ਜਲੰਧਰ | ਬੱਸ ਅੱਡੇ ਨੇੜੇ ਅਰੋੜਾ ਮਨੀ ਐਕਸਚੇਂਜ ਵਿੱਚ ਹੋਈ ਲੁੱਟ ਦੀ ਵਾਰਦਾਤ ਹੱਲ ਹੋ ਗਈ ਹੈ। ਦੁਕਾਨ ਲੁਟਵਾਉਣ ਪਿੱਛੇ 6 ਸਾਲ ਪੁਰਾਣੀ ਗ੍ਰਾਹਕ ਸਰਬਜੀਤ ਕੌਰ ਦਾ ਹੱਥ ਸੀ। ਸਰਬਜੀਤ ਦੁਕਾਨ ਦੇ ਮਾਲਕ ਰਾਕੇਸ਼ ਕੁਮਾਰ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਅਤੇ ਪਿਛਲੇ ਛੇ ਸਾਲਾਂ ਤੋਂ ਅਕਸਰ ਦੁਕਾਨ ’ਤੇ ਆਉਂਦੀ ਸੀ।
ਪੁਲਿਸ ਨੇ ਗ੍ਰਾਹਕ ਸਰਬਜੀਤ ਕੌਰ ਸਮੇਤ 3 ਅਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਵਾਰਦਾਤ ਨੂੰ 24 ਘੰਟਿਆਂ ਦੇ ਵਿੱਚ ਹਲ ਕੀਤਾ ਗਿਆ ਹੈ। ਅਰੋਪੀਆਂ ਤੋਂ .32 ਬੋਰ ਦਾ ਪਿਸਟਲ ਅਤੇ ਇਕ ਮੋਬਾਇਲ ਦੇ ਨਾਲ ਲੁੱਟੇ ਗਏ ਸਾਰੇ ਪੈਸਿਆਂ ਨੂੰ ਬਰਾਮਦ ਕਰ ਲਿਆ ਗਿਆ ਹੈ।
ਅਰੋਪੀਆਂ ਦੀ ਪਹਿਚਾਣ ਜਸਪਾਲ ਸਿੰਘ (22) ਪਿੰਡ ਪੰਡੋਰੀ ਗੋਲਾ, ਗਗਨਦੀਪ ਸਿੰਘ (22) ਅਤੇ ਸਰਬਜੀਤ ਕੌਰ (45) ਗੁਰੂ ਤੇਗ ਬਹਾਦੁਰ ਨਗਰ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ । ਚੌਥਾ ਦੋਸ਼ੀ ਗੁਰਕਿਰਪਾਲ ਸਿੰਘ ਪਿੰਡ ਬਲੀਆਂਵਾਲ, ਤਰਨ ਤਾਰਨ ਭਗੌੜਾ ਹੈ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਸ਼ਾਮ ਨੂੰ ਅਣਪਛਾਤੇ ਲੋਕਾਂ ਵਲੋਂ ਅਰੋੜਾ ਵੈਸਟਰਨ ਯੂਨੀਅਨ ਦੁਆਬਾ ਮਾਰਕਿਟ ਨੇੜੇ ਬੱਸ ਸਟੈਂਡ ਤੋਂ 2.59 ਲੱਖ ਰੁਪਏ ਭਾਰਤੀ ਕਰੰਸੀ, 2000 ਕੇਨੈਡੀਅਨ ਡੋਲਰ, 850 ਯੂਰੋ, 779 ਯੂ.ਐਸ. ਡੋਲਰ, 800 ਦਰਾਮ, 166 ਥਾਈਲੈਂਡ ਬਾਹਟ ਕਰੰਸੀ, ਤਿੰਨ ਫੋਨ ਲੁੱਟੇ ਗਏ ਸਨ।
ਮਨੀ ਐਕਸਚੇਂਜਰ ਰਾਕੇਸ਼ ਕੁਮਾਰ ਕਰਾਰ ਖਾਂ ਮੁਹੱਲਾ ਦਾ ਰਹਿਣ ਵਾਲਾ ਹੈ। ਸ਼ਿਕਾਇਤ ਦੇ ਅਧਾਰ ’ਤੇ ਮਾਡਲ ਟਾਊਨ ਪੁਲਿਸ ਸਟੇਸ਼ਨ ਵਿਖੇ ਧਾਰਾ 379-ਬੀ, 34 ਆਈ.ਪੀ.ਸੀ. ਅਤੇ 25,54 ਅਤੇ 59 ਆਰਮਜ਼ ਐਕਟ ਤਹਿਤ ਕੇਸ਼ ਦਰਜ ਕੀਤਾ ਗਿਆ ਸੀ।
ਅਰੋਪੀ ਸਰਬਜੀਤ ਕੌਰ ਨੇ ਰਾਕੇਸ਼ ਕੁਮਾਰ ਅਤੇ ਉਸ ਦੇ ਮਨੀ ਐਕਸਚੇਂਜ ਕਾਰੋਬਾਰ ਬਾਰੇ ਗਗਨਦੀਪ ਸਿੰਘ ਨਾਲ ਗੱਲਬਾਤ ਕੀਤੀ, ਜਿਸ ’ਤੇ ਗਗਨਦੀਪ ਨੇ ਰਾਕੇਸ਼ ਕੁਮਾਰ ਦੀ ਦੁਕਾਨ ਤੋਂ ਲੁੱਟ ਦੀ ਯੋਜਨਾ ਬਣਾਈ ਅਤੇ ਜਸਪਤਾਲ ਤੇ ਗੁਰਕਿਰਪਾਲ ਨੂੰ ਵੀ ਆਪਣੇ ਨਾਲ ਮਿਲਾ ਲਿਆ। ਜਸਪਾਲ ਸਿੰਘ ਦੇ ਖਿਲਾਫ਼ ਤਰਨ ਤਾਰਨ ਪੁਲਿਸ ਸਟੇਸ਼ਨ ਵਿੱਚ ਸਾਲ 2018 ਤੋਂ ਕਤਲ ਦਾ ਕੇਸ ਦਰਜ ਹੈ।
ਕਮਿਸ਼ਨਰ ਨੇ ਦੱਸਿਆ ਕਿ ਭਗੌੜੇ ਦੌਸੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ ਅਤੇ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨਾਂ ਤਿੰਨ ਦੋਸ਼ੀਆਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਵਧੇਰੇ ਪੁੱਛਗਿੱਛ ਲਈ ਰਿਮਾਂਡ ’ਤੇ ਲਿਆ ਜਾਵੇਗਾ।