ਪਾਕਿਸਤਾਨ ਨੂੰ ਖਦਸ਼ਾ, ਕਿਸਾਨੀ ਅੰਦੋਲਨ ਤੋਂ ਧਿਆਨ ਭਟਕਾਉਣ ਲਈ ਮੋਦੀ ਸਰਕਾਰ ਕਰ ਸਕਦੀ ਹੈ ‘ਸਰਜੀਕਲ ਸਟ੍ਰਾਈਕ’

0
3280

ਨਵੀਂ ਦਿੱਲੀ: ਪਾਕਿਸਤਾਨ ਨੂੰ ਇਹ ਡਰ ਹੈ ਕਿ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਭਾਰਤ ਉਸ ਉੱਤੇ ਇੱਕ ਹੋਰ ‘ਸਰਜੀਕਲ ਸਟ੍ਰਾਈਕ’ ਕਰ ਸਕਦਾ ਹੈ। ਇਸ ਨੂੰ ਵੇਖਦਿਆਂ ਪਾਕਿਸਤਾਨ ਨੇ ਕੌਮਾਂਤਰੀ ਸਰਹੱਦ ਉੱਤੇ ਫ਼ੌਜ ਨੂੰ ‘ਹਾਈ ਅਲਰਟ’ ਕਰ ਦਿੱਤਾ ਹੈ।

‘ਦ ਐਕਸਪ੍ਰੈੱਸ ਟ੍ਰਿਬਿਊਨ’ ਦੀ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਨੂੰ ਖ਼ੁਫ਼ੀਆ ਜਾਣਕਾਰੀ ਮਿਲੀ ਹੈ ਕਿ ਨਵੇਂ ਖੇਤੀ ਕਾਨੂੰਨਾਂ ਉੱਤੇ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਧਿਆਨ ਹਟਾਉਣ ਲਈ ਤੇ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਭਾਰਤ ਸਰਕਾਰ ਸਰਹੱਦ ਉੱਤੇ ਕੋਈ ਵੱਡੀ ਕਾਰਵਾਈ ਜਾਂ ‘ਸਰਜੀਕਲ ਸਟ੍ਰਾਈਕ’ ਕਰ ਸਕਦੀ ਹੈ।

ਰਿਪੋਰਟ ’ਚ ਅੱਗੇ ਕਿਹਾ ਗਿਆ ਹੈ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਪੁੱਠੀਆਂ ਪੈ ਗਈਆਂ ਹਨ। ਅਜਿਹੇ ਹਾਲਾਤ ਵਿੱਚ ਚਿੰਤਾ ਹੈ ਕਿ ਸਰਕਾਰ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਕਮਜ਼ੋਰ ਕਰਨ ਤੇ ਖ਼ਾਲਿਸਤਾਨ ਅੰਦੋਲਨ ਨੂੰ ਤਾਕਤ ਮਿਲਣ ਤੋਂ ਰੋਕਣ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।

ਪਿਛਲੇ ਸਾਲ 14 ਫ਼ਰਵਰੀ ਨੂੰ ਜੈਸ਼-ਏ-ਮੁਹੰਮਦ ਨੇ ਪੁਲਵਾਮਾ ’ਚ ਸੀਆਰਪੀਐਫ਼ ਦੇ ਇੱਕ ਕਾਫ਼ਲੇ ਉੱਤੇ ਆਤਮਘਾਤੀ ਹਮਲਾ ਕੀਤਾ ਸੀ। ਇਸ ਹਮਲੇ ’ਚ ਸੀਆਰਪੀਐਫ਼ ਦੇ 40 ਜਵਾਨ ਸ਼ਹੀਦ ਹੋਏ ਸਨ। ਇਸ ਹਮਲੇ ਦਾ ਜਵਾਬ ਦੇਣ ਲਈ ਭਾਰਤੀ ਹਵਾਈ ਫ਼ੌਜ ਨੇ 26 ਫ਼ਰਵਰੀ ਨੂੰ ਬਾਲਾਕੋਟ ਸਥਿਤ ਜੈਸ਼ ਦੇ ਸਭ ਤੋਂ ਵੱਡੇ ਪ੍ਰੀਖਣ ਕੇਂਦਰ ਨੂੰ ਨਿਸ਼ਾਨਾ ਬਣਾਇਆ ਸੀ।