ਕਪੜਿਆਂ ਨੂੰ ਬਣਾਉਣ ਪਿੱਛੇ ਵੀ ਸਾਇੰਸ ਦੀ ਹੈ ਅਹਿਮ ਭੂਮਿਕਾ, ਪੜ੍ਹੋ ਭਾਰਤ ਦੇ ਕੱਪੜਾ ਕਾਰੋਬਾਰ ਦੀਆਂ ਖਾਸ ਗੱਲਾਂ

0
9335

ਕਪੂਰਥਲਾ | ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਵੂਮੈਨ ਤਕਨਾਲੌਜੀ ਪਾਰਕ ਵਲੋਂ  ਭਾਰਤ ਦੇ ਪ੍ਰੰਪਰਾਗਤ ਪਹਿਰਾਵੇ ਅਤੇ ਫ਼ੈਸ਼ਨ ਦੀ ਦੁਨੀਆਂ ਪਿੱਛੇ ਕੰਮ ਕਰਦੇ ਵਿਗਿਆਨ ਦੇ ਵਿਸ਼ੇ ’ਤੇ ਵੈਬਨਾਰ ਕਰਵਇਆ ਗਿਆ।

ਇਸ ‘ਚ 300 ਤੋਂ ਵੱਧ ਫ਼ੈਸ਼ਨ ਡਿਜ਼ਾਇਨੰਗ ਕਾਲਜਾ, ਇੰਸਟੀਚਿਊਟਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਤੇ ਆਮ ਲੋਕਾਂ ਨੇ ਹਿੱਸਾ ਲਿਆ। ਪੰਜਾਬ ਦੇ ਜਲ-ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਮੁੱਖ ਮਹਿਮਾਨ ਦੇ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਭਾਰਤ ਦੀ ਆਰਥਿਕਤਾ ਵਿਚ ਸਦੀਆਂ ਤੋਂ ਹੀ ਕਪੜਾ ਉਦਯੋਗ ਦਾ ਅਹਿਮ ਯੋਗਦਾਨ ਰਿਹਾ ਹੈ। ਪੁਰਾਤੱਤਵ ਅਧਿਐਨ  ਇਸ ਗੱਲ ਵੱਲ ਸੰਕੇਤ ਕਰਦੇ ਹਨ ਕਿ 4000 ਸਾਲ ਪਹਿਲਾਂ ਹੜੱਪਾ ਸੱਭਿਅਤਾ ਦੇ ਲੋਕ ਪਰਿਵਾਰਕ ਸਨ ਅਤੇ ਹੱਥ ਨਾਲ ਕੱਤੇ ਹੋਏ ਸੂਤ ਦੇ ਕਪੜੇ ਪਾਉਂਦੇ ਸਨ।

ਵੈਦਿਕ ਸਹਿਤ ਵਿਚ ਸੂਤ ਦੀ ਬੁਣਾਈ ਅਤੇ ਹੱਥੀ ਕੱਤੇ ਹੋੲ ਸੂਤੀ ਮੈਟਰੀਅਲ ਦੀ ਪ੍ਰਮਾਣਿਕਤਾ ਹੈ। ਭਾਰਤੀ ਇਤਿਹਾਸ ਵਿਚ ਵੀ   ਕਪੜਾ ਉਦਯੋਗ ਦੀ ਅਹਿਮ ਮਹਹੱਤਾ ਹੈ।

ਬਲਾਕ ਪ੍ਰੀਟਿੰਗ ਅਤੇ ਕਪੜਿਆਂ ਦੀ ਰੰਗਾਈ ਦੇ ਕੰਮ ਦੀ ਸ਼ੁਰੂਆਤ ਗੁਜਰਾਤ ਤੋਂ ਹੋਈ ਸੀ, ਜਿਹਨਾਂ ਦੇ ਨਮੂਨੇ ਮਿਸਰ-ਅੱਲ-ਫ਼ੁਸਤਾਤ ਦੇ ਮਕਬਰਿਆਂ ’ਤੇ ਵੀ ਦੇਖੇ ਗਏ ਹਨ। ਇੱਥੋਂ ਇਹ ਸੰਕੇਤ ਮਿਲਦੇ ਹਨ ਕਿ ਭਾਰਤ ਤੋਂ ਸੂਤੀ ਕਪੜੇ ਨਾਇਲ ਸੱਭਿਆਤਾ ਨੂੰ ਵੀ ਭੇਜੇ ਜਾਂਦੇ ਰਹੇ ਹਨ।

ਵੱਡੀ ਮਾਤਰਾ ਵਿਚ ਭਾਰਤੀ ਸਿਲਕ ਪੱਛਮੀ ਦੇਸ਼ਾਂ ਨੂੰ ਭੇਜੀ ਜਾਂਦੀ ਰਹੀ ਹੈ। ਅੱਜ ਵੀ ਭਾਰਤੀ ਕਪੜਿਆਂ ਦੀ ਪੱਛਮੀ ਦੇਸ਼ਾਂ ਵਿਚ  ਬਹੁਤ ਮੰਗ ਹੈ। ਕੁਲ ਜੀਡੀਪੀ ਦੇ 5 ਫ਼ੀਸਦ ਹਿੱਸਾ ਕਪੜਿਆਂ ਦੇ ਨਿਰਯਾਤ ਤੋਂ ਹੀ ਆਉਂਦਾ ਹੈ।

ਇਕ ਅਨੁਮਾਨ ਮੁਤਾਬਿਕ  ਹਰ ਸਾਲ ਇਸ ਖੇਤਰ ਵਿਚ ਕੁਲ 50 ਬਿਲੀਅਨ ਡਾਲਰ ਦਾ ਵਪਾਰ ਹੁੰਦਾ ਹੈ, ਜਿਸ ਵਿਚ ਸਾਢੇ ਚਾਰ ਕਰੋੜ ਲੋਕਾਂ ਨੂੰ ਸਿੱਧੇ ਅਤੇ ਛੇ ਕਰੋੜ ਲੋਕਾਂ ਨੂੰ ਅਸਿੱਧੇ ਤੌਰ ’ਤੇ ਰੋਜ਼ਗਾਰ ਮਿਲਦਾ ਹੈ। ਪ੍ਰੰਪਰਾਗਤ ਪਹਿਰਾਵੇ ਅਤੇ ਕਪੜਿਆਂ ਦੀ ਸਨਅੱਤ ਨੂੰ ਵਿਕਸਤ ਕਰਨ ਵਿਚ ਵਿਗਿਆਨ ਤੇ ਤਕਨਾਲੌਜੀ ਦੀ ਬਹੁਤ ਅਹਿਮ ਭੂਮਿਕਾ ਹੈ।

ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਦੱਸਿਆ ਕਿ ਖੱਡੀ, ਦਸਤਕਾਰੀ, ਸਿਲਕ ਦੀ ਖੇਤੀ ਨੂੰ ਉਤਸ਼ਹਿਤ ਕਰਨ ਤੋਂ ਇਲਾਵਾ ਬੁਣਈ, ਸੂਤ ਦੀ ਕਤਾਈ, ਰੰਗਾਈ ਅਤੇ ਟੈਕਸਟਾਈਲ ਇੰਜੀਨੀਅਰਿੰਗ ਰਾਹੀਂ ਤਿਆਰ ਕਪੜੇ ਦੇ ਉਤਪਾਦਨ ਵਿਚ ਵਿਗਿਆਨ ਤੇ ਤਕਨਾਲੌਜੀ ਦਾ ਬਹੁਤ ਅਹਿਮ ਰੋਲ ਹੈ।

ਵਿਗਿਆਨ ਤੇ ਤਕਨਾਲੌਜੀ ਦੇ ਖੇਤਰ ਵਿਚ ਹੋ ਰਹੀਆਂ ਖੋਜਾਂ ਕਪੜਾ ਸਨਅੱਤ ਲਈ ਬਹੁਤ ਸਹਾਇਕ ਹਨ। ਇਹਨਾਂ ਖੋਜਾਂ ਦੇ ਸਦਕਾ ਹੀ ਕਪੜਿਆਂ ਦੀਆਂ ਬਹੁਤ ਸਾਰੀਆਂ ਕਿਸਮਾਂ ਵਿਕਸਤ ਹੋ ਰਹੀਆਂ ਹਨ। ਉਨ੍ਹਾਂ ਦਸਿਆ ਕਿ ਹੁਣ ਖੁੰਭਾਂ, ਅਨਾਨਾਸ ਅਤੇ ਕੈਕਟਸ  ਆਦਿ ਤੋਂ ਵੀ ਡਿਜ਼ਾਇਨਦਾਰ ਕਪੜੇ ਬਣਨੇ ਸ਼ੁਰੂ ਹੋ ਚੁੱਕੇ ਹਨ। ਇਸ ਤੋਂ ਇਲਾਵਾ ਜੈਵਿਕਾ ਵਿਭਿੰਨਤਾ ਸਾਂਭ-ਸੰਭਾਲ ਦੁਆਰਾ ਪ੍ਰੰਪਰਾਗਤ ਪਹਿਰਾਵੇ ਜਿਵੇਂ ਕਿ ਵੀਕੁਨਾ ਉਨ, ਅਲਪਕਾ ਉਨ, ਕਸ਼ਮੀਰ ਊਨ, ਸ਼ਤੂਤ ਆਦਿ ਨੂੰ ਸਾਂਭਿਆ ਜਾ ਰਿਹਾ ਹੈ।

ਕੰਨਿਆਂ ਮਹਾਂ ਵਿਦਿਆਲਿਆ ਜਲੰਧਰ ਦੇ ਫ਼ੈਸ਼ਨ ਡਿਜ਼ਾਇਨ ਵਿਭਾਗ ਦੀ ਮੁੱਖੀ ਹਰਪ੍ਰੀਤ ਕੌਰ ਨੇ ਮਾਹਿਰ ਵਜੋਂ ਸ਼ਿਰਕਤ ਕੀਤੀ। ਉਨਾਂ ਦੱਸਿਆ ਕਿ ਭਾਰਤੀ ਕਪੜੇ ਦੀ ਦਸਤਕਾਰੀ ਨੇ ਫ਼ੈਸ਼ਨ ਦੀ ਦੁਨੀਆਂ ਵਿਚ ਪੂਰੇ ਵਿਸ਼ਵ ’ਚ ਆਪਣਾ ਲੋਹਾ ਮਨਵਾਇਆ ਹੋਇਆ ਹੈ। ਕਪੜੇ ਦੇ ਪਿੱਛੇ ਕੰਮ ਕਰਦੇ ਵਿਗਿਆਨ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਕਪੜੇ ਨੂੰ ਬਣਾਉਣ ਅਤੇ ਇਸ ਡਿਜ਼ਾਇਨ ਤਿਆਰ ਕਰਨ ਲਈ ਬਹੁਤ ਸਾਰੇ ਵਿਗਿਆਨਕ ਢੰਗ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਸਾਨੂੰ ਸਰਿਆ ਨੂੰ ਭਾਰਤੀ ਪ੍ਰਪੰਰਾਗਤ ਦਸਤਕਾਰੀ ਦੇ ਕਪੜੇ ਜ਼ਰੂਰ ਪਹਿਨਣੇ ਚਾਹੀਦੇ ਹਨ ਕਿਉਂਕਿ ਇਹ ਵਾਤਾਵਰਣ ਦੇ ਅਨੁਕੂਲ ਹੋਣ ਦੇ ਨਾਲ-ਨਾਲ  ਗੈਰ-ਅਲਰਜੀ ਵਾਲੇ ਹੁੰਦੇ ਹਨ। ਭਾਵ ਇਹਨਾਂ ਨੂੰ ਪਹਿਨਣ ’ਤੇ ਕਿਸੇ ਵੀ ਤਰ੍ਹਾਂ ਦੀ ਸਰੀਰਕ ਅਲਰਜੀ ਨਹੀਂ ਹੁੰਦੀ। ਉਨਾਂ ਕਿਹਾ ਕਿ ਅਜਿਹਾ ਕਰਨ ਨਾਲ ਜਿੱਥੇ ਅਸੀਂ ਅਪਣੇ ਅਮੀਰ ਵਿਰਸੇ ਨੂੰ ਸੰਭਲਣ ਵਿਚ ਸਫ਼ਲ ਹੋਵਾਂਗੇ ਉੱਥੇ ਹੀ ਖਤਮ ਹੋ ਰਹੀ ਦਸਤਕਾਰੀ ਨੂੰ ਵੀ ਸਾਂਭਿਆ ਜਾ ਸਕਦਾ ਹੈ।