ਕੋਲਡ ਡ੍ਰਿੰਕ ‘ਚ ਨਸ਼ੀਲਾ ਪਦਾਰਥ ਮਿਲਾ ਕੇ ਕੁੜੀ ਨਾਲ ਕੀਤਾ ਤਿੰਨ ਮੁੰਡਿਆ ਨੇ ਰੇਪ

0
2875

ਅਜਨਾਲਾ | ਤਰਨਤਾਰਨ ਰੋਡ ‘ਤੇ ਰਹਿਣ ਵਾਲੀ ਇਕ ਔਰਤ ਨੇ ਤਿੰਨ ਨੌਜਵਾਨਾਂ ‘ਤੇ ਗੈਂਗ ਰੇਪ ਕਰਨ ਦਾ ਦੋਸ਼ ਲਗਾਇਆ ਹੈ। ਔਰਤ ਮੁਤਾਬਕ ਘਟਨਾ ਬਟਾਲਾ ਰੋਡ ਸਥਿਤ ਇਕ ਹੋਟਲ ‘ਚ ਦੋ ਦਿਨ ਪਹਿਲਾਂ ਹੋਈ। ਤਿੰਨੋਂ ਨੌਜਵਾਨ ਅਜਨਾਲਾ ਦੇ ਰਹਿਣ ਵਾਲੇ ਹਨ ਤੇ ਤਿੰਨੋਂ ਨੇ ਕੋਲਡ ਡ੍ਰਿੰਕ ‘ਚ ਨਸ਼ੀਲਾ ਪਦਾਰਥ ਪਿਆ ਕੇ ਉਸ ਨਾਲ ਜਬਰ ਜਨਾਹ ਕੀਤਾ। ਵੀਰਵਾਰ ਸ਼ਾਮ ਨੂੰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੋਹਕਮਪੁਰਾ ਥਾਣਾ ਪੁਲਿਸ ਨੇ ਤਿੰਨੋਂ ਨੌਜਵਾਨਾਂ ਖਿਲਾਫ ਕੇਸ ਦਰਜ ਕਰ ਲਿਆ। ਏ. ਡੀ. ਸੀ. ਪੀ.-3 ਹਰਪਾਲ ਸਿੰਘ ਰੰਧਾਵਾ ਤੇ ਪੁਲਿਸ ਦੀ ਇੱਕ ਟੀਮ ਉਕਤ ਹੋਟਲ ‘ਚ ਵੀ ਜਾਂਚ ਕਰਨ ਪੁੱਜੀ। ਪੁਲਿਸ ਅਫਸਰਾਂ ਨੇ ਹੋਟਲ ‘ਚ ਲੱਗੇ ਕਲੋਜ ਸਰਕਿਟ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ।

ਮਹਿਲਾ ਵੱਲੋਂ ਮੋਹਕਮਪੁਰ ਥਾਣੇ ‘ਚ ਦਿੱਤੀ ਸ਼ਿਕਾਇਤ ਮੁਤਾਬਕ ਮੈਂ ਇੱਕ ਡੀ. ਜੇ. ਸੱਭਿਆਚਾਰਕ ਗਰੁੱਪ ‘ਚ ਕੰਮ ਕਰਦੀ ਹਾਂ। ਅਨਜਾਲਾ ਦੇ ਤਿੰਨੋਂ ਨੌਜਵਾਨਾਂ ਨੇ 6 ਅਕਤੂਬਰ ਨੂੰ ਮੈਨੂੰ ਫੋਨ ਕੀਤਾ ਅਤੇ ਕਿਹਾ ਕਿ ਡੀ.ਜੇ. ਸੱਭਿਆਚਾਰਕ ਗਰੁੱਪ ‘ਚ ਮੈਂ ਜਿਸ ਨਾਲ ਕੰਮ ਕਰਦੀ ਹਾਂ, ਉਸ ਦਾ ਐਕਸੀਡੈਂਟ ਹੋ ਗਿਆ ਹੈ। ਜੇਕਰ ਮੈਂ ਹਸਪਤਾਲ ‘ਚ ਉਨ੍ਹਾਂ ਨਾਲ ਮਿਲਣਾ ਚਾਹੁੰਦੀ ਹਾਂ ਤਾਂ ਅੰਮ੍ਰਿਤਸਰ ਬੱਸ ਸਟੈਂਡ ਕੋਲ ਜਾਵਾਂ ਜਿਥੋਂ ਉਹ ਤਿੰਨੋਂ ਮੈਨੂੰ ਕਾਰ ‘ਚ ਹਸਪਤਾਲ ਲੈ ਜਾਣਗੇ। ਨੌਜਵਾਨਾਂ ਦਾ ਫੋਨ ਆਉਣ ਤੋਂ ਬਾਅਦ ਮੈਂ ਆਪਣੀ 11 ਸਾਲਾ ਬੇਟੀ ਨਾਲ ਕਿਸੇ ਤਰ੍ਹਾਂ ਬੱਸ ਸਟੈਂਡ ਪੁੱਜੀ ਜਿਥੇ ਨੌਜਵਾਨ ਪਹਿਲਾਂ ਤੋਂ ਕਾਰ ਲੈ ਕੇ ਖੜ੍ਹੇ ਸਨ।

ਜਿਵੇਂ ਮੈਂ ਪੁੱਜੀ ਨੌਜਵਾਨਾਂ ਨੇ ਮੈਨੂੰ ਇਹ ਕਹਿੰਦੇ ਹੋਏ ਕੋਲ ਡ੍ਰਿੰਕ ਫੜਾ ਦਿੱਤੀ ਕਿ ਥਕਾਵਟ ਹੋ ਗਈ ਹੋਵੇਗੀ, ਪੀ ਲਓ। ਉਨ੍ਹਾਂ ਦਾ ਦਿੱਤਾ ਕੋਲਡ ਡ੍ਰਿੰਕ ਪੀ ਕੇ ਮੈਂ ਬੇਹੋਸ਼ ਹੋ ਗਈ ਤੇ ਨੌਜਵਾਨ ਮੈਨੂੰ ਕਾਰ ‘ਚ ਬਟਾਲਾ ਰੋਡ ਸਥਿਤ ਇੱਕ ਹੋਟਲ ‘ਚ ਲੈ ਗਏ ਤੇ ਗੈਂਗਰੇਪ ਕੀਤਾ। ਜਬਰ ਜਨਾਹ ਤੋਂ ਬਾਅਦ ਨੌਜਵਾਨ ਉਸ ਨੂੰ ਤੇ ਉਸ ਦੀ ਬੇਟੀ ਨੂੰ ਦੁਬਾਰਾ ਕਾਰ ‘ਚ ਬੈਠਾ ਕੇ ਹੋਟਲ ਤੋਂ ਬਾਹਰ ਆ ਗਏ। ਉਹ ਉਸ ਸਮੇਂ ਤੱਕ ਬੇਹੋਸ਼ੀ ‘ਚ ਹੀ ਸੀ। ਹੋਟਲ ‘ਚ ਥੋੜ੍ਹੀ ਦੂਰ ਜਾ ਕੇ ਨੌਜਵਾਨਾਂ ਨੇ ਪਹਿਲਾਂ ਉਸ ਨੂੰ ਕਾਰ ਤੋਂ ਹੇਠਾਂ ਸੁੱਟ ਦਿੱਤਾ ਅਤੇ ਫਿਰ ਉਸ ਦੀ ਬੇਟੀ ਨੂੰ। ਬੇਟੀ ਨੇ ਹੀ ਕਿਸੇ ਤਰ੍ਹਾਂ ਉਸ ਨੂੰ ਹੋਸ਼ ‘ਚ ਲਿਆਂਦਾ ਤੇ ਇਸ ਤੋਂ ਬਾਅਦ ਉਹ ਹਸਪਤਾਲ ਪੁੱਜੀ ਤੇ ਇਲਾਜ ਕਰਵਾਇਆ। ਜਾਂਦੇ ਸਮੇਂ ਨੌਜਵਾਨ ਉਸ ਦਾ ਮੋਬਾਈਲ ਤੇ ਪੈਸੇ ਵੀ ਲੈ ਗਏ। ਏ. ਡੀ. ਸੀ. ਪੀ. ਹਰਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਤਿੰਨੋਂ ਨੌਜਵਾਨਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।