ਜ਼ਹਿਰੀਲੀ ਸ਼ਰਾਬ ਕਾਂਡ – ਮੁੱਖ ਮੰਤਰੀ ਵਲੋਂ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆ ਦੇ ਉਨ੍ਹਾਂ ਦਾ ਸਾਥ ਦੇਣ ਵਾਲਿਆ ਵਿਰੁੱਧ ਕਤਲ ਕੇਸ ਦਰਜ ਕਰਨ ਦੇ ਹੁਕਮ

0
1802


ਚੰਡੀਗੜ੍ਹ .  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਿੰਘ ਨੇ ਅੱਜ ਕਿਹਾ ਕਿ ਨਕਲੀ ਸ਼ਰਾਬ ਦੇ ਕੇਸ ’ਚ ਸਿਆਸੀ ਦਖ਼ਲਅੰਦਾਜ਼ੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਜਾਵੇਗਾ। ਉਨਾਂ ਨੇ ਡੀ.ਜੀ.ਪੀ. ਨੂੰ ਇਸ ਘਟਨਾ ਵਿੱਚ ਸਿੱਧੀ ਸ਼ਮੂਲੀਅਤ ਵਾਲਿਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 302 ਤਹਿਤ ਕਤਲ ਕੇਸ ਦਰਜ ਕਰਨ ਦੇ ਹੁਕਮ ਦਿੱਤੇ।
ਮੁੱਖ ਮੰਤਰੀ ਨੇ ਹਾਲ ਹੀ ਦੇ ਸਮਿਆਂ ਦੀ ਸਭ ਤੋਂ ਵੱਡੀ ਤਰਾਸਦੀ ਦੱਸਦਿਆਂ ਪੀੜਤਾਂ ਲਈ ਇਨਸਾਫ ਦਾ ਵਾਅਦਾ ਕੀਤਾ। ਉਨਾਂ ਨੇ ਨਕਲੀ/ਨਾਜਾਇਜ਼ ਸ਼ਰਾਬ ਬਣਾਉਣ ਤੇ ਤਸਕਰੀ ਲਈ ਐਕਸਾਈਜ਼ ਐਕਟ ਵਿੱਚ ਸਜ਼ਾ ਵਧਾਉਣ ਦਾ ਵਿਚਾਰ ਪੇਸ਼ ਕੀਤਾ ਤਾਂ ਕਿ ਵਾਰ-ਵਾਰ ਅਪਰਾਧ ਕਰਨ ਵਾਲੇ ਜੇਲ ਦੀਆਂ ਸ਼ਲਾਖਾਂ ਪਿੱਛੇ ਰਹਿਣ ਅਤੇ ਮੁੜ ਅਪਰਾਧ ਕਰਨ ਲਈ ਛੇਤੀ ਕੀਤਿਆਂ ਬਾਹਰ ਨਾ ਆ ਸਕਣ।

ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਕਈ ਮੰਤਰੀਆਂ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਦੇ ਸੁਝਾਅ ਨਾਲ ਸਹਿਮਤੀ ਪ੍ਰਗਟ ਕੀਤੀ ਕਿ ਨਾਜਾਇਜ਼ ਸ਼ਰਾਬ ਦੀ ਤਸਕਰੀ ਵਰਗੇ ਸੰਗਠਿਤ ਅਪਰਾਧ ’ਤੇ ਕਾਬੂ ਪਾਉਣ ਲਈ ਪਕੋਕਾ ਵਰਗਾ ਸਖ਼ਤ ਕਾਨੂੰਨ ਲਿਆਉਣ ਦੀ ਲੋੜ ਹੈ। ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਵਿੱਚ ਕਾਇਮ ਕੀਤੀ ਸਬ-ਕਮੇਟੀ ਨੂੰ ਤਜਵੀਜ਼ਤ ਕਾਨੂੰਨ ਦੇ ਉਪਬੰਧਾਂ ਨੂੰ ਘੋਖਣ ਅਤੇ ਅੰਤਮ ਰੂਪ ਦੇ ਕੇ ਰਿਪੋਰਟ ਛੇਤੀ ਤੋਂ ਛੇਤੀ ਸੌਂਪਣ ਲਈ ਆਖਿਆ। ਉਨਾਂ ਨੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਹੋਰ ਮੰਤਰੀਆਂ ਨਾਲ ਸਹਿਮਤੀ ਜ਼ਾਹਰ ਕੀਤੀ ਕਿ ਪਕੋਕਾ (ਪੰਜਾਬ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ) ਨਾਲ ਸੰਗੀਨ ਅਪਰਾਧੀਆਂ ਨੂੰ ਕਾਬੂ ਕਰਨ ਵਿੱਚ ਸਹਾਇਤਾ ਮਿਲ ਸਕਦੀ ਹੈ ਅਤੇ ਗੈਂਗਸਟਰਾਂ ਨੂੰ ਰੋਕਣ ਵਿੱਚ ਸਹਾਈ ਸਿੱਧ ਹੋ ਸਕਦਾ ਹੈ ਜੋ ਜੇਲਾਂ ਵਿੱਚੋਂ ਵੀ ਸੰਗਠਿਤ ਅਪਰਾਧ ਨਾਲ ਨਜਿੱਠਦੇ ਹਨ ਅਤੇ ਅਤਿਵਾਦੀਆਂ ਨਾਲ ਵੀ ਨੇੜਲੇ ਸਬੰਧ ਰੱਖਦੇ ਹਨ।ਮੁੱਖ ਮੰਤਰੀ ਨੇ ਨਕਲੀ ਸ਼ਰਾਬ ਦੀ ਘਟਨਾ ’ਤੇ ਦੋ ਵੱਖ-ਵੱਖ ਵੀਡੀਓ ਕਾਨਫਰੰਸਿੰਗ ਦੌਰਾਨ ਇਹ ਆਦੇਸ਼ ਜਾਰੀ ਕੀਤੇ ਜਿਨਾਂ ਵਿੱਚੋਂ ਇਕ ਮੰਤਰੀ ਮੰਡਲ ਦੀ ਮੀਟਿੰਗ ਹੋਈ ਜਦਕਿ ਮੀਟਿੰਗ ਦੌਰਾਨ ਦੂਜੀ ਮੀਟਿੰਗ ਪੁਲੀਸ ਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਜਾਇਜ਼ਾ ਮੀਟਿੰਗ ਦੌਰਾਨ ਲਿਆ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਇਸ ਦੁਖਾਂਤ ਦੇ ਪੀੜਤਾਂ ਨੂੰ ਸ਼ਰਧਾਂਜਲੀ ਵਜੋਂ 2-ਮਿੰਟ ਦਾ ਮੌਨ ਧਾਰਿਆ।

ਇਸ ਤੋਂ ਪਹਿਲਾਂ ਵੀਡੀਓ ਕਾਨਫਰੰਸਿੰਗ ਦੌਰਾਨ ਪੁਲੀਸ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਸਖਤ ਹੁਕਮ ਜਾਰੀ ਕਰਦਿਆਂ ਕਿਹਾ,‘‘ਇਸ ਧੰਦੇ ਨੂੰ ਖਤਮ ਕਰੋ, ਸਰਹੱਦੀ ਇਲਾਕਿਆਂ ਨੂੰ ਸਾਫ ਕਰੋ।’’ ਇਸ ਮੀਟਿੰਗ ਵਿੱਚ ਡੀ.ਜੀ.ਪੀ. ਦਿਨਕਰ ਗੁਪਤਾ ਅਤੇ ਮੁੱਖ ਸਕੱਤਰ ਵਿਨੀ ਮਹਾਜਨ ਤੋਂ ਇਲਾਵਾ ਤਰਨ ਤਾਰਨ, ਅੰਮਿ੍ਰਤਸਰ ਦਿਹਾਤੀ ਅਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲਾ ਪੁਲੀਸ ਮੁਖੀਆਂ ਅਤੇ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀ ਸ਼ਾਮਲ ਸਨ।

ਮੁੱਖ ਮੰਤਰੀ ਨੇ ਕਿਹਾ,‘‘ਇਸ ਨੂੰ ਬੰਦ ਕਰਨਾ ਹੋਵੇਗਾ।’’ ਉਨਾਂ ਕਿਹਾ ਕਿ ਸਰਹੱਦੀ ਇਲਾਕਿਆਂ ਵਿੱਚ ਲਾਹਣ ਦੀ ਵਰਤੋਂ ਨਾਲ ਨਾਜਾਇਜ਼ ਸ਼ਰਾਬ ਦਾ ਧੰਦਾ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਪਰ ਗੁਆਂਢੀ ਸੂਬਿਆਂ ਤੋਂ ਤਸਕਰੀ ਦੇ ਨਵੇਂ ਰੁਝਾਨ ਨਾਲ ਹੁਣ ਇਹ ਸਥਿਤੀ ਖਤਰਨਾਕ ਪੱਧਰ ਤੱਕ ਨਿੱਘਰ ਗਈ ਹੈ।

ਮੁੱਖ ਮੰਤਰੀ ਨੇ ਜ਼ੋਰ ਦਿੰਦਿਆਂ ਕਿ ‘‘ਉਹ ਨਕਲੀ ਤੇ ਨਾਜਾਇਜ਼ ਸ਼ਰਾਬ ਅਤੇ ਸ਼ਰਾਬ ਤਸਕਰੀ ਦੇ ਧੰਦੇ ਦਾ ਅੰਤ ਵੇਖਣਾ ਚਾਹੁੰਦੇ ਹਨ।’’ ਮੁੱਖ ਮੰਤਰੀ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਮੁਜਰਮਾਂ, ਭਾਵੇਂ ਮਰਦ ਹੋਣ ਜਾਂ ਮਹਿਲਾਵਾਂ ਨਾਲ ਨਿਪਟਣ ਮੌਕੇ, ਪੂਰੀ ਸਖਤੀ ਵਰਤਣ ਦੇ ਨਿਰਦੇਸ਼ ਦਿੱਤੇ ਗਏ। ਨਸ਼ਿਆਂ ਤੇ ਨਾਜਾਇਜ਼/ਨਕਲੀ ਸ਼ਰਾਬ ਦੇ ਕਾਰੋਬਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਾ ਕਰਨ ਦੀ ਸਰਕਾਰ ਦੀ ਨੀਤੀ ਨੂੰ ਦਹੁਰਾਉਦਿਆਂ ਉਨਾਂ ਪੰਜਾਬ ਵਿੱਚੋਂ ਇਕੋ ਵਾਰ ਤੇ ਹਮੇਸ਼ਾ-ਹਮੇਸ਼ਾ ਲਈ ਇਸ ਖਤਰੇ ਨੂੰ ਖਤਮ ਕਰਨ ਲਈ ਪੁਲੀਸ ਨੂੰ ਆਬਕਾਰੀ ਤੇ ਹੋਰ ਸਬੰਧਤ ਵਿਭਾਗਾਂ ਨਾਲ ਮਿਲ ਕੇ ਕੰਮ ਕਰਨ ਲਈ ਆਖਿਆ।