ਸਿਰਫ਼ ਸਿਆਸੀ ਨਾਅਰਿਆਂ ਨਾਲ ਨਹੀਂ ਰੁਕਣਗੇ ਬਲਾਤਕਾਰ

0
2310

ਲਕਸ਼ਮੀ ਕਾਂਤਾ ਚਾਵਲਾ

ਭਾਰਤ ਦੇਸ਼, ਜਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਥੇ ਔਰਤ ਦੀ ਪੂਜਾ ਹੁੰਦੀ ਹੈ, ਇਥੇ ਦੇਵਤੇ ਨਿਵਾਸ ਕਰਦੇ ਹਨ, ਇਥੇ ਇਹ ਵੀ ਮਨੌਤ ਹੈ ਕਿ ਔਰਤ ਮਾਂ ਹੈ ਅਤੇ ਸਭ ਤੋਂ ਉੱਚਾ ਸਥਾਨ ਮਾਂ ਦਾ ਹੈ। ਜਿਸ ਦੇਸ਼ ਵਿਚ ਸੰਜਮ ਸੱਭਿਆਚਾਰ ਮੰਨਿਆ ਜਾਂਦਾ ਹੈ, ਉਸ ਦੇਸ਼ ਭਾਵ ਸਾਡੇ ਆਜ਼ਾਦ ਦੇਸ਼ ਭਾਰਤ ਵਿਚ ਆਜ਼ਾਦੀ ਦੇ 74ਵੇਂ ਸਾਲ ਤੱਕ ਪਹੁੰਚਦਿਆਂ-ਪਹੁੰਚਦਿਆਂ ਸਥਿਤੀ ਇਹ ਹੋ ਗਈ ਹੈ ਕਿ ਦੇਸ਼ ਦੀਆਂ ਧੀਆਂ ਅਸੁਰੱਖਿਅਤ ਹਨ। ਹਵਸ ਵਿਚ ਅੰਨ੍ਹੇ ਕਿਸੇ ਨੂੰ ਵੀ ਆਪਣਾ

ਸ਼ਿਕਾਰ ਬਣਾ ਲੈਂਦੇ ਹਨ। ਇਸ ਤੋਂ ਵੀ ਬੁਰੀ ਗੱਲ ਇਹ ਹੈ ਕਿ ਸਾਡੇ ਦੇਸ਼ ਦੀ ਰਾਜਨੀਤੀ ਏਨੀ ਨਿੱਘਰ ਗਈ ਹੈ ਕਿ ਵਿਰੋਧੀ ਧਿਰਾਂ ਗਿੱਧਾਂ ਦੀ ਤਰ੍ਹਾਂ ਇਹ ਵੇਖਦੀਆਂ ਰਹਿੰਦੀਆਂ ਹਨ ਕਿ ਕਿੱਥੇ ਕੋਈ ਅਜਿਹਾ ਵਾਕਿਆ ਹੋਵੇ ਜਿਸ ਨਾਲ ਉਨ੍ਹਾਂ ਦੀ ਬੰਦ ਪਈ ਸਿਆਸਤ ਦੀ ਦੁਕਾਨ ਇਕ ਵਾਰ ਫਿਰ ਚੱਲ ਪਵੇ। ਭਾਵ ਜੋ ਇਕ ਸੂਬੇ ਜਾਂ ਨਗਰ ਤੱਕ ਸੀਮਤ ਨੇਤਾ ਹਨ, ਉਹ ਪੂਰੇ ਦੇਸ਼ ਦੇ ਨੇਤਾ ਬਣਨ ਦੀ ਕੋਸ਼ਿਸ਼ ਕਰਦੇ ਹਨ। ਭਾਰਤ ਵਿਚ ਅਫਸੋਸਜਨਕ ਹੱਦ ਤੱਕ ਔਰਤਾਂ ਵਿਰੁੱਧ ਅਪਰਾਧ ਹੋ ਰਹੇ ਹਨ। ਹੁਣ ਹਾਥਰਸ ਵਿਚ ਇਕ ਪੰਦਰਾਂ ਸਾਲਾ ਬੱਚੀ ਦਰਿੰਦਿਆਂ ਦੀ ਸ਼ਿਕਾਰ ਹੋਈ। ਉਹ ਤਾਂ ਹੁਣ ਜਿਊਂਦੀ ਨਹੀਂ ਜੋ ਦੱਸ ਸਕੇ ਕਿ ਉਸ ਦੇ ਨਾਲ ਕੀ ਹੋਇਆ, ਕਿਸ ਨੇ ਕੀਤਾ ਪਰ ਇਹ ਸੱਚ ਹੈ ਕਿ ਉਹ ਸਭ ਉਸ ਨਾਲ ਹੋਇਆ ਜੋ ਇਕ ਇਨਸਾਨ ਨਾਲ ਨਹੀਂ ਸੀ ਹੋਣਾ ਚਾਹੀਦਾ। ਉਸ ਤੋਂ ਬਾਅਦ ਅਤੇ ਉਸ ਤੋਂ ਪਹਿਲਾਂ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ। ਉੱਤਰ ਪ੍ਰਦੇਸ਼ ਦੇ ਹਾਪੁੜ ਵਿਚ, ਗੋਰਖਪੁਰ ਵਿਚ, ਆਜ਼ਮਗੜ੍ਹ ਵਿਚ ਅਤੇ ਕੁਝ ਹੋਰ ਥਾਵਾਂ ‘ਤੇ ਹਾਥਰਸ ਦੀਆਂ ਘਟਨਾਵਾਂ ਦੇ ਅੱਗੇ ਪਿੱਛੇ ਹੀ ਅਜਿਹੀਆਂ ਦੁਖਦਾਈ ਖ਼ਬਰਾਂ ਸੁਣਨ ਨੂੰ ਮਿਲੀਆਂ। ਲੁਧਿਆਣੇ ਵਿਚ ਅੱਠ ਸਾਲਾ ਬੱਚੀ ਅਤੇ ਊਨਾ ਵਿਚ ਤਿੰਨ ਸਾਲਾ ਬੱਚੀ ਨੂੰ ਇਹੀ ਪੀੜਾ ਸਹਿਣੀ ਪਈ, ਜਿਸ ਦੇ ਵਿਸ਼ੇ ਵਿਚ ਉਹ ਕੁਝ ਜਾਣਦੀਆਂ ਵੀ ਨਹੀਂ ਸਨ। ਪਰ ਊਨਾ ਦੀ ਘਟਨਾ ਜ਼ਿਆਦਾ ਚਿੰਤਾਜਨਕ ਹੈ। ਜਿੱਥੇ ਜਿਸ ਬੱਚੇ ‘ਤੇ ਇਸ ਅਪਰਾਧ ਦੇ ਦੋਸ਼ ਲੱਗ ਰਹੇ ਹਨ, ਉਹ ਵੀ ਸਿਰਫ 11 ਸਾਲ ਦਾ ਹੈ। ਕੀ ਸਮਾਜ ਇਹ ਨਹੀਂ ਸੋਚੇਗਾ ਕਿ ਹਵਸ ਦਾ ਇਹ ਕੀੜਾ ਕੋਰੋਨਾ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹੈ ਜੋ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਪਹੁੰਚ ਰਿਹਾ ਹੈ। ਕੀ ਇਹ ਸੱਚ ਨਹੀਂ ਕਿ ਪੰਜਾਬ ਵਿਚ ਹੀ ਕੁਝ ਸਾਲ ਪਹਿਲਾਂ ਅਜਿਹੀਆਂ ਦੋ ਘਟਨਾਵਾਂ ਵਾਪਰੀਆਂ ਸਨ ਜਿੱਥੇ ਇਕ 95 ਸਾਲਾ ਬਿਰਧ ਔਰਤ ਵੀ ਇਸ ਦਾ ਸ਼ਿਕਾਰ ਹੋਈ ਸੀ। ਇਸ ਘਟਨਾ ਦੇ ਦੋ ਪੱਖ ਹਨ।

ਪਹਿਲਾ ਤਾਂ ਇਹ ਕਿ ਰਾਜਨੀਤੀ ਏਨੀ ਨਿੱਘਰ ਗਈ ਕਿ ਜਿਸ ਵਿਚ ਕੋਈ ਸੁਧਾਰ ਦੀ ਗੁੰਜਾਇਸ਼ ਹੀ ਨਜ਼ਰ ਨਹੀਂ ਆਉਂਦੀ। ਬਹੁਤੀਆਂ ਸਿਆਸੀ ਪਾਰਟੀਆਂ ਇਸੇ ਗੱਲ ਦੀ ਉਡੀਕ ਵਿਚ ਰਹਿੰਦੀਆਂ ਹਨ ਕਿ ਕਦੋਂ ਕੋਈ ਹਾਥਰਸ ਵਰਗੀ ਜਾਂ ਦਿੱਲੀ ਦੇ ਨਿਰਭੈਆ ਕਾਂਡ ਵਰਗੀ ਘਟਨਾ ਵਾਪਰੇ ਅਤੇ ਉਹ ਰੈਲੀਆਂ ਕਰ ਕੇ ਆਪਣੀ ਸਿਆਸਤ ਚਮਕਾ ਸਕਣ। ਪਿਛਲੇ ਦਿਨੀਂ ਰਾਜਸਥਾਨ ਵਿਚ ਵੀ ਇਕ ਔਰਤ ਨਾਲ ਅਜਿਹਾ ਹੀ ਭਿਆਨਕ ਕਾਂਡ ਵਾਪਰਿਆ। ਮੈਨੂੰ ਹੈਰਾਨੀ ਹੈ ਕਿ ਇਨ੍ਹਾਂ ਘਟਨਾਵਾਂ ‘ਤੇ ਮਗਰਮੱਛ ਦੇ ਹੰਝੂ ਵਹਾਉਣ ਵਾਲੇ ਕਦੀ ਇਹ ਨਹੀਂ ਸੋਚਦੇ ਕਿ ਸਮਾਜ ਦੀ ਇਹ ਹਾਲਤ ਹੋਈ ਕਿਉਂ ਹੈ? ਸਾਡੇ ਟੀ.ਵੀ. ਚੈਨਲਾਂ ‘ਤੇ ਮਸ਼ਹੂਰੀਆਂ ਦੇ ਨਾਂਅ ‘ਤੇ ਅਸ਼ਲੀਲ ਗੀਤ ਅਤੇ ਨਾਚ ਦੇ ਨਾਂਅ ‘ਤੇ ਜੋ ਪਰੋਸਿਆ ਜਾ ਰਿਹਾ ਹੈ, ਕੀ ਇਹ ਉਸ ਦਾ ਨਤੀਜਾ ਨਹੀਂ? ਸ਼ਰਾਬ ਦੀ ਵਕਾਲਤ ਕਰਨ ਵਾਲੇ ਕੀ ਇਹ ਨਹੀਂ ਜਾਣਦੇ ਕਿ ਦੇਸ਼ ਭਰ ਵਿਚ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਕਿੰਨੀ ਵਧ ਗਈ ਹੈ। ਪੰਜਾਬ ਦੇ ਅੰਕੜੇ ਤਾਂ ਇਹ ਹਨ ਕਿ 10 ਤੋਂ 17 ਸਾਲ ਦੀ ਉਮਰ ਦੇ ਬੱਚੇ ਤੱਕ ਵੀ ਵੱਡੀ ਗਿਣਤੀ ਵਿਚ ਸ਼ਰਾਬ ਦੇ ਆਦੀ ਹਨ। ਹੁਣ ਇਕ ਨਵੀਂ ਬਿਮਾਰੀ ਹਰ ਬੱਚੇ ਦੇ ਹੱਥ ਵਿਚ ਸਰਕਾਰ ਨੇ ਫੜਾ ਦਿੱਤੀ ਹੈ, ਇਹ ਹੈ ‘ਸਮਾਰਟ ਫੋਨ’। ਇਸ ਨਾਲ ਸਮੂਹਿਕ ਜੀਵਨ ਖ਼ਤਮ ਹੋ ਰਿਹਾ ਹੈ। ਹਰ ਛੋਟਾ ਵੱਡਾ ਵਿਅਕਤੀ ਹੱਥ ਵਿਚ ਮੋਬਾਈਲ ਲੈ ਕਿ ਇਕੱਲਿਆਂ ਜੀਵਨ ਬਿਤਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਇੰਟਰਨੈਟ ਰਾਹੀਂ ਕਿੰਨੀ ਅਸ਼ਲੀਲਤਾ ਪਰੋਸੀ ਜਾ ਰਹੀ ਹੈ, ਇਸ ਬਾਰੇ ਕੋਈ ਵੀ ਨਹੀਂ ਸੋਚਦਾ। ਸ਼ਾਇਦ ਇਸੇ ਦਾ ਸਿੱਟਾ ਹੈ ਕਿ 11 ਸਾਲਾ ਬੱਚਾ ਏਨਾ ਕਾਮੁਕ ਹੋ ਚੁੱਕਾ ਹੈ।

ਕੀ ਕਦੀ ਕਿਸੇ ਨੇ ਬੱਚਿਆਂ ਦੇ ਕਿਰਦਾਰ ਨੂੰ ਸਹੀ ਦਿਸ਼ਾ ਦੇਣ ਬਾਰੇ ਸੋਚਿਆ? ਕੀ ਸਾਡੀਆਂ ਪਾਠ ਪੁਸਤਕਾਂ ਵਿਚ ਉਨ੍ਹਾਂ ਬੱਚਿਆਂ ਦੀਆਂ ਕਹਾਣੀਆਂ ਪੜ੍ਹਾਈਆਂ ਜਾਂਦੀਆਂ ਹਨ ਜਿਨ੍ਹਾਂ ਨੇ ਛੋਟੀ ਉਮਰ ਵਿਚ ਹੀ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ? ਇਸ ਤੋਂ ਇਲਾਵਾ ਜਿਨ੍ਹਾਂ ਬੱਚਿਆਂ ਨੂੰ ਮਾਂ ਕੋਲੋਂ ਚੰਗੀ ਸਿੱਖਿਆ ਮਿਲਦੀ ਹੈ ਉਹ ਮਜ਼ਬੂਤ ਰਹਿੰਦੇ ਹਨ ਅਤੇ ਕਿਸੇ ਵੀ ਬੁਰਾਈ ਦਾ ਸਾਹਮਣਾ ਉਮਰ ਭਰ ਕਰ ਸਕਦੇ ਹਨ। ਜੇਕਰ ਬਚਪਨ ਵਿਚ ਬੱਚਿਆਂ ਨੂੰ ਸਾਡੇ ਦੇਸ਼ ਦੇ ਮਹਾਨ ਲੋਕਾਂ ਦੀ ਜੀਵਨ ਗਾਥਾ ਸੁਣਾਈ ਜਾਵੇ ਤਾਂ ਉਹ ਕਦੀ ਵੀ ਗ਼ਲਤ ਰਾਹ ‘ਤੇ ਨਹੀਂ ਪੈਣਗੇ। ਜਬਰ ਜਨਾਹ ਵਰਗੇ ਘਿਨਾਉਣੇ ਅਪਰਾਧ ਬੰਦ ਹੋਣੇ ਹੀ ਚਾਹੀਦੇ ਹਨ ਪਰ ਯਾਦ ਰੱਖੋ ਕਿ ਸਿਰਫ ਸਿਆਸੀ ਨਾਅਰੇਬਾਜ਼ੀ ਜਾਂ ਸਿਰਫ ਫਾਂਸੀ ਜਾਂ ਉਮਰ ਕੈਦ ਅਜਿਹੇ ਅਪਰਾਧਾਂ ਨੂੰ ਬੰਦ ਨਹੀਂ ਕਰਵਾ ਸਕਦੇ। ਬੇਸ਼ੱਕ, ਜਬਰ ਜਨਾਹੀਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਸਾਡੀ ਪੁਲਿਸ ਅਤੇ ਜਾਂਚ ਪ੍ਰਣਾਲੀ ਵੀ ਏਨੀ ਸਮਰੱਥ ਹੋਣੀ ਚਾਹੀਦੀ ਹੈ ਕਿ ਸਿਰਫ ਅਪਰਾਧੀ ਨੂੰ ਹੀ ਅਪਰਾਧੀ ਐਲਾਨਿਆ ਜਾਵੇ।

ਸੌ ਗੱਲਾਂ ਦੀ ਇਕ ਗੱਲ ਕਿ ਜੇਕਰ ਹਵਸ, ਰਿਸ਼ਵਤ, ਝੂਠ, ਧੋਖਾਧੜੀ ਆਦਿ ਬੁਰਾਈਆਂ ਤੋਂ ਵੀ ਅਸੀਂ ਆਪਣੇ ਬੱਚਿਆਂ ਨੂੰ ਦੂਰ ਰੱਖਣਾ ਚਾਹੁੰਦੇ ਹਾਂ ਤਾਂ ਸਹੀ ਇਹੀ ਹੈ ਕਿ ਸਕੂਲ ਵਿਚ ਹੀ ਉਨ੍ਹਾਂ ਨੂੰ ਅਜਿਹੀ ਸਿੱਖਿਆ ਦਿੱਤੀ ਜਾਵੇ ਜੋ ਉਨ੍ਹਾਂ ਨੂੰ ਇਕ ਚੰਗਾ ਇਨਸਾਨ ਬਣਾ ਸਕੇ। ਇਕ ਚੰਗਾ ਇੰਜੀਨੀਅਰ, ਵਕੀਲ, ਡਾਕਟਰ, ਨੇਤਾ, ਅਦਾਕਾਰ ਤਾਂ ਮੌਜੂਦਾ ਸਿੱਖਿਆ ਪ੍ਰਣਾਲੀ ਬਣਾ ਹੀ ਰਹੀ ਹੈ ਪਰ ਇਕ ਚੰਗਾ ਇਨਸਾਨ ਬਣਾਉਣ ਵਿਚ ਇਹ ਵਧੇਰੇ ਸਫ਼ਲ ਨਹੀਂ ਹੁੰਦੀ। ਮਾਂ, ਅਧਿਆਪਕ ਅਤੇ ਰਾਸ਼ਟਰੀ ਸਿੱਖਿਆ ਨੀਤੀ, ਇਨ੍ਹਾਂ ਤਿੰਨਾਂ ਨੂੰ ਹੀ ਆਪਣੇ ਇਸ ਫਰਜ਼ ਨੂੰ ਸੰਭਾਲਣਾ ਚਾਹੀਦਾ ਹੈ।

ਲੇਖਕ ਸਾਬਕਾ ਕੈਬਨਿਟ ਮੰਤਰੀ, ਪੰਜਾਬ ਹੈ।