ਅਮਰੀਕਾ ‘ਚ ਸਕੂਲ ਖੁਲ੍ਹਣ ਤੋਂ ਬਾਅਦ ਕਰੀਬ 1 ਲੱਖ ਬੱਚੇ ਕੋਰੋਨਾ ਪਾਜ਼ੀਟਿਵ

0
6054

ਕੈਲੀਫੋਰਨੀਆ . ਅਮਰੀਕਾ ਵਿਚ ਸਕੂਲ ਖੁਲਣ ਤੋਂ ਬਾਅਦ ਦੋ ਹਫ਼ਤਿਆਂ ਵਿਚ 97000 ਬੱਚਿਆਂ ਦੀਆਂ ਕੋਰੋਨਾ ਰਿਪੋਰਟਾਂ ਪਾਜ਼ਟਿਵ ਆ ਚੁੱਕੀਆਂ ਹਨ। ਜਿਸਦੀ ਗਿਣਤੀ ਹੁੁਣ 1 ਲੱਖ ਦੇ ਕਰੀਬ ਪਹੁੰਚ ਚੁੱਕੀ ਹੈ।

ਇਹ ਪ੍ਰਗਟਾਵਾ ਅਮਰੀਕਨ ਅਕੈਡਮੀ ਆਫ ਪੈਡੀਏਟਰਿਕਸ ਦੀ ਰਿਪੋਰਟ ਵਿਚ ਕੀਤਾ ਗਿਆ ਹੈ। ਜੁਲਾਈ ਮਹੀਨੇ ਵਿਚ 25 ਬੱਚਿਆਂ ਦੀ ਕੋਰੋਨਾ ਵਾਇਰਸ ਨੇ ਜਾਨ ਲਈ ਹੈ। ਰਿਪੋਰਟ ਅਨੁਸਾਰ 16 ਜੁਲਾਈ ਤੋਂ 30 ਜੁਲਾਈ ਦਰਮਿਆਨ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 50 ਲੱਖ ਤੱਕ ਪੁੱਜ ਗਈ ਸੀ ਜਿਨਾਂ ਵਿਚ 3,38,000 ਬੱਚੇ ਸਨ। 

ਵਾਂਡਰਬਿਲਟ ਯੁਨੀਵਰਸਿਟੀ ਦੀ ਡਾਕਟਰ ਟੀਨਾ ਹਾਰਟਰ ਨੇ ਕਿਹਾ ਹੈ ਕਿ ਬੱਚਿਆਂ ਦੇ ਵਧ ਤੋਂ ਵਧ ਕੋਰੋਨਾ ਟੈਸਟ ਕਰਕੇ ਹੀ ਪਤਾ ਲਾਇਆ ਜਾ ਸਕਦਾ ਹੈ ਕਿ ਅਸਲ ਸਥਿੱਤੀ ਕੀ ਹੈ। ਉਨਾਂ ਕਿਹਾ ਕਿ ਪਰਿਵਾਰਾਂ ਨੂੰ ਟੈਸਟਿੰਗ ਕਿੱਟਾਂ ਭੇਜੀਆਂ ਜਾ ਰਹੀਆਂ ਹਨ ਤੇ ਉਨਾਂ ਨੂੰ ਨਮੂਨੇ ਲੈਣ ਦੇ ਢੰਗ ਤਰੀਕੇ ਤੋਂ ਵੀ ਜਾਣੂ ਕਰਵਾਇਆ ਜਾਂਦਾ ਹੈ। ਪਰਿਵਾਰ ਆਪਣੇ ਬੱਚਿਆਂ ਦੇ ਨਮੂਨੇ ਨਿਰੰਤਰ ਟੈਸਟਿੰਗ ਸੈਂਟਰ ਨੂੰ ਭੇਜ ਰਹੇ ਹਨ।

ਜਾਰਜੀਆ ਵਿਚ ਹਾਲਾਤ ਗੰਭੀਰ- ਜਾਰਜੀਆ ਵਿਚ ਕੋਰੋਨਾ ਵਾਇਰਸ ਕਾਰਨ ਸਥਿੱਤੀ ਗੰਭੀਰ ਬਣੀ ਹੋਈ ਹੈ। ਹਰ ਰੋਜ ਪੀੜਤਾਂ ਤੇ ਮੌਤਾਂ ਦੀ ਗਿਣਤੀ ਵਧ ਰਹੀ ਹੈ। ਇਸ ਹਫ਼ਤੇ ਵੱਖ ਵੱਖ ਸਕੂਲਾਂ ਦੇ 1600 ਤੋਂ ਵਧ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਏਕਾਂਤਵਾਸ ਵਿਚ ਭੇਜਿਆ ਗਿਆ ਹੈ। ਇਕ ਸਕੂਲ ਵਿਚ 14 ਬੱਚਿਆਂ ਦੀ ਰਿਪੋਰਟ ਪਾਜ਼ਟਿਵ ਆਉਣ ਤੋਂ ਬਾਅਦ ਸਕੂਲ ਦੋ ਹਫ਼ਤਿਆਂ ਲਈ ਬੰਦ ਕਰ ਦਿੱਤਾ ਗਿਆ। ਰਾਜ ਦੇ ਸਿਹਤ ਵਿਭਾਗ ਅਨੁਸਾਰ ਮੰਗਲਵਾਰ 136 ਤੇ ਬੁੱਧਵਾਰ 109 ਵਿਅਕਤੀ ਕੋਰੋਨਾ ਕਾਰਨ ਮੌਤ ਦੇ ਮੂੰਹ ਵਿਚ ਜਾ ਪਏ ਹਨ। 

ਜਾਰਜੀਆ ਸਟੇਟ ਯੁਨੀਵਰਸਿਟੀ ਦੇ ਸਕੂਲ ਆਫ ਪਬਲਿਕ ਹੈਲਥ ਦੇ ਪ੍ਰੋਫੈਸਰ ਡਾ ਹੈਰੀ ਹੀਮੈਨ ਅਨੁਸਾਰ ਰਾਜ ਦੇ ਹਸਪਤਾਲਾਂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ ਤੇ ਮਰੀਜ਼ਾਂ ਨਾਲ ਪੂਰੀ ਤਰਾਂ ਭਰ ਚੁੱਕੇ ਆਈ. ਸੀ.ਯੂ ਨੂੰ ਵੇਖ ਕੇ ਲੱਗਦਾ ਹੈ ਕਿ ਮੌਤਾਂ ਦੀ ਗਿਣਤੀ ਅਜੇ ਹੋਰ ਵਧ ਸਕਦੀ ਹੈ।