ਧਨਤੇਰਸ ਮੌਕੇ ਅੰਮ੍ਰਿਤਸਰ ਦੇ ਬਾਜ਼ਾਰਾਂ ’ਚ ਰੌਣਕ, ਤਨਿਸ਼ਕ ਸ਼ੋਅਰੂਮ ’ਚ ਖਰੀਦਦਾਰੀ ਲਈ ਲੱਗੀ ਭੀੜ

0
3

ਅੰਮ੍ਰਿਤਸਰ: ਧਨਤੇਰਸ ਦੇ ਤਿਉਹਾਰ ਮੌਕੇ ਅੰਮ੍ਰਿਤਸਰ ਦੇ ਬਾਜ਼ਾਰਾਂ ਵਿੱਚ ਖੂਬ ਰੌਣਕ ਦੇਖਣ ਨੂੰ ਮਿਲ ਰਹੀ ਹੈ। ਸੋਨਾ, ਚਾਂਦੀ ਅਤੇ ਨਵੇਂ ਭਾਂਡੇ ਖਰੀਦਣ ਦੀ ਸਦੀਆਂ ਪੁਰਾਣੀ ਪਰੰਪਰਾ ਦੇ ਚਲਦਿਆਂ ਲੋਕ ਵੱਡੀ ਗਿਣਤੀ ਵਿੱਚ ਖਰੀਦਦਾਰੀ ਲਈ ਪਹੁੰਚ ਰਹੇ ਹਨ। ਖ਼ਾਸ ਕਰਕੇ ਗਹਿਣਿਆਂ ਦੇ ਸ਼ੋਅਰੂਮਾਂ ਵਿੱਚ ਗਾਹਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਨਿਊ ਅੰਮ੍ਰਿਤਸਰ ਦੇ ਸਾਹਮਣੇ ਜੀ.ਟੀ. ਰੋਡ ਸਥਿਤ ਤਨਿਸ਼ਕ ਸ਼ੋਅਰੂਮ ਸਮੇਤ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਵੀ ਖਰੀਦਦਾਰਾਂ ਦਾ ਉਤਸ਼ਾਹ ਦੇਖਣਯੋਗ ਹੈ।

ਧਨਤੇਰਸ ਮੌਕੇ ਖਰੀਦਦਾਰੀ ਕਰਨ ਪਹੁੰਚੀ ਸੋਨੀਆ ਕਪੂਰ ਨੇ ਦੱਸਿਆ ਕਿ ਇਹ ਸਦੀਆਂ ਪੁਰਾਣੀ ਪਰੰਪਰਾ ਹੈ, ਜੋ ਪੀੜ੍ਹੀ-ਦਰ-ਪੀੜ੍ਹੀ ਚੱਲਦੀ ਆ ਰਹੀ ਹੈ। ਵੱਡੇ-ਵਡੇਰਿਆਂ ਦੀ ਸਿੱਖਿਆ ਅਨੁਸਾਰ ਇਸ ਦਿਨ ਸੋਨਾ, ਚਾਂਦੀ ਜਾਂ ਨਵੇਂ ਭਾਂਡੇ ਘਰ ਲਿਆਉਣਾ ਸ਼ੁਭ ਮੰਨਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਰਾਤ ਨੂੰ ਇਨ੍ਹਾਂ ਨਵੀਆਂ ਵਸਤਾਂ ਦੀ ਰੀਤੀ-ਰਿਵਾਜਾਂ ਅਨੁਸਾਰ ਪੂਜਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਧਨਤੇਰਸ ਮੌਕੇ ਝਾੜੂ ਖਰੀਦਣ ਦਾ ਵੀ ਵਿਸ਼ੇਸ਼ ਮਹੱਤਵ ਹੈ। ਇਸ ਨੂੰ ਘਰ ਵਿੱਚੋਂ ਗ਼ਰੀਬੀ ਦੂਰ ਕਰਨ ਅਤੇ ਮਾਤਾ ਲਕਸ਼ਮੀ ਦੇ ਆਗਮਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਉੱਥੇ ਹੀ ਸ਼ੋਅਰੂਮ ਵਿੱਚ ਖਰੀਦਦਾਰੀ ਕਰਨ ਪਹੁੰਚੀ ਡਾ. ਸ਼ੀਤਲ ਸ਼ਰਮਾ ਨੇ ਦੱਸਿਆ ਕਿ ਧਨਤੇਰਸ ਮੌਕੇ ਔਰਤਾਂ ਵਿੱਚ ਖਰੀਦਦਾਰੀ ਨੂੰ ਲੈ ਕੇ ਖ਼ਾਸ ਉਤਸ਼ਾਹ ਰਹਿੰਦਾ ਹੈ। ਤਿਉਹਾਰ ਮੌਕੇ ਮਿਲ ਰਹੀ ਛੋਟ ਦਾ ਲਾਭ ਲੈਂਦਿਆਂ ਉਹ ਆਪਣੇ ਲਈ ਸੋਨੇ ਦੇ ਕੰਗਣ ਖਰੀਦਣ ਆਏ ਹਨ। ਗਾਹਕ ਪੂਜਾ ਸ਼ਰਮਾ ਨੇ ਕਿਹਾ ਕਿ ਧਨਤੇਰਸ ਅਜਿਹਾ ਖ਼ਾਸ ਦਿਨ ਹੈ, ਜਦੋਂ ਹਰ ਪਰਿਵਾਰ ਆਪਣੀ ਸਮਰੱਥਾ ਮੁਤਾਬਕ ਘਰ ਵਿੱਚ ਕੋਈ ਨਾ ਕੋਈ ਨਵੀਂ ਚੀਜ਼ ਲਿਆਉਂਦਾ ਹੈ। ਬਾਜ਼ਾਰਾਂ ਵਿੱਚ ਲੋਕ ਸੋਨੇ ਦੀਆਂ ਚੇਨਾਂ, ਵਾਲੀਆਂ, ਮੁੰਦਰੀਆਂ ਅਤੇ ਨਵੇਂ ਡਿਜ਼ਾਈਨਾਂ ਦੇ ਗਹਿਣੇ ਖਰੀਦਦੇ ਦਿਖਾਈ ਦਿੱਤੇ।

ਪੂਜਾ ਸ਼ਰਮਾ ਨੇ ਦੱਸਿਆ ਕਿ ਧਨਤੇਰਸ ਮੌਕੇ ਖਰੀਦੀਆਂ ਗਈਆਂ ਵਸਤਾਂ ਦੀ ਰਾਤ ਨੂੰ ਪੂਰੀ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਇਸ ਨਾਲ ਘਰ ਵਿੱਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਿਰਫ਼ ਖਰੀਦਦਾਰੀ ਤੱਕ ਸੀਮਤ ਨਹੀਂ, ਸਗੋਂ ਆਪਣੀ ਸੰਸਕ੍ਰਿਤੀ ਅਤੇ ਆਸਥਾ ਨਾਲ ਜੁੜੇ ਰਹਿਣ ਦਾ ਵੀ ਮੌਕਾ ਹੈ।

ਜੀ.ਟੀ. ਰੋਡ ਸਥਿਤ ਤਨਿਸ਼ਕ ਸ਼ੋਅਰੂਮ ਦੇ ਪ੍ਰਤੀਨਿਧੀ ਸ਼ੌਰਿਆ ਨੇ ਦੱਸਿਆ ਕਿ ਇਸ ਵਾਰ ਧਨਤੇਰਸ ਨੂੰ ਲੈ ਕੇ ਗਾਹਕਾਂ ਵਿੱਚ ਕਾਫ਼ੀ ਉਤਸ਼ਾਹ ਹੈ। ਗਾਹਕਾਂ ਦੀ ਸਹੂਲਤ ਲਈ ਸ਼ੋਅਰੂਮ ਵਿੱਚ ਕੈਰੇਟ ਮੀਟਰ ਦੀ ਵਿਵਸਥਾ ਕੀਤੀ ਗਈ ਹੈ, ਜਿਸ ਰਾਹੀਂ ਪੁਰਾਣੇ ਸੋਨੇ ਦੀ ਸ਼ੁੱਧਤਾ ਦੀ ਮੁਫ਼ਤ ਜਾਂਚ ਕਰਵਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਗਹਿਣਿਆਂ ਦੀ ਮੁਫ਼ਤ ਸਫ਼ਾਈ ਅਤੇ ਪਾਲਿਸ਼ਿੰਗ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਤਿਉਹਾਰੀ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ੇਸ਼ ਛੋਟ, ਐਕਸਚੇਂਜ ਆਫ਼ਰ ਅਤੇ ਮੇਕਿੰਗ ਚਾਰਜ ਵਿੱਚ ਛੋਟ ਦੀਆਂ ਸਕੀਮਾਂ ਵੀ ਪੇਸ਼ ਕੀਤੀਆਂ ਗਈਆਂ ਹਨ।

ਸ਼ੋਅਰੂਮ ਦੇ ਕਰਮਚਾਰੀਆਂ ਮੁਤਾਬਕ ਧਨਤੇਰਸ ਦੀਆਂ ਤਿਆਰੀਆਂ ਲਗਭਗ ਇੱਕ ਮਹੀਨਾ ਪਹਿਲਾਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਕਈ ਗਾਹਕ ਪਹਿਲਾਂ ਹੀ ਆਪਣੀ ਪਸੰਦ ਦੇ ਗਹਿਣੇ ਬੁੱਕ ਕਰਵਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਟਾਟਾ ਗਰੁੱਪ ਦੇ ਭਰੋਸੇ ਅਤੇ ਸ਼ੁੱਧਤਾ ਦੀ ਗਾਰੰਟੀ ਕਾਰਨ ਗਾਹਕ ਸ਼ੋਅਰੂਮ ਵਿੱਚ ਪੂਰੇ ਵਿਸ਼ਵਾਸ ਨਾਲ ਖਰੀਦਦਾਰੀ ਕਰਨ ਪਹੁੰਚ ਰਹੇ ਹਨ। ਉਨ੍ਹਾਂ ਉਮੀਦ ਜਤਾਈ ਕਿ ਧਨਤੇਰਸ ਤੋਂ ਬਾਅਦ ਰੂਪ ਚੌਦਸ ਅਤੇ ਦੀਵਾਲੀ ਤੱਕ ਵੀ ਬਾਜ਼ਾਰਾਂ ਵਿੱਚ ਇਸੇ ਤਰ੍ਹਾਂ ਰੌਣਕ ਬਣੀ ਰਹੇਗੀ।