ਸੈਰ ਸਫ਼ਰ – ਅੱਖਾਂ ‘ਚ ਤੈਰਦੇ ਸੁਪਨਿਆਂ ਦੀ ਗਾਥਾ

0
7035

-ਗੁਰਬਿੰਦਰ ਸਿੰਘ ਮਾਣਕ                                       

ਆਸਟਰੇਲੀਆ ਦੀ ਸਾਡੀ ਯਾਤਰਾ ਦਾ ਸਬੱਬ ਤਾਂ ਬੇਟੀ ਦੀ ਗਰੂਜੂਏਟ ਸੇਰੇਮਨੀ ਦੇ ਬਹਾਨੇ ਨਾਲ ਹੀ ਬਣਿਆ ਸੀ। ਸਟੱਡੀ ਵੀਜ਼ੇ ਤੇ ਆਏ ਵਿਦਿਆਰਥੀਆਂ ਦੀ ਪੜ੍ਹਾਈ ਮੁਕੰਮਲ ਹੋਣ ਤੇ ਯੂਨੀਵਰਸਿਟੀਆਂ ਡਿਗਰੀਆਂ ਵੰਡਣ ਲਈ ਸਮਾਗਮ ਕਰਦੀਆਂ ਹਨ। ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਵਿਦਿਆਰਥੀਆਂ ਨੂੰ ਇਹ ਖੁੱਲ੍ਹ ਦਿੱਤੀ ਜਾਂਦੀ ਹੈ ਕਿ ਉਹ ਇਸ ਖੁਸ਼ੀ ਦੇ ਮੌਕੇ ਤੇ ਆਪਣੇ ਮਾਤਾ-ਪਿਤਾ ਜਾਂ ਹੋਰ ਪਰਿਵਾਰਕ ਮੈਂਬਰਾਂ ਨੂੰ ਬੁਲਾ ਸਕਣ। ਅਸਲ ਵਿਚ ਇਹ ਸਾਰਾ ਕੁਝ ਵੀ ਇਨ੍ਹਾਂ ਕਾਲਜਾਂ ਯੂਨੀਵਰਸਿਟੀਆਂ ਦੀ ਵਪਾਰਿਕ ਨੀਤੀ ਦਾ ਹਿੱਸਾ ਹੈ। ਇਸ ਬਹਾਨੇ ਨਾਲ ਹੋਰ ਲੋਕਾਂ ਦੇ ਮਨਾਂ ਵਿਚ ਵੀ ਇਹ ਲਾਲਸਾ ਪੈਦਾ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਨ ਦੇ ਬਹਾਨੇ ਨਾਲ, ਇੱਥੇ ਭੇਜ ਕੇ ਆਪਣੇ ਬੱਚਿਆਂ ਦਾ ਭਵਿੱਖ ਸਵਾਰ ਸਕਣ। ਆਸਟਰੇਲੀਆ ਵਿਚ ਪੜ੍ਹਨ ਆਉਣ ਵਾਲੇ ਬਹੁਤ ਵਿਦਿਆਰਥੀ ਚੀਨ, ਭਾਰਤ, ਪਾਕਿਸਤਾਨ, ਥਾਈਲੈਂਡ, ਵੀਅਤਨਾਮ,ਅਰਬ ਦੇਸ਼ਾਂ ਤੇ ਅਫਰੀਕੀ ਦੇਸ਼ਾਂ ਤੋਂ ਆਉਂਦੇ ਹਨ। ਭਾਰਤ ਵਿਚੋਂ ਪੰਜਾਬ, ਹਰਿਆਣਾ ਤੇ ਗੁਜਰਾਤੀਆਂ ਦੀ ਗਿਣਤੀ ਵਧੇਰੇ ਹੈ।

ਇਸ ਸਮਾਗਮ ਦਾ ਪ੍ਰਬੰਧ ਯੂਨੀਵਰਸਿਟੀ ਨੇ ਮੈਲਬੌਰਨ ਵਿਚ ਇਕ ਸ਼ਾਨਦਾਰ ਹੋਟਲ ਪੁਲਮੈਨ ਅੋਨ ਦਾ ਪਾਰਕ ਦੇ ਵਿਸ਼ਾਲ ਹਾਲ ਵਿਚ ਕੀਤਾ ਹੋਇਆ ਸੀ। ਅਸੀਂ ਵੀ ਮਿੱਥੇ ਸਮੇਂ ਤੇ ਪਹੁੰਚ ਗਏ। ਉੱਥੇ ਦਾ ਨਜ਼ਾਰਾ ਹੀ ਵੱਖਰਾ ਸੀ। ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨ ਗੱਭਰੂ ਮੁਟਿਆਰਾਂ ਦੇ ਉਨ੍ਹਾਂ ਦੇ ਮਾਪੇ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਪਹੁੰਚੇ ਹੋਏ ਸਨ। ਪੰਜਾਬੀ ਬੰਦੇ ਦੀ ਚਾਲ-ਢਾਲ ਤੇ ਮੜ੍ਹਕ ਹੀ ਵੱਖਰੀ ਹੁੰਦੀ ਹੈ, ਇਹ ਤਾਂ ਦੂਰੋਂ ਹੀ ਪਛਾਣੇ ਜਾਂਦੇ ਹਨ। ਦਸਤਾਰ ਵਾਲਾ ਤਾਂ ‘ਗੁੱਝੀ ਰਹੇ ਨਾਂ ਹੀਰ ਹਜ਼ਾਰ ਵਿਚੋਂ’ ਦੇ ਕਥਨ ਅਨੁਸਾਰ ਲੱਖਾਂ ਵਿਚੋਂ ਆਪਣੀ ਨਿਵੇਕਲੀ ਪਛਾਣ ਕਾਰਨ ਪਛਾਣਿਆਂ ਜਾਂਦਾ ਹੈ। ਰੰਗ-ਬਰੰਗੀਆਂ ਪੱਗੜੀਆਂ ਸਜਾਈ ਕੁਝ ਵਿਦਿਆਰਥੀ ਤੇ ਉਨ੍ਹਾਂ ਦੇ ਮਰਦ ਰਿਸ਼ਤੇਦਾਰ ਤੇ ਪੰਜਾਬੀ ਸੂਟਾਂ ਵਿਚ ਸੱਜੀਆਂ-ਫੱਬੀਆਂ ਪਾੜ੍ਹਿਆ ਨਾਲ ਆਈਆਂ ਔਰਤਾਂ ਇਸ ਸਮਾਗਮ ਦੀ ਰੌਣਕ ਨੂੰ ਚਾਰ-ਚੰਨ ਲਾ ਰਹੀਆਂ ਸਨ। ਇਕ ਦੂਜੇ ਨਾਲ ਮੇਲ-ਮੁਲਾਕਾਤ ਕਰਦੇ ਪੰਜਾਬੀ ਇੰਜ ਵਿਚਰ ਰਹੇ ਸਨ ਜਿਵੇਂ ਕਿਸੇ ਵਿਆਹ ਵਿਚ ਗਏ ਹੋਣ। ਉਂਝ ਤਾਂ ਇਹ ਕਿਹਾ ਜਾਂਦਾ ਹੈ ਕਿ ਜੇਹਾ ਦੇਸ਼ ਤੇਹਾ ਭੇਸ ਤੇ ਇਹ ਪੰਜਾਬੋਂ ਪੜ੍ਹਨ ਆਈਆਂ ਸਾਡੀਆਂ ਕੁੜੀਆਂ ਤੇ ਪੂਰਾ ਢੁੱਕਦਾ ਹੈ। ਲਗਪਗ ਸਾਰੀਆਂ ਕੁੜੀਆਂ ਹੀ ਪੱਛਮੀ ਪਹਿਰਾਵਾ ਹੀ ਪਹਿਨਦੀਆਂ ਹਨ। ਪੰਜਾਬੀ ਸੂਟ ਤਾਂ ਜਦੋਂ ਕਦੇ ਗੁਰਦੁਆਰੇ ਜਾਣਾ ਹੋਵੇ, ਉਦੋਂ ਹੀ ਪਹਿਨਿਆਂ ਜਾਂਦਾ ਹੈ। ਡਿਗਰੀ ਸਮਾਗਮ ਵਿਚ ਹੋਰ ਦੇਸ਼ਾਂ ਦੀਆਂ ਕਈ ਮੁਟਿਆਰਾਂ ਨੇ ਆਪਣੇ ਦੇਸ਼ ਦੀ ਰਵਾਇਤੀ ਪੁਸ਼ਾਕ ਪਹਿਨ ਕੇ ਆਪਣੀ ਨਿਵੇਕਲੀ ਪਛਾਣ ਬਣਾਈ ਹੋਈ ਸੀ, ਪਰ ਪੰਜਾਬੀ ਮੁਟਿਆਰਾਂ ਵਿਚੋਂ ਕਿਸੇ ਇਕ ਨੇ ਵੀ ਪੰਜਾਬੀ ਸੂਟ ਨਹੀਂ ਪਹਿਨਿਆਂ ਹੋਇਆ ਸੀ। ਲਗਪਗ ਹਰ ਇਕ ਨੇ ਹੀ ਪੱਛਮੀ ਤਰਜ਼ ਦਾ ਪਹਿਰਾਵਾ ਹੀ ਪਹਿਨਿਆਂ ਹੋਇਆ ਸੀ। ਅਸਲ ਵਿਚ ਹੁਣ ਬਹੁਤ ਕੁਝ ਬਦਲਦਾ ਜਾ ਰਿਹਾ ਹੈ, ਪੱਛਮੀ ਦੇਸ਼ਾ ਦੀਆਂ ਔਰਤਾਂ ਪੰਜਾਬੀ ਸੂਟ ਪਾਈ ਫਿਰਦੀਆਂ ਹਨ ਤੇ ਭਾਰਤੀ ਮੁਟਿਆਰਾਂ ਇੱਥੋਂ ਦੇ ਪਹਿਰਾਵੇ ਪਹਿਨ ਰਹੀਆਂ ਹਨ। ਖਾਣ-ਪੀਣ, ਪਹਿਰਾਵੇ, ਸੋਚਾਂ ਤੇ ਜੀਵਨ-ਜਾਚ ਦੇ ਹੋਰ ਪੱਖਾਂ ਵਿਚ ਆਈ ਨਿਰੰਤਰ ਤਬਦੀਲੀ ਕਾਰਨ ਹੀ ਇਸ ਵਿਸ਼ਾਲ ਸੰਸਾਰ ਨੂੰ ਹੁਣ ਗਲੋਬਲੀ ਪਿੰਡ ਦੀ ਸੰਗਿਆ ਦਿੱਤੀ ਜਾਣ ਲੱਗੀ ਹੈ।                                      

ਡਿਗਰੀ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੇ ਕਾਲੇ ਰੰਗ ਦੇ ਗਾਊਨ ਪਾਏ ਹੋਏ ਸਨ। ਕਈ ਸਾਲ ਪਹਿਲਾਂ ਸਾਨੂੰ ਵੀ ਅਜਿਹੇ ਗਾਊਨ ਪਾ ਕੇ ਹੀ ਡਿਗਰੀਆਂ ਮਿਲੀਆਂ ਸਨ। ਇਹ ਗੱਲ ਨਹੀਂ ਸਮਝ ਆਉਂਦੀ ਕਿ ਕਾਲੇ ਰੰਗ ਪਿੱਛੇ ਕੀ ਤਰਕ ਹੈ।ਸਾਰੇ ਵਿਦਿਆਰਥੀ ਤੇ ਉਨ੍ਹਾਂ ਦੇ ਨਾਲ ਆਏ ਰਿਸ਼ਤੇਦਾਰਾਂ ਨੂੰ ਹਾਲ ਵਿਚ ਬਿਠਾਉਣ ਉਪਰੰਤ ਡਿਗਰੀਆਂ ਦੀ ਵੰਡ ਦਾ ਸਿਲਸਿਲਾ ਸ਼ੁਰੂ ਹੋਇਆ। ਯੂਨੀਵਰਸਿਟੀ ਦੇ ਸਾਰੇ ਫੈਕਲਟੀ ਮੈਂਬਰ ਆਪਣੇ ਚੇਅਰਮੈਨ ਸਮੇਤ ਸਟੇਜ ਤੇ ਹਾਜ਼ਰ ਸਨ। ਗਰੈਜੂਏਟ ਤੇ ਮਾਸਟਰ ਡਿਗਰੀ ਅਨੁਸਾਰ ਡਿਗਰੀਆਂ ਪ੍ਰਾਪਤ ਕਰਨ ਸਮੇਂ ਵਿਦਿਆਰਥੀਆਂ ਦੇ ਚਿਹਰਿਆਂ ਤੋਂ ਮਿਹਨਤ ਵਰ ਆਉਣ ਦੀ ਖੁਸ਼ੀ ਸਾਫ ਝਲਕ ਰਹੀ ਸੀ। ਖੁਸ਼ੀ ਦੇ ਇਸ ਮੌਕੇ ਤੇ ਆਪਣਿਆਂ ਦੀ ਹਾਜ਼ਰੀ ਇਸ ਖੁਸ਼ੀ ਨੂੰ ਹੋਰ ਦੂਣ-ਸਵਾਇਆ ਕਰ ਰਹੀ ਸੀ। ਡਿਗਰੀ ਲੈ ਕੇ ਖੁਸ਼ੀ ਵਿਚ ਝੂੰਮਦੇ ਵਿਦਿਆਰਥੀ ਜਦੋਂ ਮਾਪਿਆਂ ਨਾਲ ਗਲਵੱਕੜੀ ਪਾ ਕੇ ਆਪਣੇ ਮਨ ਦੇ ਚਾਅ ਦਾ ਪ੍ਰਗਟਾਵਾ ਕਰਦੇ ਤਾਂ, ਬਹੁਤਿਆਂ ਦੀਆਂ ਅੱਖਾਂ ਵਿਚੋਂ ਖੁਸ਼ੀ ਦੇ ਹੰਝੂ ਵੀ ਆਪ-ਮੁਹਾਰੇ ਛਲਕਦੇ ਦੇਖੇ।  

ਅਸਲ ਸਥਿਤੀ ਇਹ ਹੈ ਕਿ ਬੱਚਿਆਂ ਦੀ ਇਸ ਖੁਸ਼ੀ ਪਿੱਛੇ ਬਹੁਤ ਸਖਤ ਮਿਹਨਤ, ਸਿਰੜ ਤੇ ਆਪਣਿਆਂ ਤੋਂ ਵਿਛੜਨ ਦੀ ਡੂੰਘੀ ਪੀੜ ਛਿਪੀ ਹੋਈ ਸੀ। ਆਪਣੇ ਦੇਸ਼ ਵਿਚ ਲੱਖਾਂ ਰੁਪਏ ਖਰਚ ਕੇ ਉੱਚ-ਡਿਗਰੀਆਂ ਪ੍ਰਾਪਤ ਕਰਨ ਤੇ ਵੀ ਜਦੋਂ ਕੋਈ ਢੰਗ ਦੀ ਨੌਕਰੀ ਨਹੀਂ ਮਿਲਦੀ ਤਾਂ ਮਜ਼ਬੂਰੀ ਵੱਸ ਵਿਦੇਸ਼ਾਂ ਦੀ ਖਾਕ ਛਾਨਣ ਲਈ ਮਜਬੂਰ ਹੋਣਾ ਪੈਂਦਾ ਹੈ। ਆਇਲਟਸ ਕਰਨ ਲਈ ਕੋਚਿੰਗ ਸੈਂਟਰਾਂ ਦੀਆਂ ਫੀਸਾਂ ਤੇ ਅਇਲਟਸ ਦੀ ਫੀਸ, ਜੇ ਇਕ ਵਾਰ ਸਫਲਤਾ ਨਾਂ ਮਿਲੇ ਤਾਂ ਕਈ-ਕਈ ਵਾਰ ਇਹ ਅੱਕ ਚੱਬਣਾ ਪੈਂਦਾ ਹੈ। ਸਫਲਤਾ ਮਿਲਣ ਉਪਰੰਤ, ਵੱਡੀਆਂ ਰਕਮਾਂ ਸ਼ੋ ਕਰਨ ਤੇ ਵਿਦੇਸ਼ਾਂ ਦੇ ਕਾਲਜਾਂ ਦੀਆਂ ਭਰਵੀਆਂ ਫੀਸਾਂ ਤੇ ਹੋਰ ਖਰਚਿਆਂ ਦਾ ਪ੍ਰਬੰਧ ਕਰਨ ਲਈ ਇੱਧਰ ਉੱਧਰ ਹੱਥ-ਪੱਲਾ ਮਾਰਿਆ ਜਾਂਦਾ ਹੈ। ਕੋਈ ਕਰਜ਼ਾ ਚੁੱਕਦਾ ਹੈ, ਕੋਈ ਕਿਸੇ ਰਿਸ਼ਤੇਦਾਰ ਦਾ ਮਿੰਨਤ–ਤਰਲਾ ਕਰਦਾ ਹੈ, ਕੋਈ ਪੜ੍ਹਾਈ ਸਬੰਧੀ ਲੋਨ ਲੈ ਕੇ ਸਾਰਦਾ ਹੈ। ਪਿੰਡਾਂ ਦੇ ਬਹੁਤੇ ਲੋਕ ਆੜਤੀਆਂ ਤੇ ਪ੍ਰਾਈਵੇਟ ਫਇਨੈਂਸਰਾਂ ਦੇ ਜਾਲ ਵਿਚ ਫਸ ਕੇ,ਮੁੰਡੇ/ਕੁੜੀ ਨੂੰ ਬਾਹਰ ਭੇਜਣ ਲਈ ਹਰ ਜੋਖਮ ਉਠਾਉਣ ਲਈ ਤਿਆਰ ਹੋ ਜਾਂਦੇ ਹਨ। ਜੇ ਸਾਰੇ ਕੰਮ ਸੁੱਖੀ-ਸਬੀਲੀਂ ਹੋ ਜਾਣ ਤਾਂ ਇਸ ਕੰਮ ਨੂੰ ਵੱਡੀ ਪ੍ਰਾਪਤੀ ਮੰਨਿਆਂ ਜਾਂਦਾ ਹੈ ਤੇ ਮਾਪੇ ਸੁਰਖ਼ਰੂ ਹੋ ਜਾਂਦੇ ਹਨ। ਪਰ ਅਸਲੀਅਤ ਇਹ ਹੈ ਕਿ ਬੱਚੇ ਦਾ ਅਸਲੀ ਇਮਤਿਹਾਨ ਇੱਥੇ ਆ ਕੇ ਹੀ ਆਰੰਭ ਹੁੰਦਾ ਹੈ। ਜਿਹੜਾ ਬਿਨਾਂ ਘਬਰਾਇਆਂ ਤੇ ਡੋਲਿਆਂ, ਸਾਰੇ ਹਾਲਾਤ ਦਾ ਹਿੰਮਤ ਨਾਲ ਮੁਕਾਬਲਾ ਕਰ ਲੈਂਦਾ ਹੈ, ਉਹ ਸਫਲ ਹੋਣ ਦੀ ਪਹਿਲੀ ਪੌੜੀ ਪਾਰ ਕਰ ਲੈਂਦਾ ਹੈ। 

ਵਿਦਿਆਰਥੀ ਨੂੰ ਪੜ੍ਹਾਈ ਦੇ ਨਾਲ-ਨਾਲ ਕੇਵਲ ਵੀਹ ਘੰਟੇ ਹਰ ਹਫਤੇ ਕੰਮ ਕਰਨ ਦੀ ਖੁੱਲ੍ਹ ਹੁੰਦੀ ਹੈ ਪਰ ਫੀਸਾਂ, ਕਮਰੇ ਦਾ ਕਿਰਾਇਆ, ਰੋਟੀ-ਪਾਣੀ ਲਈ ਖਰਚਾ, ਆਉਣ-ਜਾਣ ਲਈ ਕਿਰਾਇਆ,ਮੋਬਾਈਲ ਦਾ ਖਰਚਾ, ਪੜ੍ਹਾਈ ਨਾਲ ਸਬੰਧਿਤ ਖਰਚੇ ਤੇ ਜ਼ਿੰਦਗੀ ਜਿਊਣ ਲਈ ਅਨੇਕਾਂ ਹੋਰ ਖਰਚਿਆਂ ਨੂੰ ਇਨ੍ਹਾਂ ਵੀਹ ਘੰਟਿਆਂ ਨਾਲ ਪੂਰਾ ਕਰਨਾ ਬਹੁਤ ਔਖਾ ਹੈ। ਇਸ ਸੰਕਟ ਦਾ ਮੁਕਾਬਲਾ ਕਰਨ ਲਈ ਬਹੁਤੇ ਵਿਦਿਆਰਥੀ ਕਈ ਕਈ ਘੰਟੇ ਕੰਮ ਕਰਨ ਲਈ ਮਜਬੂਰ ਹੁੰਦੇ ਹਨ। ਦੋ ਜਾਂ ਤਿੰਨ ਦਿਨ ਕਲਾਸਾਂ ਵੀ ਲਾਉਣੀਆਂ ਜ਼ਰੂਰੀ ਹਨ। ਪੜ੍ਹਨ ਲਈ ਵੀ ਸਮਾਂ ਕੱਢਣਾ ਪੈਂਦਾ ਹੈ, ਕਿਉਂਕਿ ਪੜ੍ਹਾਈ ਨਿਰਵਿਘਨ ਮੁਕੰਮਲ ਹੋਣ ਨਾਲ ਹੀ ਹਰ ਵਿਦਿਆਰਥੀ ਦਾ ਭਵਿੱਖ ਜੁੜਿਆ ਹਇਆ ਹੈ। ਸਖ਼ਤ ਮਿਹਨਤ, ਲਗਨ ਤੇ ਦ੍ਰਿੜਤਾ ਦਾ ਪੱਲਾ ਫੜ੍ਹ ਕੇ ਹੀ, ਇੱਥੇ ਪੈਰ ਜਮਾਉਣ ਦਾ ਹੀਲਾ ਕਰਨ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ ਹੈ। ਜਿਨ੍ਹਾਂ ਬੱਚਿਆਂ ਨੇ ਆਪਣੇ ਘਰਾਂ ਵਿਚ ਕਦੇ ਕਿਸੇ ਕੰਮ ਨੂੰ ਹੱਥ ਨਹੀਂ ਲਾਇਆ ਹੁੰਦਾ, ਕੋਈ ਕਸ਼ਟ ਪ੍ਰੇਸ਼ਾਨੀ ਜਾਂ ਬੇਅਰਾਮੀ ਨਹੀਂ ਝੱਲੀ ਹੁੰਦੀ, ਉਹ ਵੀ ਹੌਲੀ-ਹੌਲੀ, ਖੂਹ ਜੁੜੇ ਢੱਗੇ ਵਾਂਗ ਇਥੋਂ ਦੀ ਜੀਵਨ-ਜਾਚ ਦਾ ਹਿੱਸਾ ਬਣ ਜਾਂਦੇ ਹਨ। ਕਰਜ਼ਾ ਚੁੱਕ ਕੇ ਜਾਣ ਵਾਲਿਆਂ ਨੂੰ ਤਾਂ, ਕਰਜ਼ੇ ਦਾ ਵਿਆਜ ਜਾਂ ਕਿਸ਼ਤਾਂ ਮੋੜਨ ਦੀ ਕਾਹਲ ਵੀ ਮਨ ਵਿਚ ਕਈ ਤਰ੍ਹਾਂ ਦੇ ਖੌਰੂ ਪਾਉਂਦੀ ਰਹਿੰਦੀ ਹੈ। ਸੱਚੀ ਗੱਲ ਇਹ ਹੈ ਕਿ ਇੱਥੇ ਜ਼ਿੰਦਗੀ ਏਨੀ ਸਹਿਜ ਨਹੀਂ ਹੈ। ਸਖਤ ਘਾਲਣਾ ਤੇ ਵਰ੍ਹਿਆਂ ਲੰਮੀ ਉਡੀਕ ਤੋਂ ਬਾਅਦ ਹੀ ਕਿਤੇ ਖੁਸ਼ੀ ਦੇ ਪਲ ਹਾਸਲ ਹੁੰਦੇ ਹਨ।                                                

ਸਾਡੇ ਲਈ ਇਹ ਬਹੁਤ ਤਸੱਲੀ ਤੇ ਖੁਸ਼ੀ ਵਾਲੀ ਗੱਲ ਸੀ ਕਿ ਰਵਲੀਨ ਨੇ ਇੱਥੋਂ ਦੀਆਂ ਦੁਸ਼ਵਾਰੀਆਂ ਦਾ ਮੁਕਾਬਲਾ ਕਰਨ ਲਈ, ਕਿਸੇ ਵੀਰਾਂਗਣਾਂ ਵਾਂਗ ਪੂਰੇ ਆਤਮ-ਵਿਸ਼ਵਾਸ਼ ਨਾਲ ਮਿਹਨਤ ਤੇ ਸਿਰੜ ਦਾ ਪੱਲਾ ਘੁੱਟ ਕੇ ਫੜੀ ਰੱਖਿਆ। ਆਪਣੇ ਸੁੱਖ ਆਰਾਮ ਤੇ ਮਨ ਦੇ ਕਈ ਅਮੋੜ ਵਲਵਲਿਆਂ ਨੂੰ ਮਾਰ ਕੇ ਉਸ ਨੇ ਆਪਣੇ ਪੈਰਾਂ ਤੇ ਖੜੇ ਹੋਣ ਲਈ ਸਖਤ ਮਿਹਨਤ ਦਾ ਰਾਹ ਅਪਣਾਈ ਰੱਖਿਆ। ਸਾਡੇ ਨਾਲ ਇਨ੍ਹਾਂ ਤਕਲੀਫਾਂ ਬਾਰੇ ਉਸ ਨੇ ਕਦੇ ਜ਼ਿਕਰ ਤੱਕ ਵੀ ਨਹੀਂ ਕੀਤਾ ਸੀ। ਹੁਣ ਉਸ ਨੂੰ ਅੱਖੀਂ ਮਿਹਨਤ ਕਰਦਿਆਂ ਦੇਖ ਕੇ ਤੇ ਉਸ ਦੀਆਂ ਗੱਲਾਂ ਸੁਣ ਕੇ ਸਾਡਾ ਸਿਰ ਮਾਣ ਨਾਲ ਹੋਰ ਉੱਚਾ ਹੋ ਗਿਆ। ਬਹੁਤੇ ਬੱਚੇ ਮਿਹਨਤ ਦੇ ਬੱਲਬੂਤੇ ਹੀ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਹਨ। ਇਸ ਤੋਂ ਬਿਨਾਂ ਕੋਈ ਹੋਰ ਕੋਈ ਚਾਰਾ ਵੀ ਨਹੀਂ ਹੈ। ਕਈ ਵਾਰ ਸਾਡੀਆਂ ਕੁੜੀਆਂ ਭਾਰੀਆਂ ਫੀਸਾਂ ਤੇ ਹੋਰ ਖਰਚਿਆਂ ਦਾ ਬੋਝ ਨਾਂ ਝੱਲ ਸਕਣ ਦੀ ਮਜਬੂਰੀ ਵਿਚ, ਅਜਿਹੇ ਮੁੰਡਿਆਂ ਨਾਲ ਸਬੰਧ ਜੋੜ ਲੈਂਦੀਆਂ ਹਨ ਜਿਹੜੇ ਪੀਆਰ ਦੇ ਲਾਲਚ ਵਿਚ ਕੁੜੀ ਦਾ ਸਾਰਾ ਖਰਚਾ ਚੁੱਕਣ ਲਈ ਤਿਆਰ ਹੋ ਜਾਂਦੇ ਹਨ। ਕੁੜੀਆਂ ਨੂੰ ਵੀ ਲੱਗਦਾ ਹੈ ਕਿ ਪੈਸੇ ਲਈ ਬਹੁਤੀ ਜਾਨ ਨਹੀਂ ਮਾਰਨੀ ਪਏਗੀ। ਇਹ ਇਕ ਤਰ੍ਹਾਂ ਨਾਲ ਆਰਜ਼ੀ ਵਿਆਹ ਹੀ ਹੁੰਦਾ ਹੈ। ਪਰ ਇਸ ਦੇ ਸਿੱਟੇ ਬਹੁਤ ਮਾੜੇ ਨਿਕਲਦੇ ਹਨ। ਦੋਵੇਂ ਇਕ ਦੂਜੇ ਨੂੰ ਬਲੈਕ-ਮੇਲ ਕਰਦੇ ਹਨ। ਕੁੜੀਆਂ ਲਈ ਤਾਂ ਇਹ ਸਥਿਤੀ ਬਹੁਤ ਹੀ ਦੁਖਦਾਈ ਹੁੰਦੀ ਹੈ। ਮੁੰਡੇ, ਕੁੜੀਆਂ ਨੂੰ ਬਦਨਾਮ ਕਰਨ ਦੇ ਨਾਂ ਤੇ, ਉਨ੍ਹਾਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਕਰਦੇ ਹਨ। ਜੇ ਵਿਆਹ ਕਰਾਉਣਾ ਹੀ ਹੋਵੇ ਤਾਂ ਪੱਕਾ ਹੀ ਕਰਾ ਲੈਣਾ ਚਾਹੀਦਾ ਹੈ, ਤਾਂ ਕਿ ਇਕ ਦੂਜੇ ਦੀ ਸਾਂਝ ਨਾਲ ਰਸਤੇ ਦੀਆਂ ਮੁਸੀਬਤਾਂ ਨੂੰ ਹੱਲ ਕੀਤਾ ਜਾ ਸਕੇ। ਅਸਲ ਗੱਲ ਤਾਂ ਇਹ ਹੈ ਕਿ ਜੇ ਕੁੜੀਆਂ ਸੂਝ-ਸਮਝ, ਹੌਸਲੇ ਤੇ ਗੈਰਤ ਨਾਲ ਵਿਚਰਨ ਦੇ ਰਾਹ ਤੁਰ ਪੈਣ ਤਾਂ ਕੋਈ ਉਨ੍ਹਾਂ ਦੀ ਹਵਾ ਵੱਲ ਵੀ ਨਹੀਂ ਝਾਕ ਸਕਦਾ। ਆਪੇ ਫਾਥੜੀਏ ਤੈਨੂੰ ਕੌਣ ਛੁਡਾਏ ਦੇ ਅਖਾਣ ਅਨੁਸਾਰ ਜਿਹੜੀਆਂ ਕੁੜੀਆ ‘ਸ਼ਾਰਟ ਕੱਟ‘’ ਰਾਹ ਅਪਣਾ ਕੇ ਸੌਖੀ ਸਫਲਤਾ ਪ੍ਰਾਪਤ ਕਰਨ ਬਾਰੇ ਸੋਚ ਲੈਂਦੀਆਂ ਹਨ, ਉਨ੍ਹਾਂ ਨੂੰ ਬਹੁਤ ਲੰਮੀਆਂ ਵਾਟਾਂ ਵਿਚੋਂ ਗੁਜ਼ਰਨਾ ਪੈਂਦਾ ਹੈ। ਉਂਝ ਇਸ ਦੇਸ਼ ਵਿਚ ਕਿਸੇ ਦੀ ਕੋਈ ਮਜਾਲ ਨਹੀਂ ਕਿ ਤੁਹਾਡੀ ਹਵਾ ਵੱਲ ਵੀ ਕੋਈ ਤੱਕ ਜਾਵੇ, ਬਸ਼ਰਤੇ ਤੁਹਾਡੇ ਆਪਣੇ ਵਿਚ ਕੋਈ ਦਮ-ਖਮ ਹੋਵੇ।                                                                                                 

ਡਿਗਰੀ ਪ੍ਰਾਪਤ ਕਰਕੇ ਵੀ ਲੰਮੇ ਪੜਅ ਦਾ ਇਕ ਛੋਟਾ ਜਿਹਾ ਹਿੱਸਾ ਪੂਰਾ ਹੁੰਦਾ ਹੈ। ਅਜੇ ਬਿਖੜੇ ਪੈਂਡੇ ਵਾਲਾ ਬਹੁਤ ਲੰਮਾ ਸਫਰ ਅੱਗੇ ਹੁੰਦਾ ਹੈ। ਟੀਆਰ/ਪੀਆਰ ਦੀਆਂ ਔਖੀਆਂ ਘਾਟੀਆਂ, ਸਥਾਪਿਤ ਹੋਣ ਲਈ ਪ੍ਰੋਫੈਸ਼ਨਲ ਕੋਰਸ, ਪੀਈਟੀ ਤੇ ਪਹਿਲਾਂ ਨਾਲੋਂ ਕੋਈ ਚੰਗੀ ਜੌਬ ਲੱਭਣ ਦੇ ਸਿਲਸਿਲੇ ਵਿਚ ਬੰਦਾ ਭਟਕਣ ਦਾ ਸ਼ਿਕਾਰ ਹੋਇਆ ਰਹਿੰਦਾ ਹੈ। ਇਹ ਦੇਸ਼ ਇਕ ਤਰ੍ਹਾਂ ਨਾਲ ਵਿਦਿਆਰਥੀਆਂ ਦੀ ਅੰਨ੍ਹੀ ਲੁੱਟ ਕਰਦੇ ਹਨ। ਭਾਰੀਆਂ ਫੀਸਾਂ ਦੇ ਕੇ ਡਿਗਰੀ ਪ੍ਰਾਪਤ ਕਰਨ ਉਪਰੰਤ ਵੀ ਵਿਦਿਆਰਥੀਆਂ ਤੋਂ ਕਈ ਗੱਲਾਂ ਦੇ ਨਾਂ ਤੇ ਹਜ਼ਾਰਾਂ ਡਾਲਰ ਬਟੋਰ ਲਏ ਜਾਂਦੇ ਹਨ। ਦੂਹਰੀਆਂ ਡਿਊਟੀਆਂ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਹੁੰਦਾ। ਇੰਝ ਹੀ ਜ਼ਿੰਦਗੀ ਦੀ ਤੋਰ ਤੁਰਦੀ ਰਹਿੰਦੀ ਹੈ। ਔਖੇ ਹੋਣ ਦੇ ਬਾਵਜੂਦ ਕੋਈ ਪਿੱਛੇ ਵੱਲ ਮੁੜਨ ਲਈ ਤਿਆਰ ਨਹੀਂ ਹੁੰਦਾ। ਹਰ ਕੋਈ ਸੋਚਦਾ ਹੈ ਕਿ ਆਪਣੇ ਦੇਸ਼ ਦੇ ਉਲਟ, ਇੱਥੇ ਮਿਹਨਤ ਦਾ ਮੁੱਲ ਤਾਂ ਪੈਂਦਾ ਹੈ। ਇਸ ਕਾਰਨ ਹੀ ਵਿਦੇਸ਼ ਆਉਣ ਦੀ ਹੋੜ ਲੱਗੀ ਹੋਈ ਹੈ। ਏਜੰਟਾਂ ਦੀ ਲੁੱਟ ਅਤੇ ਭਿਆਨਕ ਹਾਦਸਿਆਂ ਦੇ ਬਾਵਜੂਦ ਵੀ ਪੰਜਾਬ ਦਾ ਹਰ ਨੌਜਵਾਨ ਹੀ ਬਾਹਰਲੇ ਦੇਸ਼ ਜਾਣ ਦਾ ਖਤਰਾ ਸਹੇੜਨ ਲਈ ਤਿਆਰ ਬੈਠਾ ਹੈ। ਇੱਥੇ ਆਏ ਹਜ਼ਾਰਾਂ ਨੌਜਵਾਨ ਰੋਜ਼ੀ-ਰੋਟੀ ਦੇ ਮਸਲਿਆਂ ਨਾਲ ਜੂਝਦੇ-ਜੂਝਦੇ ਆਖਰ ਇੱਥੋਂ ਦੇ ਹੀ ਹੋ ਕੇ ਰਹਿ ਜਾਂਦੇ ਹਨ। ਇੱਥੇ ਜਨਮੇ ਬੱਚਿਆਂ ਦਾ ਤਾਂ ਆਪਣੀ ਮਿੱਟੀ ਨਾਲ ਮੋਹ ਦਾ ਨਾਤਾ ਇਕ ਤਰ੍ਹਾਂ ਟੁੱਟ ਹੀ ਜਾਂਦਾ ਹੈ। ਇੱਧਰ ਆਏ ਬਹੁਤੇ ਪਰਵਾਸੀ ਹੁਣ ਪਿਛਲੀਆਂ ਜ਼ਮੀਨਾਂ-ਜਾਇਦਾਦਾਂ ਵੇਚੀ ਜਾਂਦੇ ਹਨ ਤੇ ਪੰਜਾਬ ਨਾਲੋਂ ਆਪਣਾ ਨਾਤਾ ਹੀ ਤੋੜੀ ਜਾਂਦੇ ਹਨ। ਕਦੇ ਸਮਾਂ ਸੀ ਲੋਕ ਵਿਦੇਸ਼ਾਂ ਵਿਚ ਕਮਾਏ ਪੈਸੇ ਨਾਲ ਜ਼ਮੀਨਾਂ/ਜਾਇਦਾਦ ਖਰੀਦ ਕੇ ਸਮਾਜ ਵਿਚ ਆਪਣਾ ਨਾਂ ਥਾਂ ਉੱਚਾ ਕਰਨ ਦੀ ਸੋਚਦੇ ਸਨ। ਜਿਨ੍ਹਾਂ ਨੇ ਮਿਹਨਤਾਂ ਕਰਕੇ ਜਾਇਦਾਦ ਬਣਾਈ ਹੋਵੇ, ਉਹ ਕਦੇ ਜ਼ਮੀਨ ਵੇਚਣ ਬਾਰੇ ਸੋਚ ਵੀ ਨਹੀਂ ਸਕਦੇ। ਬਹੁਤੇ ਮਾਪੇ ਇਹ ਸੋਚ ਕੇ ਵੇਚੀ ਜਾਂਦੇ ਹਨ ਕਿ ਇੱਥੇ ਤਾਂ ਕਿਸੇ ਨੇ ਰਹਿਣਾ ਹੀ ਨਹੀਂ, ਤੇ ਆਖਰ ਨਵੀਂ ਪੀੜ੍ਹੀ ਨੇ ਜ਼ਮੀਨ/ਜਾਇਦਾਦ ਇਕ ਦਿਨ ਵੇਚਣੀ ਹੀ ਵੇਚਣੀ ਹੈ। ਇਸ ਤਰ੍ਹਾਂ ਪੰਜਾਬ ਦੇ ਬਹੁਤੇ ਪਿੰਡ ਅੰਦਰੋਂ ਵਿਰਾਨ ਹੁੰਦੇ ਜਾ ਰਹੇ ਹਨ ਤੇ ਜ਼ਮੀਨਾਂ ਵਿੱਕਰੀ ਲਈ ਲੱਗੀਆਂ ਹੋਈਆਂ ਹਨ। ਖੇਤੀ ਵੀ ਲਾਹੇਵੰਦ ਧੰਦਾ ਨਾਂ ਰਹੀ ਹੋਣ ਕਾਰਨ ਬਹੁਤੇ ਲੋਕ ਇਸ ਤੋਂ ਕਿਨਾਰਾ ਕਰਨ ਲਈ ਮਜਬੂਰ ਹਨ। ਨੌਕਰੀਆਂ ਦੇ ਦਰਵਾਜ਼ੇ ਸਰਕਾਰਾਂ ਨੇ ਬੰਦ ਕਰ ਦਿੱਤੇ ਹਨ। ਫਿਰ ਜ਼ਿੰਦਗੀ ਜਿਊਣ ਲਈ ਕੋਈ ਤਾਂ ਚਾਰਾ ਕਰਨਾ ਹੀ ਪਊ। ਪੰਜਾਬੀ ਮਾਨਸਿਕਤਾ ਕੁਝ ਅਜਿਹੀ ਬਣੀ ਹੋਈ ਹੈ ਕਿ ਪੱਲੇ ਭਾਵੇਂ ਕੁਝ ਨਾਂ ਵੀ ਹੋਵੇ ਪਰ ਆਪਣੀ ਟੈਂਅ ਪੂਰੀ ਕਾਇਮ ਰੱਖਣੀ ਹੈ। ਇਸ ਕਾਰਨ ਹੀ ਆਪਣੇ ਦੇਸ਼ ਵਿਚ ਨੌਜਵਾਨ ਇਹ ਸੋਚ ਕੇ ਕੋਈ ਕੰਮ ਨਹੀਂ ਕਰਦੇ ਕਿ ਲੋਕ ਕੀ ਕਹਿਣਗੇ। ਹਾਲਾਂਕਿ ਕੋਈ ਵੀ ਕੰਮ ਚੰਗਾ/ਮਾੜਾ ਨਹੀਂ ਹੁੰਦਾ। ਮਾੜੇ ਕਹੇ ਜਾਣ ਵਾਲੇ ਕੰਮ ਕਰਨ ਵਾਲੇ ਵੀ ਤਾਂ ਆਖਰ ਇਨਸਾਨ ਹੀ ਹੁੰਦੇ ਹਨ। ਵਿਦੇਸ਼ਾਂ ਵਿਚ ਆ ਕੇ ਇਹੀ ਨੌਜਵਾਨ ਰੋਜ਼ੀ-ਰੋਟੀ ਦੇ ਝਮੇਲਿਆਂ ਵਿਚ ਫਸੇ ਹਰ ਚੰਗਾ/ਮਾੜਾ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ।                                                  

(ਲੇਖਕ ਨਾਲ ਇਸ 9815356086 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।)