ਚੰਡੀਗੜ੍ਹ | ਇਹ ਤਾਂ ਦੇਸ਼-ਵਿਦੇਸ਼ ਦੇ ਲੋਕਾਂ ਨੂੰ ਪਤਾ ਹੀ ਹੈ ਕਿ ਦੇਸ਼ ਦਾ ਕਿਸਾਨ ਲਗਾਤਾਰ ਕੇਂਦਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ। ਸਿਰਫ ਪੰਜਾਬ ਹੀ ਨਹੀਂ ਦੇਸ਼ ਦੇ ਹੋਰ ਕਈ ਸੂਬੇ ਹਨ ਜਿੱਥੇ ਕਿਸਾਨਾਂ ਵੱਲੋਂ ਕੇਂਦਰ ਖਿਲਾਫ ਲੜਾਈ ਲੜੀ ਜਾ ਰਹੀ ਹੈ ਪਰ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ‘ਚ ਖਾਸ ਗੱਲ ਹੈ ਕਿ ਕਿਸਾਨਾਂ ਨੂੰ ਕਈ ਲੀਡਰਾਂ, ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਲੋਕਾਂ ਦਾ ਵੀ ਸਾਥ ਮਿਲ ਰਿਹਾ ਹੈ।
ਕਰੀਬ ਇੱਕ ਮਹੀਨੇ ਤੋਂ ਚੱਲ ਰਹੇ ਰਹੇ ਕਿਸਾਨਾਂ ਦੇ ਸੰਘਰਸ਼ ‘ਚ ਪੰਜਾਬ ਦੇ ਕਈ ਕਲਾਕਾਰਾਂ ਨੇ ਆਪਣੇ ਕਿਸਾਨ ਭਰਾਵਾਂ-ਭੈਣਾਂ ਦਾ ਸਾਥ ਨਹੀਂ ਛੱਡਿਆ। ਸਗੋਂ ਇਸ ਲੜਾਈ ‘ਚ ਕਿਸਾਨਾਂ ਦੇ ਨਾਲ ਕਲਾਕਾਰਾਂ ਨੇ ਮੋਢੇ ਨਾਲ ਮੋਢਾ ਜੋੜ ਸਾਥ ਦਿੱਤਾ, ਕਈ ਰੈਲੀਆਂ ਕੀਤੀਆਂ ਤਾਂ ਜੋ ਵੱਧ ਤੋਂ ਵੱਧ ਆਪਣੇ ਫੈਨਸ ਤੇ ਹੋਰ ਅਣਜਾਨ ਲੋਕਾਂ ਤਕ ਖੇਤੀ ਕਾਨੂੰਨਾਂ ਦਾ ਮੁੱਦਾ ਪਹੁੰਚਾਇਆ ਜਾ ਸਕੇ।
ਦੱਸ ਦਈਏ ਕਿ ਇਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਤਸਵੀਰ ਸ਼ੇਅਰ ਕਰ ਇਸ ਨੂੰ ਕੈਪਸ਼ਨ ਦਿੱਤਾ ਹੈ। ਉਨ੍ਹਾਂ ਲਿਖਿਆ, “ਅੱਜ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰਾਂ ਤੇ ਗਾਇਕਾਂ ਦੇ ਇੱਕ ਵਫਦ ਨੂੰ ਮਿਲਿਆ। ਪੰਜਾਬੀਆਂ ਨੂੰ ਕਿਸਾਨ ਵਿਰੋਧੀ ਕਾਨੂੰਨਾਂ ਪ੍ਰਤੀ ਜਾਗਰੂਕ ਕਰਨ ਵਿੱਚ ਤੇ ਸਾਡੇ ਕਿਸਾਨਾਂ ਨਾਲ ਦ੍ਰਿੜਤਾ ਨਾਲ ਖੜ੍ਹੇ ਹੋਣ ਲਈ ਮੈਂ ਇਨ੍ਹਾਂ ਸਾਰਿਆਂ ਦੀ ਸਰਗਰਮ ਭੂਮਿਕਾ ਲਈ ਇਨ੍ਹਾਂ ਦਾ ਧੰਨਵਾਦ ਕਰਦਾ ਹਾਂ। ਇਹ ਲੰਬੀ ਲੜਾਈ ਹੈ ਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੇ ਕਿਸਾਨਾਂ ਦੇ ਹੱਕਾਂ ਲਈ ਲੜਨ ਦੀ ਲੋੜ ਹੈ।”