1.23 ਕਰੋੜ ਦੀ ਨਕਦੀ ਸਮੇਤ ਕ੍ਰਿਕਟ ‘ਤੇ ਸੱਟਾ ਲਗਾਉਣ ਵਾਲਾ ਸੱਟੇਬਾਜ਼ ਗ੍ਰਿਫ਼ਤਾਰ, ਲੈਪਟਾਪ ਅਤੇ ਮੋਬਾਇਲ ਜ਼ਬਤ

0
3073

ਜਲੰਧਰ . ਕ੍ਰਿਕਟ ਮੈਚਾਂ ‘ਤੇ ਸੱਟਾ ਲਗਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਪੁਲਿਸ ਕਮਿਸ਼ਨਰ ਵਲੋਂ ਕ੍ਰਿਕਟ ਮੈਚਾਂ ‘ਤੇ ਆਨ ਲਾਈਨ ਸੱਟਾ ਲਗਾਉਣ ਵਿੱਚ ਸ਼ਾਮਿਲ ਇਕ ਸੱਟੇਬਾਜ਼ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਬੀ.ਅੇਸ.ਐਫ.ਕਲੋਨੀ ਵਿਖੇ ਘਰ ਤੋਂ 1.23 ਕਰੋੜ ਦੀ ਰਾਸ਼ੀ ਜਬਤ ਕੀਤੀ ਗਈ।

ਦੋਸ਼ੀ ਦੀ ਪਹਿਚਾਣ ਸੌਰਵ ਵਰਮਾ (39) ਸਿਵਲ ਇੰਜੀਨੀਅਰ ਡਿਪਲੋਮਾ ਹੋਲਡਰ ਅਤੇ ਪੇਸ਼ੇ ਵਲੋਂ ਆਰਕੀਟੈਕਟ ਵਜੋਂ ਹੋਈ ਹੈ। ਦੋਸ਼ੀ ਵਲੋਂ ਸੱਟੇਬਾਜ਼ੀ ਵਿੱਚ ਵਰਤੇ ਜਾਂਦੇ ਲੈਪਟਾਪ ਅਤੇ ਦੋ ਮੋਬਾਇਲ ਵੀ ਜਬਤ ਕੀਤੇ ਗਏ ਹਨ। ਲੈਪਟਾਮ ਅਤੇ ਮੋਬਾਇਲ ਸਾਈਬਰ ਸੈਲ ਨੂੰ ਸੌਂਪੇ ਜਾਣਗੇ ਤਾਂ ਜੋ ਸੱਟੇਬਾਜ਼ੀ ਦੇ ਰੈਕਟ ਦੀ ਤੈਅ ਤੱਕ ਜਾਇਆ ਜਾ ਸਕੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀ.ਆਈ.ਏ.ਟੀਮ ਵਲੋਂ 25 ਜੁਲਾਈ ਨੂੰ ਵਰਕਸ਼ਾਪ ਨੇੜੇ ਗਸ਼ਤ ਕੀਤੀ ਜਾ ਰਹੀ ਸੀ ਜਦੋਂ ਉਨਾਂ ਨੂੰ ਸੂਚਨਾ ਮਿਲੀ ਕਿ ਦੋਸ਼ੀ ਅਪਣੇ ਘਰ ਤੋਂ ਸੱਟੇਬਾਜ਼ੀ ਦਾ ਧੰਦਾ ਚਲਾ ਰਿਹਾ ਹੈ ਅਤੇ ਵੱਡੀ ਰਕਮ ਵੀ ਉਸ ਕੋਲ ਮੌਜੂਦ ਹੈ।

ਭੁੱਲਰ ਨੇ ਦੱਸਿਆ ਕਿ ਸੀ.ਆਈ.ਏ.ਟੀਮ ਵਲੋਂ ਤੁਰੰਤ ਦੋਸ਼ੀ ਦੇ ਘਰ ‘ਤੇ ਛਾਪਾ ਮਾਰਿਆ ਗਿਆ ਅਤੇ ਉਸ ਨੂੰ ਇੰਗਲੈਂਡ-ਵੈਸਟ ਇੰਡੀਜ਼ ਟੈਸਟ ਮੈਚ ‘ਤੇ ਸੱਟਾ ਲਗਾਉਂਦਿਆਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਇੰਵੈਸਟੀਗੇਸ਼ਨ ਹਰਪ੍ਰੀਤ ਸਿੰਘ ਬੈਨੀਪਾਲ ਨੂੰ ਮੌਕੇ ‘ਤੇ ਇਸ ਰੈਕਟ ਸਬੰਧੀ ਹੋਰ ਜਾਂਚ ਕਰਨ ਲਈ ਬੁਲਾਇਆ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਵਲੋਂ ‘ਜੈਡ ਅਕਾਊਂਟ’ ਰਾਹੀਂ ਆਨਲਾਈਨ ਐਪਲੀਕੇਸ਼ਨ ‘ਤੇ ਰੈਕਟ ਚਲਾਇਆ ਜਾ ਰਿਹਾ ਸੀ।

ਸੌਰਵ ਵਲੋਂ ਦਿਖਾਵੇ ਲਈ ਕਲੋਨੀ ਵਿਖੇ ‘ਸੌਰਵ ਪਲੈਨਰ’ ਖੋਲਿਆ ਗਿਆ ਸੀ ਅਤੇ ਪਿਛਲੇ ਕੁਝ ਸਾਲਾਂ ਤੋਂ ਸੱਟੇਬਾਜ਼ੀ ਵਿੱਚ ਜੁੜਿਆ ਹੋਇਆ ਸੀ। ਉਹ ਆਨ ਲਾਈਨ ਸੱਟੇਬਾਜ਼ੀ ਵਿੱਚ ਕਦੇ ਜਿੱਤਦਾ ਤੇ ਹਾਰਦਾ ਸੀ ਇਸ ਕਰਕੇ ਉਸ ਨੇ ਘਰ ਵਿੱਚ ਇਨੀ ਵੱਡੀ ਰਕਮ ਰੱਖੀ ਹੋਈ ਸੀ।

ਭੁੱਲਰ ਨੇ ਦੱਸਿਆ ਕਿ ਪੁਲਿਸ ਵਲੋਂ ਸੱਟੇਬਾਜ਼ੀ ਦੇ ਰੈਕਟ ਵਿੱਚ ਲਿਪਤ ਸਾਰੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਈਬਰ ਸੈਲ ਨੂੰ ਲੈਪਟਾਪ ਅਤੇ ਮੋਬਾਇਲ ਫੋਨ ਦਿੱਤੇ ਜਾਣਗੇ ਤਾਂ ਜੋ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਸਕੇ ਅਤੇ ਇਸ ਤੋਂ ਇਲਾਵਾ ਜਬਤ ਰਾਸ਼ੀ ਬਾਰੇ ਆਮਦਨ ਕਰ ਵਿਭਾਗ ਨੂੰ ਵੀ ਸੂਚਨਾ ਦਿੱਤੀ ਜਾ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਦੋਸ਼ੀ ਖਿਲਾਫ਼ ਪੁਲਿਸ ਸਟੇਸ਼ਨ-2 ਵਿਖੇ ਗੈਂਬਲਿੰਗ ਐਕਟ ਦੀ ਧਾਰਾ 13-ਏ, 3, 67 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਅਗਲੇਰੀ ਪੁੱਛਗਿੱਛ ਲਈ ਦੋਸ਼ੀ ਨੂੰ ਰਿਮਾਂਡ ‘ਤੇ ਲਿਆ ਜਾਵੇਗਾ।