ਜਲੰਧਰ ‘ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮਾਮਲੇ ਨੂੰ ਲੈ ਕੇ ਥਾਂ-ਥਾਂ ਹੋਏ ਪ੍ਰਦਰਸ਼ਨ, ਬਜ਼ਾਰਾਂ ‘ਚ ਛਾਇਆ ਸੰਨਾਟਾ

0
944

ਜਲੰਧਰ | ਪੰਜਾਬ ‘ਚ ਸੰਤ ਸਮਾਜ ਅਤੇ ਵਾਲਮੀਕਿ ਟਾਈਗਰ ਫੋਰਸ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਖਿਲਾਫ ਬੰਦ ਕੀਤਾ ਗਿਆ ਹੈ ਜਿਸ ਕਾਰਨ ਥਾਂ-ਥਾਂ ‘ਤੇ ਰੋਸ ਪ੍ਰਗਟਾਵੇ ਕੀਤੇ ਜਾ ਰਹੇ ਹਨ ਜਿਸ ਦਾ ਅਸਰ ਜਲੰਧਰ ਦੇ ਨਾਲ-ਨਾਲ ਦੁਆਬੇ ਦੀਆਂ ਹੋਰ ਥਾਵਾਂ ‘ਤੇ ਵੀ ਦੇਖਣ ਨੂੰ ਮਿਲਿਆ ਤੇ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮ ਡਿਊਟੀ ਤੇ ਤਾਇਨਾਤ ਕੀਤੇ ਗਏ ਹਨ।

ਹਾਥਰਸ ‘ਚ ਵਾਪਰੇ ਬਲਾਤਕਾਰ ਕਾਰਨ ਵੱਖ-ਵੱਖ ਜਥੇਬੰਦੀਆਂ ਵੱਲੋਂ ਉੱਤਰ ਪ੍ਰਦੇਸ਼ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਇਸੇ ਕਾਰਨ ਵਾਲਮੀਕਿ ਸਮਾਜ ਵੱਲੋਂ ਅੱਜ ਦੇ ਦਿੱਤੇ ਗਏ ਬੰਦੇ ਸੱਦੇ ਦੇ ਚੱਲਦਿਆਂ ਇਲਾਕੇ ਦੀਆਂ ਵਾਲਮੀਕਿ ਭਾਈਚਾਰੇ ਨਾਲ ਸਬੰਧਤ ਜਥੇਬੰਦੀਆਂ ਵੱਲੋਂ ਭੋਗਪੁਰ ‘ਚ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਪੂਰੀ ਚੌਕਸੀ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਰੋਸ ਪ੍ਰਦਰਸ਼ਨ ਕਾਰਨ ਬਾਜ਼ਾਰ ਵੀ ਪੂਰੀ ਤਰ੍ਹਾਂ ਤੋਂ ਬੰਦ ਕਰਵਾਏ ਗਏ ਹਨ। ਇਸੇ ਤਰ੍ਹਾਂ ਭੋਗਪੁਰ ਵਿਖੇ ਵੀ ਨੌਜਵਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਪੰਜਾਬ ਬੰਦ ਦੌਰਾਨ ਵਾਲਮੀਕੀ ਭਾਈਚਾਰੇ ਅਤੇ ਹੋਰ ਸੰਗਠਨਾਂ ਵੱਲੋਂ ਟਾਂਡਾ ਦੇ ਬਾਜ਼ਾਰਾਂ ਅਤੇ ਸੜਕਾਂ ‘ਤੇ ਕੱਢੇ ਰੋਸ ਮਾਰਚ ਤੋਂ ਬਾਅਦ ਟਾਂਡਾ ਪੂਰੀ ਤਰ੍ਹਾਂ ਤੋਂ ਬੰਦ ਰਿਹਾ। ਸੜਕਾਂ ‘ਤੇ ਬਿਲਕੁਲ ਸੰਨਾਟਾ ਦੇਖਿਆ ਗਿਆ ਤੇ ਇਸੇ ਤਰ੍ਹਾਂ ਫਗਵਾੜਾ ‘ਚ ਵੀ ਸਾਰੇ ਪਾਸੇ ਪੰਜਾਬ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਇਕ ਪਾਸੇ ਜਿੱਥੇ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ, ਉਥੇ ਹੀ ਸੜਕਾਂ ‘ਤੇ ਸੰਨਾਟਾ ਪਸਰਿਆ ਰਿਹਾ। ਵਜ਼ੀਫ਼ਾ ਘਪਲੇ ਨੂੰ ਲੈ ਕੇ ਲੋਕਾਂ ‘ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਭਾਵੇਂ ਕਲੀਨ ਚਿੱਟ ਦੇ ਦਿੱਤੀ ਗਈ ਹੈ ਪਰ ਫਿਰ ਵੀ ਵੱਖ-ਵੱਖ ਵਿਰੋਧੀ ਧਿਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਧਰਮਸੋਤ ਦੀ ਬਰਖਾਸਤਗੀ ਦੀ ਮੰਗ ਕੀਤੀ ਜਾ ਰਹੀ ਹੈ।

ਕਈ ਥਾਵਾਂ ‘ਤੇ ਨੌਜਵਾਨਾਂ ਮੋਦੀ ਦੇ ਪੁਤਲੇ ਵੀ ਸਾੜੇ ਗਏ ਤੇ ਪੂਰੇ ਪੰਜਾਬ ‘ਚ ਚੱਕਾ ਜਾਮ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਸਮੇਤ ਸ਼ੈਡਿਊਲ ਕਾਸਟ ਅਲਾਇੰਸ ਨੇ ਵੀ ਬੰਦ ਨੂੰ ਪੂਰਾ ਸਮਰਥਨ ਦਿੱਤਾ।