‘ਮਾਸਕ ਪਾਉਣਾ ਤੇ ਹੱਥ ਧੋਣਾ’ ਏਨਾ ਔਖਾ ਕਿਉਂ ਲਗਦਾ? ਕੋਵਿਡ ਕੇਸਾਂ ‘ਚ ਵਾਧੇ ਕਾਰਨ CM ਨੇ ਲੋਕਾਂ ਦੇ ਰਵੱਈਏ ‘ਤੇ ਚਿੰਤਾ ਜ਼ਾਹਰ ਕਰਦਿਆਂ ਪੁੱਛਿਆ

0
534

‘ਕੈਪਟਨ ਨੂੰ ਸਵਾਲ’ ਪ੍ਰੋਗਰਾਮ ਦੌਰਾਨ ਪੰਜਾਬੀ ਗਾਇਕਾਂ ਨੂੰ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਨਾ ਕਰਨ ਦੀ ਅਪੀਲ-ਕਿਹਾ ਗ੍ਰਿਫ਼ਤਾਰਿਆਂ ਕੋਈ ਹੱਲ ਨਹੀਂ

ਚੰਡੀਗੜ੍ਹ. ਕੋਵਿਡ ਸੁਰੱਖਿਆ ਨੇਮਾਂ ਦੀ ਉਲੰਘਣਾ ਕਰਕੇ ਪੰਜਾਬੀਆਂ ਦੇ ਜੀਵਨ ਨੂੰ ਜੋਖਮ ਵਿੱਚ ਪਾਉਣ ਵਾਲੇ ਲੋਕਾਂ ਦੇ ਗ਼ੈਰ-ਜ਼ਿੰਮੇਵਾਰੀ ਵਾਲੇ ਵਤੀਰੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲਈ ਖਤਰਨਾਕ ਨਤੀਜਿਆਂ ਤੋਂ ਸਾਵਧਾਨ ਕੀਤਾ ਕਿਉਂ ਜੋ ਸੂਬੇ ਅੰਦਰ ਪਿਛਲੇ ਕੁਝ ਦਿਨਾਂ ਤੋਂ ਕੋਵਿਡ ਕੇਸਾਂ ਦਾ ਵੱਧਦਾ ਅੰਕੜਾ ਸਾਹਮਣੇ ਆ ਰਿਹਾ ਹੈ।  ਇਹ ਦੱਸਿਦਿਆਂ ਕਿ ਪੰਜਾਬ ਅੰਦਰ ਸ਼ੁੱਕਰਵਾਰ ਨੂੰ 665 ਕੇਸ ਰਿਪੋਰਟ ਹੋਏ ਅਤੇ ਵੱਖ-ਵੱਖ ਉਲੰਘਣਾ ਲਈ 4900 ਚਲਾਨ ਜਾਰੀ ਕੀਤੇ ਗਏ, ਕੈਪਟਨ ਅਮਰਿੰਦਰ ਸਿੰਘ ਨੇ ਪੁੱਛਿਆ ਕਿ ਮਾਸਕ ਪਹਿਨਣਾ, ਹੱਥ ਧੋਣਾ ਅਤੇ ਸੜਕਾਂ ‘ਤੇ ਨਾ ਥੁੱਕਣਾ ਏਨਾ ਔਖਾ ਕਿਉ ਹੈ? ਮੁੱਖ ਮੰਤਰੀ ਵੱਲੋਂ ਉਨਾਂ ਲੋਕਾਂ ਨੂੰ, ਜੋ ਸੁਰੱਖਿਆ ਉਪਾਵਾਂ ਨੂੰ ਅਪਣਾਉਣ ਲਈ ਉਨਾਂ ਵੱਲੋਂ ਕੀਤੀਆਂ ਲਗਾਤਾਰ ਅਪੀਲਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ,  ਨੂੰ ਪੁੱਛਿਆ ਗਿਆ ਕਿ,‘‘ ਕੀ ਤੁਹਾਨੂੰ ਆਪਣੇ ਪੰਜਾਬੀ ਭੈਣ-ਭਰਾਵਾਂ ਦਾ ਕੋਈ ਫਿਕਰ ਨਹੀਂਂ।’’

ਮਹਾਰਾਸ਼ਟਰਾ ਅਤੇ ਦਿੱਲੀ ਦੀ ਮਿਸਾਲ ਦਿੰਦਿਆਂ ਉਨਾਂ ਕਿਹਾ ਕਿ ਪੰਜਾਬ ਦੀ ਸੁਰੱਖਿਆ ਇੱਥੋਂ ਦੇ ਲੋਕਾਂ ਦੇ ਹੱਥ ਵਿੱਚ ਹੀ ਹੈ।ਹਫ਼ਤਾਵਰੀ ਫੇਸਬੁੱਕ ਪ੍ਰੋਗਰਾਮ ‘ਕੈਪਟਨ ਨੂੰ ਸਵਾਲ’ ਦੌਰਾਨ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਕਿਹਾ ਕਿ ਭਾਰਤ ਸਰਕਾਰ ਦੇ ਅਨਲੌਕ-3.0 ਸਬੰਧੀ ਨਿਰਦੇਸ਼ਾਂ ਮੁਤਾਬਕ ਉਨਾਂ ਦੀ ਸਰਕਾਰ ਵੱਲੋਂ 5 ਅਗਸਤ ਤੋਂ ਜਿੰਮ ਖੋਲਣ ਸਬੰਧੀ ਐਲਾਨ ਕੀਤਾ ਗਿਆ ਹੈ, ਇਸਦੇ ਚੱਲਦਿਆਂ ਉਨਾਂ ਨੂੰ ਸਿਹਤ  ਵਿਭਾਗ ਵੱਲੋਂ ਜਲਦ ਹੀ ਜਾਰੀ ਕੀਤੇ ਜਾਣ ਵਾਲੇ ਨਿਰਦੇਸ਼ਾਂ ਅਤੇ ਸੁਰੱਖਿਆ ਉਪਾਵਾਂ ਨੂੰ ਸਖਤੀ ਨਾਲ ਅਪਣਾਉਣਾ ਹੋਵੇਗਾ।ਕੋਵਿਡ ਹੋਣ ਬਾਰੇ ਜਲਦ ਪੁਤਾ ਕਰਨ ਅਤੇ ਸਾਵਧਾਨੀਆਂ ਅਪਣਾਏ ਜਾਣ ਦੀ ਮਹੱਤਤਾ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਅਪੀਲ ਨੂੰ ਦਹੁਰਾਇਆ ਕਿ ਠੀਕ ਹੋ ਚੁੱਕੇ ਕੋਵਿਡ ਮਰੀਜ਼ਾਂ ਆਪਣਾ ਪਲਾਜ਼ਮਾ ਦਾਨ ਕਰਨ ਜਿਸ ਖਾਤਰ ਸੂਬੇ ਅੰਦਰ ਇਕ ਪਲਾਜ਼ਮਾ ਬੈਂਕ ਪਹਿਲਾਂ ਹੀ ਚਾਲੂ ਹੋ ਚੁੱਕਿਆ ਹੈ ਅਤੇ ਦੋ ਹੋਰ ਸਥਾਪਤ ਕਰਨ ਦੀ  ਤਿਆਰੀ ਮੁਕੰਮਲ ਹੋ ਚੁੱਕੀ ਹੈ। ਉਨਾਂ ਕਿਹਾ ਕਿ, ‘‘ਜੇਕਰ ਮੈਂ ਠੀਕ ਹੋਇਆ ਮਰੀਜ਼ ਹੁੰਦਾ ਤਾਂ ਮੈਂ ਆਪਣਾ ਪਲਾਜ਼ਮਾ ਜ਼ਰੂਰ ਦਿੰਦਾ।’’ ਮੁੱਖ ਮੰਤਰੀ ਨੇ ਨਾਲ ਹੀ ਕਿਹਾ ਕਿ ਉਨਾਂ ਵੱਲੋਂ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ‘ਚ ਪਲਾਜ਼ਮਾਂ ਮੁਫਤ ਮੁਹੱਈਆ ਕਰਵਾਉਣ ਲਈ ਪਹਿਲਾਂ ਹੀ ਨਿਰਦੇਸ਼ ਦਿੱਤੇ ਜਾ ਚੁੱਕੇ ਹਨ।

ਇਕ ਲੁਧਿਆਣਾ ਵਾਸੀ ਵੱਲੋਂ ਬੈੱਡਾਂ ਦੀ ਉਪਲੱਬਧਤਾ ਬਾਰੇ ਕੋਵਾ ਐਪ ‘ਤੇ ਰੋਜ਼ਾਨਾ ਜਾਣਕਾਰੀ ਮੁਹੱਈਆ ਕਰਵਾਉਣ ਲਈ ਕੀਤੀ ਅਪੀਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਸਬੰਧੀ ਪ੍ਰਬੰਧ ਕਰਨ ਲਈ ਸਿਹਤ ਵਿਭਾਗ ਨੂੰ ਨਿਰਦੇਸ਼ ਦੇਣਗੇ। ਉਨਾਂ ਭਰੋਸਾ ਦਿੱਤਾ ਕਿ ਬੈੱਡਾਂ ਦੀ ਕੋਈ ਕਮੀ ਨਹੀ ਹੈ ਕਿਉ ਜੋ ਕੇਸਾਂ ਵਿੱਚ ਵਾਧੇ ਨੂੰ ਵੇਖਦਿਆਂ ਪਹਿਲਾਂ ਹੀ ਢੁੱਕਵੇਂ ਬੰਦੋਬਸਤ ਕਰ ਲਏ ਗਏ ਸਨ।ਸ਼ੁਤਰਾਣਾ ਦੇ ਵਾਸੀ ਵੱਲੋਂ ਪੁੱਛੇ ਸਵਾਲ ਕਿ ਕਰੋਨਾਵਾਇਰਸ ਕਦੋਂ ਖਤਮ ਹੋਵੇਗਾ ਕਿ ਕਿਸੇ ਨੂੰ ਮਾਸਕ ਕਦੇ ਨਾ ਪਹਿਨਣਾ ਪਵੇ, ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਅੱਗੇ ਵੀ ਇਹੋ ਸਵਾਲ ਹੈ ਅਤੇ ਉਹ ਇਸ ਸਥਿਤੀ ਤੋਂ ਤੰਗ ਆ ਚੁੱਕੇ ਹਨ। ਪਰ ਜਦੋਂ ਤੱਕ ਇਹ ਖਤਮ  ਨਹੀਂ  ਹੁੰਦਾ ਮਾਸਕ ਪਹਿਨਣ ਤੋਂ  ਇਲਾਵਾ ਹੋਰ  ਕੋਈ  ਹੱਲ  ਨਹੀਂ, ਮੁੱਖ ਮੰਤਰੀ ਨੇ ਕਿਹਾ ਕਿ ‘‘ਅਸੀਂ ਇਨਾਂ ਮੁਸ਼ਕਿਲ ਭਰੇ ਸਮੇਂ ਵਿੱਚੋਂ ਇਕੱਠੇ ਲੰਘਾਂਗੇ ਅਤੇ ਜਿੱਤਾਂਗੇ।   

ਬਰਨਾਲਾ ਦੇ ਕਾਰਗਿਲ ਬਹਾਦਰੀ ਪੁਰਸਕਾਰ ਅਤੇ ਸੈਨਾ ਮੈਡਲ ਜੇਤੂ ਬਲਕਾਰ ਸਿੰਘ ਵੱਲੋਂ ਪੁਲੀਸ ਤੇ ਰੱਖਿਆ ਸੇਵਾਵਾਂ ਲਈ ਪਹਿਲਾਂ ਕੀਤੇ ਐਲਾਨ ਅਨੁਸਾਰ ਇਕ-ਅਹੁਦਾ ਤਰੱਕੀ ਬਾਰੇ ਪੁੱਛੇ ਸਵਾਲ ਸਬੰਧੀ  ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਬਹਾਦਰੀ ਪੁਰਸਕਾਰ ਜੇਤੂਆਂ ਨੂੰ ਵਨ-ਸਟੈਪ ਤਰੱਕੀ ਦੇਣ ਲਈ ਪ੍ਰਤੀਬੱਧ ਹੈ। ਉਨਾਂ ਬਲਕਾਰ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਲਾਭ ਲਈ ਯੋਗ ਹਨ ਅਤੇ ਇਹ ਜਲਦੀ ਮੁਹੱਈਆ ਕਰਵਾਇਆ ਜਾਵੇਗਾ। 

ਇਹ ਦੱਸਦਿਆਂ ਕਿ ਅੱਜ ਫਸਟ ਐਂਡ ਸੈਕਿੰਡ ਸਿੱਖਜ਼ ਦਾ ਸਥਾਪਨਾ ਦਿਵਸ ਹੈ, ਕੈਪਟਨ ਅਮਰਿੰਦਰ ਸਿੰਘ ਵੱਲੋਂ ਬਹਾਦਰੀ ਲਈ ਜਾਣੀਆਂ ਜਾਂਦੀਆਂ ਯੂਨਿਟਾਂ ਦੇ ਸਾਰੇ ਸੇਵਾ ਨਿਭਾ ਰਹੇ ਅਤੇ ਸੇਵਾ ਮੁਕਤ ਸੈਨਿਕਾਂ ਨੂੰ ਵਧਾਈ ਦਿੱਤੀ ਗਈ।  ਕੁਝ ਪੰਜਾਬ ਗਾਇਕਾਂ ਵੱਲੋਂ ਬੰਦੂਕ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਪ੍ਰਸੰਗ ਵਿੱਚ ਮੁੱਖ ਮੰਤਰੀ ਵੱਲੋਂ ਸਮੁੱਚੇ ਗਾਇਕਾਂ ਨੂੰ ਅਜਿਹੇ ਗਾਣੇ ਨਾ ਗਾਉਣ ਅਤੇ ਇਸ ਦੀ ਥਾਂ ਪੰਜਾਬੀ ਸਭਿਆਚਾਰ ਅਤੇ ਸੋਚ ਪ੍ਰਤੀ ਪ੍ਰੇਰਨ ਦੀ ਅਪੀਲ ਕੀਤੀ ਗਈ। ਉਨਾਂ ਰਾਜਪੁਰਾ ਵਾਸੀ, ਜਿਸ ਵੱਲੋਂ ਇਸ ਮੁੱਦੇ ਬਾਰੇ ਚਿੰਤਾ ਜਤਾਈ ਗਈ, ਨੂੰ ਦੱਸਿਆ ਕਿ ਗਾਇਕਾਂ ਨੂੰ ਗਿ੍ਰਫਤਾਰ ਕਰਨਾ ਅਸਲ ਵਿੱਚ ਕੋਈ ਹੱਲ ਨਹੀਂ ਅਤੇ ਇਨਾਂ ਲੋਕਾਂ ਨੂੰ ਨੌਜਵਾਨਾਂ ਉੱਪਰ ਅਜਿਹੇ ਗੀਤਾਂ ਦੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਸਮਝਣਾ ਚਾਹੀਦਾ ਹੈ।  ਮੁੱਖ ਮੰਤਰੀ ਵੱਲੋਂ ਇਕ ਸਾਬਕਾ ਡਾਇਰੈਕਟਰ ਅਤੇ ਸਕੂਲ ਪ੍ਰਿਸੀਪਲ ਕੁਲਵਿੰਦਰ ਸਿੰਘ ਬੱਗਾ ਵੱਲੋਂ ਮਿਲਟਰੀ ਸਟੇਸ਼ਨ ਦੇ ਬਾਹਰੋਂ ਜਨਰਲ ਹਰਬਖਸ਼ ਸਿੰਘ ਇਨਕਲੇਵ ਸੰਗਰੂਰ ਵਿੱਚੋਂ ਗੁਜ਼ਰਦੀ ਬਦਬੂਦਾਰ ਡਰੇਨ ਬਾਰੇ ਕੀਤੀ ਸ਼ਿਕਾਇਤ ਦਾ ਮੁੱਖ ਮੰਤਰੀ ਵੱਲੋਂ ਗੰਭੀਰ ਨੋਟਿਸ ਲਿਆ ਗਿਆ। ਇਸ ਵਸਨੀਕ ਵੱਲੋਂ ਸ਼ਿਕਾਇਤ ਕੀਤੀ ਗਈ ਕਿ ਆਰਮੀ ਵੱਲੋਂ ਸੀਵਰੇਜ ਦਾ ਪਾਣੀ ਇਸ ਨਾਲੇ ਵਿੱਚ ਛੱਡਿਆ ਜਾਂਦਾ ਹੈ ਅਤੇ ਲੋਕਾਂ ਵੱਲੋਂ ਇਸ ਵਿੱਚ ਕੂੜਾ ਸੁੱਟ ਦਿੱਤਾ ਜਾਂਦਾ ਹੈ ਕਿਉ ਜੋ ਇਥੇ ਕੂੜਾ ਇਕੱਠਾ ਕਰਨ ਦੀ ਕੋਈ ਵਿਵਸਥਾ ਨਹੀਂ ਹੈ। ਕੁਲਵਿੰਦਰ ਨੇ ਦੱਸਿਆ ਕਿ ਡਰੇਨ ਦੀ ਕਦੇ  ਸਫਾਈ ਨਹੀਂ ਕੀਤੀ ਗਈ ਅਤੇ ਮੌਨਸੂਨ ਵਿੱਚ ਹਾਲਤ ਬਹੁਤ ਖਰਾਬ ਹੋ ਜਾਂਦੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਨੂੰ ਇਹ ਮਾਮਲਾ ਫੌਜੀ ਅਧਿਕਾਰੀਆਂ ਪਾਸ ਉਠਾਉਣ ਲਈ ਆਖ ਰਹੇ ਹਨ ਅਤੇ ਉਨਾਂ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਮਾਮਲਾ ਵੇਖਣ ਲਈ ਆਖਿਆ ਗਿਆ ਕਿ ਇਸ ਡਰੇਨ ਨੂੰ ਸਾਫ ਕਰਨ ਨੂੰ ਯਕੀਨੀ ਬਣਾਉਣ ਲਈ ਹੋਰ ਕੀ ਕੀਤਾ ਜਾ ਸਕਦਾ ਹੈ।  ਹਵਾਈ ਫੌਜ ਦੇ ਉਚ ਅਧਿਕਾਰੀ ਰਿਟਾਇਰਡ ਐਨ.ਐਮ. ਵੀ.ਕੇ ਗੌਤਮ ਵੱਲੋਂ ਮੁਕੇਰੀਆ ਦੇ ਸਰਕਲ ਮਾਲ ਅਫਸਰ ਵੱਲੋਂ ਮਾਲ ਰਿਕਾਰਡ ਵਿੱਚ ਜਾਅਲਸਾਜ਼ੀ ਕਰਨ ਦੇ ਦੋਸ਼ ਬਾਰੇ ਕੀਤੀ ਸ਼ਿਕਾਇਤ ’ਤੇ ਮੁੱਖ ਮੰਤਰੀ ਨੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਨੂੰ ਇਸ ਬਾਰੇ ਇਕ ਹਫ਼ਤੇ ਦੇ ਵਿੱਚ ਰਿਪੋਰਟ ਸੌਂਪਣ ਲਈ ਆਖਿਆ।

ਗੌਤਮ ਨੇ ਦੋਸ਼ ਲਾਇਆ ਕਿ ਉਸ ਵੱਲੋਂ ਨਿਲਾਮੀ ਵਿੱਚ ਜਾਇਦਾਦ ਖਰੀਦਣ ਉਪਰੰਤ ਉਸ ਨੂੰ ਬਲੈਕਮੇਲ ਕਰਨ ਲਈ ਨਿਲਾਮੀ ਦੀ ਪ੍ਰਿਆ ਨੂੰ ਛੱਡਣ ਲਈ  ਰਿਕਾਰਡ ਵਿੱਚ ਜਾਅਲਸਾਜ਼ੀ ਕੀਤੀ ਗਈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ ਅਤੇ ਕਾਰਵਾਈ ਕੀਤੀ ਜਾਵੇਗੀ।ਸੂਬੇ ਵਿੱਚ ਜਾਅਲੀ ਐਨ.ਜੀ.ਓਜ਼ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਸੰਕਟ ਦੌਰਾਨ ਕਈ ਐਨ.ਜੀ.ਓਜ਼ ਨੇ ਚੰਗਾ ਕੰਮ ਕੀਤਾ ਹੈ ਪਰ ਜੇਕਰ ਅਜਿਹੀ ਕੋਈ ਜਾਅਲੀ ਗੈਰ-ਸਰਕਾਰੀ ਸੰਸਥਾ ਹੈ ਤਾਂ ਸ਼ਿਕਾਇਤਕਰਤਾ ਨੂੰ ਸੂਚੀ ਸੌਂਪਣੀ ਚਾਹੀਦੀ ਹੈ ਤਾਂ ਕਿ ਸਰਕਾਰ ਸਖ਼ਤ ਕਾਰਵਾਈ ਕਰ ਸਕੇ।ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਹਾਲ ਹੀ ਵਿੱਚ ਐਲਾਨੇ ਨਤੀਜਿਆਂ ਵਿੱਚ 93.33 ਫੀਸਦੀ ਅੰਕ ਹਾਸਲ ਕਰਨ ਤੋਂ ਬਾਅਦ ਬੀ.ਏ. ਬੀ.ਐਡ ਦੀ ਪੜਾਈ ਲਈ ਸਹਾਇਤਾ ਬਾਰੇ ਵਿਦਿਆਰਥੀ ਦੇ ਸਵਾਲ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਆਰਥਿਕ ਤੌਰ ’ਤੇ ਪੱਛੜੇ ਵਰਗਾਂ ਨੂੰ ਪਹਿਲਾਂ ਹੀ 10 ਫੀਸਦੀ ਰਾਖਵਾਂਕਰਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਵਜ਼ੀਫ਼ਾ ਵੀ ਦਿੱਤਾ ਜਾ ਰਿਹਾ ਹੈ।ਫਰੀਦਕੋਟ ਦੇ ਸਰਕਾਰੀ ਬਰਜਿੰਦਰਾ ਕਾਲਜ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਉਚੇਰੀ ਸਿੱਖਿਆ ਵਿਭਾਗ ਨੂੰ ਵਿਹਾਰਕ ਸਿਖਲਾਈ ਦੇਣ ਲਈ ਕਾਲਜ ਵਾਸਤੇ ਢੁਕਵੀਂ ਜ਼ਮੀਨ ਲੱਭਣ ਲਈ ਕਹਿਣਗੇ ਕਿਉਂ ਜੋ ਇਸ ਤੋਂ ਬਿਨਾਂ ਕੋਰਸ ਨਹੀਂ ਕਰਵਾਇਆ ਜਾ ਸਕਦਾ।ਇਹ ਪੁੱਛੇ ਜਾਣ ’ਤੇ ਕਿ ਕੀ ਪੰਜਾਬ ਵੀ ਦਿੱਲੀ ਵਾਂਗ ਡੀਜ਼ਲ ’ਤੇ ਵੈਟ ਘਟਾਏਗਾ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਵੈਟ ਪਹਿਲਾਂ ਹੀ ਦਿੱਲੀ ਨਾਲੋਂ ਘੱਟ ਹੈ ਅਤੇ ਵਿੱਤੀ ਹਾਲਾਤ ਕਾਰਨ ਵੈਟ ਹੋਰ ਘਟਾਉਣਾ ਸੰਭਵ ਵੀ ਨਹੀਂ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਨੂੰ ਮਾਲੀਆ ਵਧਾਉਣ ਅਤੇ ਹੋਰ ਢੰਗ-ਤਰੀਕੇ ਤਲਾਸ਼ਣ ਦੀ ਲੋੜ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਵੈਟ ਵਿੱਚ ਹੋਰ ਇਜ਼ਾਫਾ ਕੀਤਾ ਜਾਵੇਗਾ।ਵੱਖ-ਵੱਖ ਸਟੈਂਪ ਪੇਪਰਾਂ ਦੀ ਥੁੜ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਲਾਕਡਾਊਨ ਕਾਰਨ ਨਾਸਿਕ ਵਿੱਚ ਪਿ੍ਰਟਿੰਗ ਪ੍ਰੈਸ ਦੇ ਬੰਦ ਹੋਣ ਕਰਕੇ ਦੇਰੀ ਹੋਈ ਹੈ। ਉਨਾਂ ਦੱਸਿਆ ਕਿ ਨਾਸਿਕ ਤੋਂ ਸਟੈਂਪ ਪੇਪਰ ਲਿਆਉਣ ਲਈ ਸੋਮਵਾਰ ਨੂੰ ਪੰਜਾਬ ਤੋਂ ਟੀਮਾਂ ਜਾ ਰਹੀਆਂ ਹਨ ਅਤੇ 15 ਅਗਸਤ ਤੋਂ ਬਾਅਦ ਸਪਲਾਈ ਠੀਕ ਹੋ ਜਾਵੇਗੀ।ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਲਮਹੇੜੀ ਦੇ ਇਕ ਵਾਸੀ ਨੇ ਇਕ ਸਥਾਨਕ ਵਿਅਕਤੀ ਲਈ ਇਮਦਾਦ ਮੰਗੀ ਜਿਸ ਦਾ ਘਰ ਭਾਰੀ ਮੀਂਹ ਕਾਰਨ ਡਿੱਗ ਪਿਆ ਅਤੇ ਉਸ ਕੋਲ ਨਾ ਤਾਂ ਘਰ ਦੀ ਮੁਰੰਮਤ ਲਈ ਪੈਸਾ ਹੈ ਅਤੇ ਨਾ ਹੀ ਰਹਿਣ ਲਈ ਕੋਈ ਜਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਡਿਪਟੀ ਕਮਿਸ਼ਨਰ ਪਾਸੋਂ ਮੌਕੇ ਦੀ ਸਥਿਤੀ ਦੀ ਤਸਦੀਕ ਕਰਵਾਈ ਹੈ ਅਤੇ ਉਨਾਂ ਨੂੰ ਦੱਸਿਆ ਗਿਆ ਕਿ ਆਰਜ਼ੀ ਤੌਰ ’ਤੇ ਬਣਿਆ ਪਸ਼ੂਆਂ ਦਾ ਸ਼ੈੱਡ ਢਹਿਆ ਹੋਇਆ ਹੈ ਜਦਕਿ ਘਰ ਤਾਂ ਪੱਕੇ ਢਾਂਚੇ ਵਾਲਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਉਨਾਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਪੀੜਤ ਪਰਿਵਾਰ ਦੇ ਸ਼ੈੱਡ ਦੀ ਮੁਰੰਮਤ ਲਈ 4000 ਰੁਪਏ ਦੇਣ ਲਈ ਆਖਿਆ ਹੈ।