ਕੈਪਟਨ ਸਰਕਾਰ ਨੇ ਕੋਰੋਨਾ ਬੰਦਿਸ਼ਾਂ 10 ਅਪ੍ਰੈਲ ਤੱਕ ਵਧਾਈਆਂ, ਭੀੜ ਵਾਲੇ ਇਲਾਕਿਆਂ ਵਿੱਚ ਕੋਰੋਨਾ ਟੀਕੇ ਲਾਉਣ ਦੇ ਦਿੱਤੇ ਆਰਡਰ

0
7380

ਚੰਡੀਗੜ੍ਹ | ਸੂਬੇ ਵਿੱਚ ਕੋਵਿਡ ਕੇਸਾਂ ਅਤੇ ਮੌਤਾਂ ਦੀ ਦੀ ਵੱਧਦੀ ਗਿਣਤੀ ਨੂੰ ਵੇਖਦਿਆਂ ਮੁੱਖ ਮੰਤਰੀ ਨੇ ਮੰਗਲਵਾਰ ਨੂੰ ਕੋਵਿਡ ਕਾਰਨ ਲਾਈਆਂ ਬੰਦਿਸ਼ਾਂ ਨੂੰ 10 ਅਪ੍ਰੈਲ ਤੱਕ ਵਧਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਸਿਹਤ ਵਿਭਾਗ ਨੂੰ ਪਬਲਿਕ ਪਲੇਸ ਉੱਤੇ ਟੀਕਾਕਰਨ ਵਧਾਉਣ ਦੇ ਹੁਕਮ ਦਿੱਤੇ ਗਏ ਹਨ।

ਮੁੱਖ ਸਕੱਤਰ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਕੋਵਿਡ ਦੀ ਸਥਿਤੀ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੀਆਂ ਬੰਦਿਸ਼ਾਂ 31 ਮਾਰਚ ਤੱਕ ਲਗਾਈਆਂ ਸਨ, ਉਨ੍ਹਾਂ ਸਾਰੀਆਂ ਨੂੰ 10 ਅਪ੍ਰੈਲ ਤੱਕ ਵਧਾ ਦਿੱਤਾ ਜਾਵੇ ਅਤੇ ਇਸ ਤੋਂ ਬਾਅਦ ਉਹ ਫੇਰ ਇਸ ਦੀ ਸਮੀਖਿਆ ਕਰਨਗੇ।

ਨਾਭਾ ਓਪਨ ਜੇਲ੍ਹ ਵਿੱਚ 40 ਔਰਤਾਂ ਦੇ ਕੋਵਿਡ ਪਾਜ਼ੀਟਿਵ ਪਾਏ ਜਾਣ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਕੈਦੀਆਂ ਲਈ ਵੀ ਜੇਲ੍ਹਾਂ ਵਿੱਚ ਵਿਸ਼ੇਸ਼ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੇ ਹੁਕਮ ਕੀਤੇ।

ਸਥਿਤੀ ਉਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਟੈਸਟਿੰਗ ਦੀ ਗਿਣਤੀ ਵਧਾਉਣ ਅਤੇ ਭੀੜ-ਭਾੜ ਵਾਲੇ ਇਲਾਕਿਆਂ ਦੇ ਨਾਲ ਵਿਅਸਤ ਮਾਰਕੀਟ ਖੇਤਰਾਂ ਵਿੱਚ ਟੀਕਾਕਰਨ ਸ਼ੁਰੂ ਕਰਨ ਲਈ ਜ਼ਰੂਰੀ ਨਿਰਦੇਸ਼ ਜਾਰੀ ਕਰਨ ਲਈ ਕਿਹਾ।

ਸੀਐਮ ਨੇ ਸਾਰੇ ਡੀ.ਸੀ ਤੇ ਸਿਵਲ ਸਰਜਨਾਂ ਨੂੰ ਟੀਕਾਕਰਨ ਦੀ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਣ ਲਈ ਅਜਿਹੀਆਂ ਥਾਵਾਂ ਦੀ ਸ਼ਨਾਖਤ ਕਰਨ ਲਈ ਕਿਹਾ ਜਿੱਥੇ ਮੋਬਾਈਲ ਕੋਵਿਡ ਟੀਕਾਕਰਨ ਕੇਂਦਰ ਸਥਾਪਤ ਕੀਤੇ ਜਾ ਸਕਦੇ ਹਨ ਜਿਵੇਂ ਕਿ ਪੁਲਿਸ ਲਾਈਨਜ਼, ਕਾਲਜ ਤੇ ਯੂਨੀਵਰਸਿਟੀਆਂ, ਵੱਡੇ ਉਦਯੋਗਿਕ ਯੂਨਿਟ, ਬੱਸ ਅੱਡੇ, ਰੇਲਵੇ ਸਟੇਸ਼ਨ, ਪੀ.ਆਰ.ਟੀ.ਸੀ./ਪੰਜਾਬ ਰੋਡਵੇਜ਼ ਬੱਸ ਡਿਪੂ, ਬਾਜ਼ਾਰ ਆਦਿ।

ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਸਰਕਾਰੀ ਕਰਮਚਾਰੀਆਂ ਅਤੇ ਹੋਰ ਵਰਗਾਂ ਜਿਵੇਂ ਕਿ ਜੱਜਾਂ, ਅਧਿਆਪਕਾਂ ਆਦਿ ਜਿਨ੍ਹਾਂ ਨੂੰ ਟੀਕਾਕਰਨ ਲਈ ਕਵਰ ਕਰਨ ਦੀ ਬੇਨਤੀ ਕੀਤੀ ਸੀ, ਨੂੰ 45 ਵਰ੍ਹਿਆਂ ਦੀ ਉਮਰ ਹੱਦ ਪਾਰ ਕਰਨ ਕਰ ਕੇ ਟੀਕਾਕਰਨ ਦੀ ਸਹੂਲਤ ਦੇਣ ਲਈ ਕਿਹਾ। ਉਨ੍ਹਾਂ ਵੱਧ ਕੇਸਾਂ ਵਾਲੇ ਜ਼ਿਲ੍ਹਿਆਂ ਵਿੱਚ ਮੌਜੂਦ ਵਸੀਲੇ ਇਕੱਠੇ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਇਸ ਮਹਾਂਮਾਰੀ ਦੀ ਰੋਕਥਾਮ ਕਰਨ ਲਈ ਟੀਕਾਕਰਨ ਦੀ ਪ੍ਰਕਿਰਿਆ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹੀ ਜਾ ਸਕੇ।

ਖਾਸ ਤੌਰ ‘ਤੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਵਾਇਰਸ ਦਾ ਯੂ.ਕੇ. ਸਟਰੇਨ ਸੂਬੇ ਵਿੱਚ ਸਭ ਤੋਂ ਜ਼ਿਆਦਾ ਪਾਇਆ ਜਾ ਰਿਹਾ ਹੈ। ਵਾਇਰਸ ਦੇ ਪੱਧਰ ਦਾ ਪਤਾ ਲਗਾਉਣ ਲਈ ਸ਼ੁਰੂਆਤ ਵਿੱਚ ਐਨ.ਸੀ.ਡੀ.ਸੀ. ਨੂੰ ਭੇਜੇ 401 ਕੋਵਿਡ ਪਾਜ਼ੇਟਿਵ ਸੈਂਪਲਾਂ ਵਿੱਚੋਂ 326 ਕੇਸ ਯੂ.ਕੇ. ਵਾਇਰਸ ਦੇ ਪਾਏ ਗਏ। ਬਾਅਦ ਵਿੱਚ ਆਈ.ਜੀ.ਆਈ.ਬੀ. ਨੂੰ ਭੇਜੇ 95 ਸੈਂਪਲਾਂ ਵਿੱਚੋਂ 85 ਸੈਂਪਲ ਯੂ.ਕੇ. ਸਟਰੇਨ ਦੇ ਪਾਏ ਗਏ।

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਕੋਵਿਡ ਮਹਾਂਮਾਰੀ ਦੀ ਤਾਜ਼ਾ ਦਸ਼ਾ ਅਤੇ ਯੋਗ ਵਰਗ ਦੇ ਲਾਭਪਾਤਰੀਆਂ ਦੇ ਟੀਕਾਕਰਨ ਦੀ ਸਥਿਤੀ ਵੀ ਸਾਂਝੀ ਕੀਤੀ। ਮੀਟਿੰਗ ਵਿੱਚ ਸੀ.ਐਮ.ਸੀ. ਲੁਧਿਆਣਾ ਵੱਲੋਂ ਪੇਸ਼ ਕੀਤੇ ਰੁਝਾਨ ਦੱਸਦਿਆਂ ਇਹ ਸੂਚਨਾ ਦਿੱਤੀ ਗਈ ਕਿ ਕੁਝ ਜ਼ਿਲ੍ਹਿਆਂ ਵਿੱਚ ਪਾਜ਼ੀਟਿਵ ਕੇਸਾਂ ਅਤੇ ਮੌਤਾਂ ਦੀ ਗਿਣਤੀ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਵਧਦੇ ਕੇਸਾਂ ਸਬੰਧੀ ਇਸ ਰੁਝਾਨ ਅਨੁਸਾਰ 6 ਅਪ੍ਰੈਲ, 2021 ਨੂੰ ਸਿਖਰ ਹੋਵੇਗਾ। ਅਨੁਮਾਨਾਂ ਅਨੁਸਾਰ ਮਈ, 2021 ਦੇ ਅੱਧ ਜਾਂ ਅਖੀਰ ਵਿੱਚ ਕੇਸਾਂ ਦੀ ਗਿਣਤੀ ਘਟਣ ਲੱਗੇਗੀ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ ਜਲੰਧਰ, ਲੁਧਿਆਣਾ, ਪਟਿਆਲਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਹੁਸ਼ਿਆਰਪੁਰ ਤੇ ਕਪੂਰਥਲਾ ਵਿੱਚ ਹੋਰ ਕੇਸ ਆਉਣ ਦੀ ਸੰਭਾਵਨਾ ਹੈ ਅਤੇ ਇਹ ਵੀ ਸੰਭਾਵਨਾ ਹੈ ਕਿ 40 ਸਾਲ ਜਾਂ ਇਸ ਤੋਂ ਘੱਟ ਦੇ ਨੌਜਵਾਨਾਂ ਵਿੱਚ ਇਹ ਕੇਸ ਸਭ ਤੋਂ ਵੱਧ ਹੋਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਐਲ-2 ਅਤੇ ਐਲ-3 ਬੈਡ ਢੁੱਕਵੀਂ ਗਿਣਤੀ ਵਿੱਚ ਉਪਲੱਬਧ ਹਨ ਪਰ ਕੁਝ ਪ੍ਰਾਈਵੇਟ ਹਸਪਤਾਲਾਂ ਵਿੱਚ ਬੈਡਾਂ ਦੀ ਉਪਲੱਬਧਤਾ ਨੂੰ ਵਧਾਉਣ ਦੀ ਜ਼ਰੂਰਤ ਹੈ ਜੋ ਬੇਹੱਦ ਗੰਭੀਰ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਉਨ੍ਹਾਂ ਸਾਰੇ ਜ਼ਿਲ੍ਹਿਆਂ ਨੂੰ ਨਮੂਨੇ ਲੈਣ ਦੀ ਗਤੀ ਤੇਜ਼ ਕਰਨ ਅਤੇ ਵਿਸ਼ੇਸ਼ ਤੌਰ ‘ਤੇ ਕੋਵਿਡ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕਾਂ ਦੇ ਨਮੂਨੇ ਲੈਣ ਅਤੇ ਆਰ.ਏ.ਟੀ. ਨੂੰ 30 ਫੀਸਦੀ ਤੱਕ ਵਧਾਉਣ ਸਬੰਧੀ ਹਦਾਇਤ ਕੀਤੀ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)