ਸੰਗਰੂਰ | ਪੰਜਾਬ ਦੇ ਸੰਗਰੂਰ ਵਿੱਚ ਮੰਗਲਵਾਰ ਸਵੇਰੇ ਦਰਦਨਾਕ ਹਾਦਸਾ ਵਾਪਰਿਆ। ਸੁਨਾਮ ਰੋਡ ‘ਤੇ ਟਰੱਕ ਦੀ ਟੱਕਰ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਇਸ ਕਰਕੇ ਕਾਰ ਵਿੱਚ ਸਵਾਰ ਪੰਜ ਵਿਅਕਤੀਆਂ ਦੀ ਦੁਖਦਾਈ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਿਸੇ ਰਿਸੈਪਸ਼ਨ ਪਾਰਟੀ ਤੋਂ ਵਾਪਸ ਆ ਰਹੇ ਸੀ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸੰਗਰੂਰ ਦੇ ਸੁਨਾਮ ਰੋਡ ‘ਤੇ ਵਾਪਰਿਆ।
ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਅੱਗ ਇੰਨੀ ਭਿਆਨਕ ਸੀ ਕਿ ਅਸੀਂ ਕੁਝ ਨਹੀਂ ਕਰ ਸਕੇ। ਕਾਰ ਦਾ ਸੈਂਟਰ ਲੌਕ ਲੱਗਣ ਕਰਕੇ ਕਿਸੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਕਾਰ ਦੀ ਜਿਸ ਟਰੱਕ ਨਾਲ ਟੱਕਰ ਹੋਈ ਇਹ ਡੀਜ਼ਲ ਟੈਂਕ ਸੀ ਜਿਸ ਤੋਂ ਡੀਜ਼ਲ ਲੀਕ ਹੋਣ ਲੱਗਿਆ ਤੇ ਅੱਗ ਲੱਗ ਗਈ। ਮ੍ਰਿਤਕ ਮੋਗਾ ਜ਼ਿਲ੍ਹੇ ਦੀ ਦੱਸੇ ਜਾ ਰਹੇ ਹਨ।
ਉਧਰ, ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਲੋਕ ਸੰਗਰੂਰ ਵਾਲੇ ਪਾਸਿਓਂ ਇੱਕ ਰਿਸੈਪਸ਼ਨ ਪਾਰਟੀ ਤੋਂ ਵਾਪਸ ਆ ਰਹੇ ਸੀ ਤੇ ਓਵਰਟੇਕ ਕਰਦੇ ਸਮੇਂ ਕਾਰ ਅਤੇ ਟਰੱਕ ਦੀ ਟੱਕਰ ਹੋਈ, ਜਿਸ ਦੇ ਬਾਅਦ ਕਾਰ ਨੂੰ ਅੱਗ ਲੱਗ ਗਈ। ਸੈਂਟਰ ਲੌਕ ਹੋਣ ਕਾਰਨ ਕਾਰ ਵਿਚ ਮੌਜੂਦ ਲੋਕ ਦਰਵਾਜ਼ਾ ਨਹੀਂ ਖੋਲ੍ਹ ਸਕੇ ਤੇ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ।