ ਜਾ ਸਕਦਾ ਹੈ। ਮਨਿੰਦਰ ਕੌਰ ਦੇ ਪਤੀ ਡ੍ਰਾਇਵਿੰਗ ਦਾ ਕੰਮ ਕਰਦੇ ਸਨ। ਇੱਕ ਐਕਸੀਡੈਂਟ ਵਿੱਚ ਉਨ੍ਹਾਂ ਦੇ ਪੈਰ ਉੱਤੇ ਸੱਟ ਲੱਗ ਗਈ। ਉਹ ਡ੍ਰਾਈਵਿੰਗ ਨਾ ਕਰ ਸਕੇ। ਲੌਕਡਾਊਨ ਅਤੇ ਉਸ ਤੋਂ ਬਾਅਦ ਪਰਿਵਾਰ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਮਨਿੰਦਰ ਦੱਸਦੇ ਹਨ- ਜਦੋਂ ਮੈਂ ਕੁਝ ਕੰਮ ਕਰਨਾ ਦਾ ਸੋਚਿਆ ਤਾਂ ਮੈਨੂੰ ਕੁਝ ਨਹੀਂ ਆਉਂਦਾ ਸੀ। ਘਰੇਲੂ ਔਰਤ ਹੋਣ ਕਰਕੇ ਖਾਣਾ ਜ਼ਰੂਰ ਵਧੀਆ ਬਣਾ ਲੈਂਦੀ ਸੀ। ਇਸ ਲਈ ਮੈਂ ਇਹੀ ਕੰਮ ਕਰਨਾ ਦਾ ਸੋਚਿਆ। ਪਹਿਲਾਂ ਕਿਸੇ ਜਾਣਕਾਰ ਨੇ ਆਪਣੀ ਕਾਰ ਦਿੱਤੀ ਤਾਂ ਅਸੀਂ ਉਸ ਵਿੱਚ ਖਾਣਾ ਬਨਾਉਣ ਲੱਗ ਪਏ। ਅਚਾਨਕ ਇੱਕ ਦਿਨ ਉਹ ਕਾਰ ਵਾਪਿਸ ਲੈ ਗਿਆ। ਇਸ ਤੋਂ ਬਾਅਦ ਆਟੋ ਕਿਰਾਏ ਉੱਤੇ ਲੈ ਕੇ ਉਸ ਵਿੱਚ ਹੀ ਢਾਬਾ ਖੋਲ੍ਹ ਲਿਆ। ਹੁਣ ਇਹ ਕੰਮ ਵਧੀਆ ਚੱਲ ਰਿਹਾ ਹੈ।