ਜਲੰਧਰ | ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਜਿਲੇ ਵਿੱਚ ਵੈਸੇ ਤਾਂ ਪਟਾਕੇ ਚਲਾਉਣ ‘ਤੇ ਪਾਬੰਦੀ ਹੈ ਪਰ ਕ੍ਰਿਸਮਸ ਅਤੇ ਨਵੇਂ ਸਾਲ ‘ਤੇ ਸਿਰਫ 35 ਮਿੰਟ ਦੀ ਛੋਟ ਦਿੱਤੀ ਜਾ ਰਹੀ ਹੈ।
ਡੀਸੀ ਨੇ ਕਿਹਾ ਕਿ ਲੋਕ ਕ੍ਰਿਸਮਿਸ ਅਤੇ ਨਵੇਂ ਸਾਲ ਦੇ ਜਸ਼ਨਾਂ ਮੌਕੇ ਰਾਤ 11.55 ਵਜੇ ਤੋਂ ਰਾਤ 12.30 ਵਜੇ ਤੱਕ (35 ਮਿੰਟ) ਪਟਾਕੇ ਚਲਾ ਸਕਦੇ ਹਨ ।
ਉਨ੍ਹਾਂ ਕਿਹਾ ਕਿ ਸਿਰਫ ਗਰੀਨ ਪਟਾਕੇ (ਉਹ ਪਟਾਕੇ, ਜਿਨ੍ਹਾਂ ਵਿੱਚ ਬੇਰੀਅਮ ਸਾਲਟ ਜਾਂ ਐਂਟੀਮਨੀ, ਲਿਥੀਅਮ, ਮਰਕਰੀ, ਆਰਸੇਨਿਕ ਲੈਡ ਜਾਂ ਸਟਰੋਟੀਅਮ ਕ੍ਰੋਮੈਟ ਦੀ ਵਰਤੋਂ ਨਹੀਂ ਹੁੰਦੀ) ਨੂੰ ਵੇਚਣ ਅਤੇ ਵਰਤਣ ਦੀ ਆਗਿਆ ਦਿੱਤੀ ਜਾਵੇਗੀ।
ਥੋਰੀ ਨੇ ਕਿਹਾ ਕਿ ਸਾਈਲੈਂਸ ਜ਼ੋਨ (ਭਾਵ ਹਸਪਤਾਲ ਨੇੜੇ, ਵਿਦਿਅਕ ਸੰਸਥਾਵਾਂ, ਅਦਾਲਤਾਂ ਆਦਿ) ਵਿਚ ਅਤੇ ਸੁੱਚੀ ਪਿੰਡ ਦੀ ਹੱਦ ਦੇ ਅੰਦਰ ਅਤੇ ਆਈਓਸੀ, ਬੀਪੀਸੀਐਲ ਅਤੇ ਐਚਪੀਸੀਐਲ ਦੇ ਤੇਲ ਟਰਮੀਨਲਸ ਨੇੜਲੇ ਖੇਤਰਾਂ ਦੀ ਹੱਦ ਵਿਚ ਕਿਸੇ ਵੀ ਸਮੇਂ ਪਟਾਕੇ ਚਲਾਉਣ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ।
ਡੀਸੀ ਨੇ ਕਿਹਾ- ਲੋਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਮਨਜ਼ੂਰ ਕੀਤੇ ਸਮੇਂ ਤੋਂ ਇਲਾਵਾ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖਿਲਾਫ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ।