ਕੈਪਟਨ ਨੇ ਕਿਹਾ- ਮੈਂ ਨਹੀਂ ਜਾਣਦਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਪਦਮ ਵਿਭੂਸ਼ਣ ਕਿਉਂ ਮਿਲਿਆ ਸੀ

0
3682

ਚੰਡੀਗੜ੍ਹ | ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਈਡੀ ਜਾਂ ਕਿਸੇ ਹੋਰ ਤੋਂ ਨਹੀਂ ਡਰਦੇ। ਉਨ੍ਹਾਂ ਕਿਹਾ- ਸਾਰੀ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਖੜੀ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀਆਂ ਗੱਲ ਸੁਣੇ ਅਤੇ ਉਨਾਂ ਦੀਆਂ ਮੰਗਾਂ ਮੰਨੇ।
ਕੈਪਟਨ ਨੇ ਫੇਸਬੁਕ ਲਾਇਵ ‘ਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਹਰਸਿਮਰਤ ਬਾਦਲ, ਅਰਵਿੰਦ ਕੇਜਰੀਵਾਲ ਅਤੇ ਮਨੋਹਰ ਲਾਲ ਖੱਟਰ ਦੀ ਝਾੜ ਝੰਬ ਕੀਤੀ। ਉਨ੍ਹਾਂ ਕਿਹਾ- ਕਿਸਾਨਾ ਆਪਣਾ ਹੱਕ ਲੈਣ ਲਈ ਠੰਢ ਦੇ ਮੌਸਮ ਵਿੱਚ ਸੜਕਾਂ ਉਤੇ ਡਟੇ ਹੋਏ ਹਨ ਸਰਕਾਰ ਉਨ੍ਹਾਂ ਦਾ ਮਜਾਕ ਬਣਾ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਕੌਰ ਬਾਦਲ ਵੱਲੋਂ ਉਨਾਂ ਉਤੇ ਈ.ਡੀ. ਦੇ ਦਬਾਅ ਹੇਠ ਆਉਣ ਦੇ ਦੋਸ਼ ਦਾ ਜਵਾਬ ਦਿੰਦਿਆਂ ਕਿਹਾ, ‘‘13 ਵਰਿਆਂ ਤੱਕ ਮੈਂ ਅਦਾਲਤਾਂ ਦੇ ਚੱਕਰ ਕੱਟੇ ਹਨ ਕਿਉਂਕਿ ਬਾਦਲਾਂ ਨੇ ਮੇਰੇ ਖ਼ਿਲਾਫ਼ ਕੇਸ ਬਣਾਏ ਸਨ ਪਰ ਮੈਨੂੰ ਈਡੀ ਦੀ ਕੋਈ ਪ੍ਰਵਾਹ ਨਹੀਂ ਹੈ। ਮੈਂ ਹੋਰ 13 ਵਰਿਆਂ ਤੱਕ ਅਦਾਲਤਾਂ ਦੇ ਚੱਕਰ ਕੱਟ ਕੇ ਲੜਾਈ ਲੜ ਸਕਦਾ ਹਾਂ।’’ ਉਨਾਂ ਅੱਗੇ ਕਿਹਾ, ‘‘ਸਾਰੇ ਬਾਦਲ ਇਕੋ ਜਿਹੇ ਹਨ ਅਤੇ ਝੂਠੇ ਹਨ।’’

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਬੀਤੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਇਹ ਕਹਿ ਦਿੱਤਾ ਸੀ ਕਿ ਪੰਜਾਬ ਵਿਧਾਨ ਸਭਾ ਵਿੱਚ ਪਾਸ ਸੋਧ ਬਿੱਲ ਕਿਸਾਨੀ ਮਸਲੇ ਦੀ ਪੇਚੀਦਗੀ ਨੂੰ ਹੱਲ ਕਰਨ ਦਾ ਸੌਖਾ ਤਰੀਕਾ ਹਨ ਕਿਉਂਕਿ ਇਹ ਸੂਬੇ ਦੇ ਭਵਿੱਖ ਦਾ ਨਿਚੋੜ ਹਨ। ਉਨ੍ਹਾਂ ਕਿਹਾ, ‘‘ਮੈਂ ਉਨਾਂ ਨੂੰ ਇਹ ਬਿੱਲ ਰਾਸ਼ਟਰਪਤੀ ਦੁਆਰਾ ਮਨਜ਼ੂਰ ਕਰਵਾਉਣ ਦੀ ਅਪੀਲ ਕੀਤੀ।’’ ਉਨਾਂ ਹੋਰ ਦੱਸਿਆ ਕਿ ਕੱਲ ਉਨਾਂ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੁਲਾਕਾਤ ਇਸ ਲੜੀ ਦੀ ਤੀਜੀ ਮੀਟਿੰਗ ਸੀ, ਜਿਸ ਦੌਰਾਨ ਦੋ ਵਾਰ ਉਨਾਂ ਪੰਜਾਬ ਦੇ ਭਲੇ ਲਈ ਗ੍ਰਹਿ ਮੰਤਰੀ ਤੱਕ ਪਹੁੰਚ ਕੀਤੀ ਅਤੇ ਇਕ ਵਾਰ ਉਨਾਂ ਨੂੰ ਗ੍ਰਹਿ ਮੰਤਰੀ ਬਣਨ ਲਈ ਵਧਾਈ ਦਿੱਤੀ।

ਮੁੱਖ ਮੰਤਰੀ ਨੇ ਬਾਦਲ ਵੱਲੋਂ ਭਾਰਤ ਸਰਕਾਰ ਨੂੰ ਪਦਮ ਵਿਭੂਸ਼ਣ ਵਾਪਸ ਕੀਤੇ ਜਾਣ ਉਤੇ ਕਿਹਾ, ‘‘ਮੈਂ ਨਹੀਂ ਜਾਣਦਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਪਦਮ ਵਿਭੂਸ਼ਣ ਕਿਉਂ ਮਿਲਿਆ ਸੀ।’’ 1965 ਦੀ ਜੰਗ ਜਿੱਤਣ ਲਈ ਜਨਰਲ ਹਰਬਖ਼ਸ਼ ਸਿੰਘ ਨੂੰ ਪਦਮ ਵਿਭੂਸ਼ਣ ਨਾਲ ਨਿਵਾਜ਼ਿਆ ਗਿਆ ਸੀ, ਕੈਪਟਨ ਅਮਰਿੰਦਰ ਸਿੰਘ ਨੇ ਪੁੱਛਿਆ, ‘‘ਪ੍ਰਕਾਸ਼ ਸਿੰਘ ਬਾਦਲ ਨੇ ਕਿਹੜੀ ਜੰਗ ਲੜੀ ਜਾਂ ਕੌਮ ਲਈ ਉਸ ਨੇ ਕਿਹੜੀ ਕੁਰਬਾਨੀ ਦਿੱਤੀ।’’